ਵਿਦਿਆਰਥੀਆਂ ਨੂੰ ਸਫ਼ਲਤਾ ਦੇ ਗੁਰ ਦੱਸੇ
ਖੰਨਾ: ਇੱਥੋਂ ਦੇ ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਵਿੱਚ ਵਿਦਿਆਰਥੀਆਂ ਨੂੰ ਸਫ਼ਲ ਵਿਅਕਤੀ ਬਨਣ ਅਤੇ ਤਰੱਕੀ ਦੇ ਰਸਤਿਆਂ ਨੂੰ ਲੱਭਣ ਦੇ ਤਰੀਕੇ ਸਮਝਾਉਣ ਦੇ ਮੰਤਵ ਨਾਲ ਸੈਮੀਨਾਰ ਕਰਵਾਇਆ ਗਿਆ। ਇਸ ਦੌਰਾਨ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਿੱਖਿਆ ਸ਼ਾਸਤਰੀ ਏ.ਕੇ. ਸ਼ਰਮਾ, ਆਵਿਸ ਅੰਬਰ ਅਤੇ ਸੰਦੀਪ ਸੁਮਨ ਨੇ ਵਿਸ਼ਵ ਪੱਧਰ ’ਤੇ ਮਸ਼ਹੂਰ ਸ਼ਖ਼ਸੀਅਤਾਂ ਦੀ ਜ਼ਿੰਦਗੀ ਸਬੰਧੀ ਜਾਣਕਾਰੀ, ਪ੍ਰੇਰਣਾਦਾਇਕ ਫਿਲਮ ਕਲਿੱਪ, ਸੱਚੀਆਂ ਕਹਾਣੀਆਂ ਅਤੇ ਕੇਸ ਸਟੱਡੀ ਨਾਲ ਵਿਦਿਆਰਥੀਆਂ ਨਾਲ ਵਡਮੁੱਲੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਪੜ੍ਹਾਈ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਸਮਾਜ ਵਿੱਚ ਆਪਣੀ ਵੱਖਰੀ ਪਛਾਣ ਬਣਾਉਣ ਅਤੇ ਲੋਕਾਂ ਵਿੱਚ ਆਪਣਾ ਨਾਂ ਬਣਾਉਣ ਨੂੰ ਸਮੇਂ ਦੀ ਲੋੜ ਦੱਸਿਆ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਵਿਅਕਤੀਗਤ ਵਿਕਾਸ, ਆਤਮ ਵਿਸ਼ਵਾਸ ਵਧਾਉਣ, ਇੰਟਰਵਿਊ ਦੇਣ ਦੇ ਸਫ਼ਲ ਤਰੀਕੇ, ਸਹੀ ਸਰੀਰਕ ਭਾਸ਼ਾ ਦੇ ਸਫ਼ਲ ਤਰੀਕੇ ਸਮਝਾਏ। ਕਾਲਜ ਐਗਜ਼ੀਕਿਊਟਿਵ ਗੁਰਕੀਰਤ ਸਿੰਘ ਨੇ ਕਿਹਾ ਕਿ ਜ਼ਿੰਦਗੀ ’ਚ ਕੋਈ ਸ਼ਾਰਟਕੱਟ ਨਹੀਂ ਹੈ, ਇਸ ਲਈ ਸਖਤ ਮਿਹਨਤ ਕਰਨੀ ਪੈਂਦੀ ਹੈ। -ਨਿੱਜੀ ਪੱਤਰ ਪ੍ਰੇਰਕ