ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੈਨੂੰ ਦੱਸ ਜਾ ਟਿਕਾਣਾ ਡੋਲੀ ਵਾਲੀਏ...

09:06 AM Oct 28, 2023 IST

ਹਰਦਿਆਲ ਸਿੰਘ ਥੂਹੀ

ਤੂੰਬੇ ਅਲਗੋਜ਼ੇ ਦੀ ਗਾਇਕੀ ਵਿਚ ਬਤੌਰ ਤੂੰਬਾ ਵਾਦਕ ਪ੍ਰਸਿੱਧੀ ਪ੍ਰਾਪਤ ਕਰਨ ਵਾਲੇ ਅਨੇਕਾਂ ਪਾਛੂ ਰਾਗੀ ਹੋਏ ਹਨ। ਇਨ੍ਹਾਂ ਤੂੰਬਾ ਵਾਦਕ ਪਾਛੂ ਰਾਗੀਆਂ ਵਿਚੋਂ ਹੀ ਪ੍ਰੀਤੂ ਬੁੰਡਾਲਾ ਵੀ ਇਕ ਸੀ। ਪ੍ਰੀਤੂ ਬੁੰਡਾਲਾ ਵਜੋਂ ਪ੍ਰਸਿੱਧੀ ਪ੍ਰਾਪਤ ਕਰਨ ਵਾਲੇ ਇਸ ਰਾਗੀ ਦਾ ਅਸਲ ਨਾਂ ਪ੍ਰੀਤਮ ਸਿੰਘ ਸੀ। ਉਸ ਦਾ ਜਨਮ ਜ਼ਿਲ੍ਹਾ ਜਲੰਧਰ ਦੇ ਪਿੰਡ ਬੁੰਡਾਲਾ ਵਿਖੇ 1 ਮਾਰਚ 1920 ਨੂੰ ਜਵਾਲਾ ਸਿੰਘ ਤੇ ਇੰਦਰ ਕੌਰ ਦੇ ਘਰ ਹੋਇਆ।
ਸਕੂਲੀ ਪੜ੍ਹਾਈ ਪੱਖੋਂ ਪ੍ਰੀਤਮ ਕੋਰਾ ਹੀ ਸੀ। ਪਰਿਵਾਰ ਦਾ ਜੱਦੀ ਕਿੱਤਾ ਪਸ਼ੂ ਪਾਲਣਾ ਅਤੇ ਉਨ੍ਹਾਂ ਦੀ ਖ਼ਰੀਦ ਵੇਚ ਕਰਨਾ ਸੀ। ਇਸ ਲਈ ਪ੍ਰੀਤਮ ਸੁਰਤ ਸੰਭਾਲਦਿਆਂ ਹੀ ਵੱਡੇ ਭਰਾਵਾਂ ਨਾਲ ਪਸ਼ੂ ਚਾਰਨ ਜਾਣ ਲੱਗਾ। ਪਸ਼ੂਆਂ ਪਿੱਛੇ ਫਿਰਦਿਆਂ ਹੋਕਰੇ ਮਾਰਨੇ ਅਤੇ ਹੇਕਾਂ ਲਾਉਣੀਆਂ ਆਮ ਗੱਲ ਸੀ। ਇਨ੍ਹਾਂ ਦੇ ਪਿੰਡ ਦੇ ਮੁਸਲਮਾਨ ਗੁੱਜਰ ਤੂੰਬੇ ਅਲਗੋਜ਼ੇ ਨਾਲ ਗਾਉਂਦੇ ਸਨ। ਉਨ੍ਹਾਂ ਨੂੰ ਦੇਖ ਸੁਣ ਕੇ ਪ੍ਰੀਤਮ ਨੂੰ ਵੀ ਇਸ ਗਾਇਕੀ ਦੀ ਚੇਟਕ ਲੱਗ ਗਈ। ਇਸ ਤੋਂ ਇਲਾਵਾ ਇਲਾਕੇ ਵਿਚ ਭਰਦੇ ਛਿੰਝਾਂ ਦੇ ਮੇਲਿਆਂ ’ਤੇ ਤੂੰਬੇ ਅਲਗੋਜ਼ੇ ਵਾਲੇ ਗਾਇਕ ਆਮ ਹੀ ਆਉਂਦੇ ਸਨ। ਚੜ੍ਹਦੀ ਜਵਾਨੀ ਵਿਚ ਵਾਹ ਲੱਗਦੀ ਪ੍ਰੀਤਮ ਕੋਈ ਮੇਲਾ ਨਾ ਛੱਡਦਾ। ਵਾਰ ਵਾਰ ਸੁਣਨ ਨਾਲ ਉਸ ਦੇ ਕਈ ਰਚਨਾਵਾਂ ਯਾਦ ਹੋ ਗਈਆਂ। ਚਰਾਂਦਾਂ ਵਿਚ ਮੱਝਾਂ ਦੇ ਮਗਰ ਤੁਰਿਆ ਫਿਰਦਾ ਉਹ ਉੱਚੀਆਂ ਲੰਮੀਆਂ ਹੇਕਾਂ ਲਾ ਕੇ ਇਨ੍ਹਾਂ ਨੂੰ ਗਾਉਂਦਾ ਰਹਿੰਦਾ। ਆਪਣੇ ਸ਼ੌਕ ਦੀ ਪੂਰਤੀ ਲਈ ਉਹ ਮੇਲੇ ਤੋਂ ਤੂੰਬਾ ਖ਼ਰੀਦ ਲਿਆਇਆ। ਘਰਦਿਆਂ ਦੇ ਲੱਖ ਰੋਕਣ ਦੇ ਬਾਵਜੂਦ ਉਹ ਇਸ ਨੂੰ ਟੁਣਕਾਉਂਦਾ ਰਹਿੰਦਾ। ਅਖੀਰ ਪਿੰਡ ਦੇ ਰਾਗੀ ਫਜ਼ਲਦੀਨ ਗੁੱਜਰ ਦੇ ਚਰਨੀਂ ਜਾ ਪਿਆ। ਘਰਦੇ ਵੀ ਜ਼ਿੱਦ ਅੱਗੇ ਹੱਥ ਖੜ੍ਹੇ ਕਰ ਗਏ। ਕਈ ਸਾਲ ਲਗਾਤਾਰ ਉਸ ਨੇ ਉਸਤਾਦ ਦੀ ਛਤਰ ਛਾਇਆ ਹੇਠ ‘ਗੌਣ’ ਸਿੱਖਿਆ। ਹੁਣ ਉਹ ਪ੍ਰੀਤੂ ਰਾਗੀ ਬੁੰਡਾਲੇ ਵਾਲਾ ਕਰ ਕੇ ਜਾਣਿਆ ਜਾਣ ਲੱਗ ਪਿਆ। ਉਸਤਾਦ ਦੀ ਦੇਸ਼ ਵੰਡ ਤੋਂ ਕੁਝ ਸਮਾਂ ਪਹਿਲਾਂ ਏਧਰ ਹੀ ਮੌਤ ਹੋ ਗਈ ਸੀ। ਬਾਕੀ ਸਾਥੀ ਨਵੇਂ ਬਣੇ ਦੇਸ਼ ਚਲੇ ਗਏ।
ਵੰਡ ਤੋਂ ਕੁਝ ਸਮਾਂ ਬਾਅਦ ਜ਼ਿੰਦਗੀ ਆਪਣੀ ਤੋਰ ਤੁਰਨ ਲੱਗੀ। ਪ੍ਰੀਤੂ ਨੇ ਵੀ ਨਵੇਂ ਸਾਥੀਆਂ ਨਾਲ ਪ੍ਰੋਗਰਾਮ ਕਰਨੇ ਸ਼ੁਰੂ ਕਰ ਦਿੱਤੇ। ਲੰਮਾ ਸਮਾਂ ਉਸ ਨੇ ਮੇਹਰ ਸਿੰਘ ਦੁੱਗਰੀ ਵਾਲੇ ਨਾਲ ਗਾਇਆ। ਇਸ ਤੋਂ ਬਾਅਦ ਉਸ ਨੇ ਨਸੀਬੂ ਹਰੀਪੁਰ ਨਾਲ ਕਈ ਸਾਲ ਲਾਏ। ਆਬਾਦ ਅਲੀ ਗੁੱਜਰ ਨਾਲ ਵੀ ਕਾਫ਼ੀ ਸਮਾਂ ਗਾਇਆ। ਇਸ ਤੋਂ ਇਲਾਵਾ ਦਰਸ਼ਨ ਰਾਵਾਂ ਖੇਲਾ, ਮੋਹਣ ਸਿੰਘ ਝੰਡੇਰਾਂ, ਰੌਣਕੀ ਬਹਾਦਰਪੁਰ, ਕਰਮ ਸਿੰਘ ਬਾਠ, ਹਰੀਦਾਸ ਖਲਵਾੜਾ, ਗੁਰਨਾਮ ਸਿੰਘ ਨਾਥੇਵਾਲ (ਫਿਰੋਜ਼ਪੁਰ), ਮੱਸਾ ਰਾਮ ਖੇੜਾ (ਫਗਵਾੜਾ), ਸ਼ਿੰਗਾਰਾ ਸਿੰਘ ਨੰਗਲ ਆਦਿ ਰਾਗੀਆਂ ਨਾਲ ਸਮੇਂ ਸਮੇਂ ’ਤੇ ਗਾਇਆ।
ਪ੍ਰੀਤੂ ਨੇ ਆਪਣੇ ਇਲਾਕੇ ਵਿਚ ਪੈਂਦੀਆਂ ਛਿੰਝਾਂ ’ਤੇ ਲੱਗਦੇ ਅਖਾੜਿਆਂ ਵਿਚ ਤਾਂ ਸਾਲਾਂ ਬੱਧੀ ਲਗਾਤਾਰ ਗਾਇਆ। ਮੰਡਾਲੀ ਦੇ ਮੇਲੇ ਅਤੇ ਦੂਰ ਨੇੜੇ ਪਿੰਡਾਂ ਵਿਚ ਬਣੀਆਂ ਪੀਰਾਂ ਫਕੀਰਾਂ ਦੀਆਂ ਦਰਗਾਹਾਂ-ਖਾਨਗਾਹਾਂ ’ਤੇ ਲੱਗਦੇ ਸਥਾਨਕ ਮੇਲਿਆਂ ਤੋਂ ਇਲਾਵਾ ਜਗਰਾਵਾਂ ਦੀ ਰੋਸ਼ਨੀ, ਛਪਾਰ ਦਾ ਮੇਲਾ ਆਦਿ ਲੋਕ ਮੇਲਿਆਂ ’ਤੇ ਪਹੁੰਚ ਕੇ ਉਹ ਸਰੋਤਿਆਂ ਦੀ ਰੂਹ ਰਾਜ਼ੀ ਕਰਦੇ ਸਨ। ਉਸ ਨੇ ਲਗਭਗ ਪੰਜ ਦਹਾਕੇ ਰੱਜ ਕੇ ਗਾਇਆ। ਪ੍ਰੀਤਮ ਉਸਤਾਦ ਦਾ ਚੰਡਿਆ ਹੋਇਆ ਇੱਕ ਤਜਰਬੇਕਾਰ ਰਾਗੀ ਸੀ। ਉਸ ਨੇ ਆਰੰਭਕ ਦੌਰ ਵਿਚ ਬਹੁਤ ਸਾਰਾ ‘ਗੌਣ’ ਕੰਠ ਕੀਤਾ। ਆਪਣੀ ਮੁਹਾਰਤ ਕਾਰਨ ਉਹ ਚੰਗੇ ਤੋਂ ਚੰਗੇ ‘ਆਗੂ ਰਾਗੀ’ ਦਾ ਸਾਥ ਨਿਭਾਉਣ ਦੀ ਸਮਰੱਥਾ ਰੱਖਦਾ ਸੀ। ਇਸ ਲਈ ਹਰ ਰਾਗੀ ਉਸ ਨੂੰ ਆਪਣੇ ਨਾਲ ਜੋੜ ਕੇ ਰੱਖਣਾ ਚਾਹੁੰਦਾ ਸੀ। ‘ਲੜੀਬੱਧ’ ਰਾਗ ਦੀਆਂ ਅਨੇਕਾਂ ਲੜੀਆਂ ਯਾਦ ਸਨ: ਹੀਰ, ਸੱਸੀ, ਮਲਕੀ, ਮਿਰਜ਼ਾ, ਢੋਲ ਸੰਮੀ, ਕੌਲਾਂ, ਪੂਰਨ, ਰਸਾਲੂ, ਦੁੱਲਾ ਭੱਟੀ, ਜੈਮਲ ਫੱਤਾ, ਜਿਉਣਾ ਮੌੜ ਆਦਿ। ਇਸ ਤੋਂ ਇਲਾਵਾ ਲੋਕ ਗਾਥਾਵਾਂ ਤੇ ਸੁਤੰਤਰ ਵਿਸ਼ਿਆਂ ਨਾਲ ਸਬੰਧਤ ਅਨੇਕਾਂ ‘ਰੰਗ’ ਕੰਠ ਸਨ; ‘ਰੰਗ’ ਤੋਂ ਭਾਵ ਪੰਜ ਸੱਤ ਬੰਦਾਂ ਵਾਲੀ ਇਕਹਿਰੀ ਸੰਪੂਰਨ ਰਚਨਾ। ਪੇਸ਼ ਹਨ ਕੁਝ ਨਮੂਨੇ:
* ਮੈਨੂੰ ਦੱਸ ਜਾ ਟਿਕਾਣਾ ਡੋਲੀ ਵਾਲੀਏ
ਨੀਂ ਫੇਰ ਕਦੋਂ ਮੇਲੇ ਹੋਣਗੇ।
* ਪੱਲੇ ਪੈ ਗਿਆ ਜੋ ਲੇਖ ਤਕਦੀਰ ਦਾ
ਵੇ ਚੱਲੇ ਨਾ ਕੋਈ ਵੱਸ ਰਾਂਝਣਾ। (ਹੀਰ ਰਾਂਝਾ)
* ਮੇਰਾ ਮਰ ਗਿਆ ਅੰਮਾ ਦਾ ਜਾਇਆ।
ਨੀਂ ਤੇਰੇ ਭਾਅ ਦਾ ਠੂਠਾ ਟੁੱਟਿਆ।
* ਕਾਹਨੂੰ ਮਾਰਦਾ ਚੰਦਰਿਆ ਕੂਕਾਂ
ਵੇ ਮਿੱਟੀ ਦੇ ਪਿਆਲੇ ਬਦਲੇ। (ਰਾਂਝਾ ਤੇ ਸਹਿਤੀ)
* ਘੋੜੀ ਵਾਲਿਆ ਰਾਹੀਆ ਗੱਲ ਸੁਣ ਮੇਰੀ ਵੇ
ਖੜ੍ਹੀ ਅਵਾਜ਼ਾਂ ਮਾਰਾਂ ਨੌਕਰ ਤੇਰੀ ਵੇ। (ਮਲਕੀ)
ਪ੍ਰੀਤਮ ਸਿੰਘ ਦਾ ਵਿਆਹ ਸ਼ੰਕਰ ਦੇ ਨੇੜੇ ਪਿੰਡ ਗੜੇ ਨਿਵਾਸੀ ਮਾਧੋ ਦਾਸ ਦੀ ਧੀ ਸਵਰਨ ਕੌਰ ਨਾਲ ਹੋਇਆ। ਇਨ੍ਹਾਂ ਦੇ ਘਰ ਇੱਕ ਧੀ ਅਤੇ ਪੰਜ ਪੁੱਤਰਾਂ ਨੇ ਜਨਮ ਲਿਆ। ਵੱਡੇ ਪੁੱਤਰ ਬਲਬੀਰ ਸਿੰਘ ਨੂੰ ਆਪਣੇ ਪਿਉ ਨੂੰ ਦੇਖ ਕੇ ਇਸ ਗਾਇਕੀ ਦੀ ਚੇਟਕ ਲੱਗ ਗਈ। ਚੋਰੀ ਛੁਪੇ ਉਹ ਆਪਣੇ ਪਿਉ ਵਾਲਾ ਤੂੰਬਾ ਚੁੱਕ ਕੇ ਟੁਣਕਾਉਣ ਲੱਗ ਜਾਂਦਾ। ਉਸ ਦੇ ਇਸ ਸ਼ੌਕ ਨੂੰ ਦੇਖ ਕੇ ਪ੍ਰੀਤਮ ਸਿੰਘ ਨੇ ਉਸ ਨੂੰ ਰਾਗੀ ਮੇਹਰ ਸਿੰਘ ਦੁੱਗਰੀ ਵਾਲੇ ਦਾ ਸ਼ਾਗਿਰਦ ਬਣਾ ਦਿੱਤਾ। ਜੋ ਪ੍ਰੀਤੂ ਦਾ ਪੱਗ ਵੱਟ ਭਰਾ ਬਣਿਆ ਹੋਇਆ ਸੀ ਅਤੇ ਚੋਟੀ ਦਾ ਰਾਗੀ ਸੀ। ਆਪਣੀ ਲਗਨ ਤੇ ਮਿਹਨਤ ਨਾਲ ਛੇਤੀ ਹੀ ਬਲਬੀਰ ਸਿੰਘ ਇੱਕ ਵਧੀਆ ਪਾਛੂ ਰਾਗੀ (ਤੂੰਬਾ ਵਾਦਕ) ਬਣ ਗਿਆ।
19 ਮਈ 1989 ਨੂੰ ਪ੍ਰੀਤੂ ਦਾ ਦੇਹਾਂਤ ਹੋ ਗਿਆ, ਪ੍ਰੰਤੂ ਉਹ ਜਾਣ ਤੋਂ ਪਹਿਲਾਂ ਆਪਣੀ ਵਿਰਾਸਤ ਆਪਣੇ ਪੁੱਤਰ ਬਲਬੀਰ ਸਿੰਘ ਨੂੰ ਸੰਭਾਲ ਗਿਆ। ਬਲਬੀਰ ਸਿੰਘ ਇਸ ਗਾਇਕੀ ਨਾਲ ਜੁੜਿਆ ਰਿਹਾ। ਉਸ ਨੇ ਚੰਗਾ ਨਾਂ ਕਮਾਇਆ। 2012 ’ਚ ਬਲਬੀਰ ਦਾ ਵੀ ਦੇਹਾਂਤ ਹੋ ਗਿਆ। ਪ੍ਰੀਤਮ ਦਾ ਇਕ ਹੋਰ ਪੁੱਤਰ ਰਣਜੀਤ ਸਿੰਘ ਰਾਣਾ ਵੀ ਬਚਪਨ ਤੋਂ ਹੀ ਇਸ ਗਾਇਕੀ ਨਾਲ ਲਗਾਓ ਰੱਖਣ ਲੱਗਾ ਸੀ। ਸਕੂਲੀ ਪੜ੍ਹਾਈ ਤੋਂ ਬਾਅਦ ਉਹ ਪੁਲੀਸ ’ਚ ਭਰਤੀ ਹੋ ਗਿਆ। ਦਸ ਕੁ ਸਾਲ ਪੁਲੀਸ ਦੀ ਨੌਕਰੀ ਕੀਤੀ, ਫੇਰ ਨੌਕਰੀ ਛੱਡ ਕੇ ਗਾਇਕੀ ਨਾਲ ਜੁੜ ਗਿਆ। ਨਾਲ ਹੀ ਵੈਟਰਨਰੀ ਫਾਰਮਾਸਿਸਟ ਦਾ ਡਿਪਲੋਮਾ ਕੀਤਾ। ਪ੍ਰੀਤੂ ਵਾਲਾ ਤੂੰਬਾ ਹੁਣ ਉਸ ਦੇ ਹੱਥਾਂ ’ਚ ਹੈ। ਜਲਾਲ ਵਾਲੇ ਨੌਜਵਾਨ ਰਾਗੀ ਹਰਮਿੰਦਰ ਜਲਾਲ ਨਾਲ ਉਸ ਦਾ ਕਈ ਸਾਲਾਂ ਤੋਂ ਜੁੱਟ ਹੈ। ਹੁਣ ਉਹ ਨਾਲੇ ਤਾਂ ਪਸ਼ੂਆਂ ਦੇ ਟੀਕੇ ਲਾ ਕੇ ਉਨ੍ਹਾਂ ਨੂੰ ਠੀਕ ਕਰਦਾ ਹੈ, ਨਾਲੇ ਸਰੋਤਿਆਂ ਦੀ ਆਪਣੀ ਗਾਇਕੀ ਨਾਲ ਰੂਹ ਰਾਜ਼ੀ ਕਰਦਾ ਹੈ। ਉਸ ਦੀ ਪਛਾਣ ਹੁਣ ‘ਡਾਕਟਰ ਰਾਗੀ’ ਵਜੋਂ ਬਣ ਗਈ ਹੈ।

Advertisement

ਸੰਪਰਕ: 84271-00341

Advertisement
Advertisement