For the best experience, open
https://m.punjabitribuneonline.com
on your mobile browser.
Advertisement

ਕੇਸੀਆਰ ਦੱਸਣ ਕਿ ਬੀਆਰਐੱਸ ਨੇ ਤਿਲੰਗਾਨਾ ਲਈ ਕੀ ਕੀਤਾ: ਰਾਹੁਲ

07:54 AM Nov 27, 2023 IST
ਕੇਸੀਆਰ ਦੱਸਣ ਕਿ ਬੀਆਰਐੱਸ ਨੇ ਤਿਲੰਗਾਨਾ ਲਈ ਕੀ ਕੀਤਾ  ਰਾਹੁਲ
ਕਾਂਗਰਸ ਆਗੂ ਰਾਹੁਲ ਗਾਂਧੀ ਤਿਲੰਗਾਨਾ ਵਿਧਾਨ ਸਭਾ ਚੋਣਾਂ ਦੌਰਾਨ ਐਤਵਾਰ ਨੂੰ ਸੰਘਰੈਡੀ ਦੇ ਅੰਡੋਲੇ ਸ਼ਹਿਰ ਵਿੱਚ ਜਨਤਕ ਮੀਟਿੰਗ ਦੌਰਾਨ। -ਫੋਟੋ: ਏਐੱਨਆਈ
Advertisement

ਹੈਦਰਾਬਾਦ, 26 ਨਵੰਬਰ
ਤਿਲੰਗਾਨਾ ਵਿਧਾਨ ਸਭਾ ਚੋਣਾਂ ਵਿੱਚ ਹੂੰਝਾਫੇਰ ਜਿੱਤ ਦਾ ਦਾਅਵਾ ਕਰਦਿਆਂ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਇੱਥੇ ਬੀਆਰਐੱਸ ਸਰਕਾਰ ਦਾ ਘਿਰਾਓ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਕਾਂਗਰਸ ਤੋਂ ਸਵਾਲ ਪੁੱਛਣ ਦੀ ਥਾਂ ਲੋਕਾਂ ਨੂੰ ਦੱਸਣ ਕਿ ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਸੂਬੇ ਲਈ ਕੀ ਕੀਤਾ। ਰਾਹੁਲ ਗਾਂਧੀ ਨੇ ਦੋਸ਼ ਲਾਇਆ, ‘‘ਬੀਆਰਐੱਸ ਸੁਪਰੀਮੋ ਕੇਸੀਆਰ ਦੇਸ਼ ਵਿੱਚ ਸਭ ਤੋਂ ਵੱਧ ਭ੍ਰਿਸ਼ਟ ਸਰਕਾਰ ਚਲਾ ਰਹੇ ਹਨ ਅਤੇ ਪੈਸਾ ਬਣਾਉਣ ਵਾਲੇ ਸਾਰੇ ਵਿਭਾਗ ਕੇਸੀਆਰ ਪਰਿਵਾਰ ਕੋਲ ਹਨ।’’ ਉਨ੍ਹਾਂ ਕੇਸੀਆਰ ਦੇ ਵਿਧਾਨ ਸਭਾ ਹਲਕੇ ਕਾਮਾਰੈੱਡੀ ਵਿੱਚ ਰੈਲੀ ਸੰਬੋਧਨ ਕੀਤਾ, ਜਿੱਥੋਂ ਕਾਂਗਰਸ ਵੱਲੋਂ ਸੂਬਾ ਪ੍ਰਧਾਨ ਰੇਵੰਤ ਰੈੱਡੀ ਬੀਆਰਐੱਸ ਮੁਖੀ ਖ਼ਿਲਾਫ਼ ਚੋਣ ਲੜ ਰਹੇ ਹਨ। ਭਾਜਪਾ ਦੇ ਚੋਣਾਂ ਜਿੱਤਣ ਮਗਰੋਂ ਪੱਛੜੇ ਵਰਗ ਦੇ ਨੇਤਾ ਨੂੰ ਸੂਬੇ ਦਾ ਮੁੱਖ ਮੰਤਰੀ ਬਣਾਉਣ ਦੇ ਵਾਅਦੇ ਦਾ ਮਖੌਲ ਉਡਾਉਂਦਿਆਂ ਰਾਹੁਲ ਨੇ ਕਿਹਾ, ‘‘ਭਰਾ, ਪਹਿਲਾਂ ਆਪਣੀਆਂ ਦੋ ਫ਼ੀਸਦੀ ਵੋਟਾਂ ਬਚਾ ਲਓ ਅਤੇ ਫਿਰ ਮੁੱਖ ਮੰਤਰੀ ਬਾਰੇ ਗੱਲ ਕਰਨਾ।’’ ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਨ ਮਗਰੋਂ ਪਹਿਲੀ ਕੈਬਨਿਟ ਮੀਟਿੰਗ ਵਿੱਚ ਪਾਰਟੀ ਦੀਆਂ ਛੇ ਗਾਰੰਟੀਆਂ ਨੂੰ ਲਾਗੂ ਕੀਤਾ ਜਾਵੇਗਾ।
ਰਾਹੁਲ ਨੇ ਕਿਹਾ ਕਿ ਪਾਰਟੀ ਦਾ ਟੀਚਾ ਤਿਲੰਗਾਨਾ ਵਿੱਚ ਬੀਆਰਐੱਸ ਅਤੇ ਕੌਮੀ ਪੱਧਰ ’ਤੇ ਭਾਜਪਾ ਨੂੰ ਹਰਾਉਣਾ ਹੈ। ਉਨ੍ਹਾਂ ਕਿਹਾ, ‘‘ਤਿਲੰਗਾਨਾ ਵਿੱਚ ਹਰ ਕੋਈ ਜਾਣਦਾ ਹੈ ਕਿ ਕਾਂਗਰਸ ਚੋਣਾਂ ਜਿੱਤੇਗੀ। ਕਾਂਗਰਸ ਸੂਬੇ ਵਿੱਚ ਹੂੰਝਾਫੇਰ ਜਿੱਤ ਹਾਸਲ ਕਰੇਗੀ।’’ ਉਨ੍ਹਾਂ ਕਿਹਾ ਕਿ ਜਿਹੜੀਆਂ ਸੜਕਾਂ ’ਤੇ ਕੇਸੀਆਰ ਚੱਲਦੇ ਹਨ ਅਤੇ ਜਿਨ੍ਹਾਂ ਸਕੂਲਾਂ ਤੇ ਕਾਲਜਾਂ ਵਿੱਚ ਉਨ੍ਹਾਂ ਪੜ੍ਹਾਈ ਕੀਤੀ, ਉਹ ਸਭ ਕਾਂਗਰਸ ਨੇ ਹੀ ਬਣਾਏ ਹਨ। ਰਾਹੁਲ ਨੇ ਬੀਆਰਐੱਸ ’ਤੇ ਭ੍ਰਿਸ਼ਟਾਚਾਰ ਦਾ ਦੋਸ਼ ਲਾਉਂਦਿਆਂ ਕਿਹਾ ਕਿ ਕਾਂਗਰਸ ਵੱਲ ਉਂਗਲ ਚੁੱਕਣ ਤੋਂ ਪਹਿਲਾਂ ਲੋਕਾਂ ਨੂੰ ਇਹ ਦੱਸੋ ਕਿ ਬੀਆਰਐੱਸ ਨੇ ਪਿਛਲੇ ਦਸ ਸਾਲਾਂ ਦੌਰਾਨ ਸੂਬੇ ਲਈ ਕੀ ਕੀਤਾ ਹੈ। -ਪੀਟੀਆਈ

Advertisement

ਕਾਂਗਰਸ ਵੱਲੋਂ ਬੀਆਰਐੱਸ ਨੂੰ ‘ਰਾਇਤੂ ਬੰਧੂ’ ਦਾ ਜ਼ਿਕਰ ਕਰਨ ਤੋਂ ਰੋਕਣ ਦੀ ਅਪੀਲ

ਹੈਦਰਾਬਾਦ: ਕਾਂਗਰਸ ਨੇ ਮੁੱਖ ਚੋਣ ਕਮਿਸ਼ਨਰ ਨੂੰ ਪੱਤਰ ਲਿਖ ਕੇ ਭਾਰਤ ਰਾਸ਼ਟਰ ਸਮਿਤੀ (ਬੀਆਰਐਸ) ਨੂੰ ਚੋਣ ਰੈਲੀਆਂ ਵਿੱਚ ‘ਰਾਇਤੂ ਬੰਧੂ’ ਤਹਿਤ ਵੰਡੀ ਜਾ ਰਹੀ ਰਾਸ਼ੀ ਦਾ ਜ਼ਿਕਰ ਕਰਨ ਤੋਂ ਰੋਕਣ ਦੀ ਅਪੀਲ ਕੀਤੀ ਹੈ। ਚੋਣ ਕਮਿਸ਼ਨ ਨੇ 24 ਨਵੰਬਰ ਨੂੰ ਸੂਬਾ ਸਰਕਾਰ ਨੂੰ ‘ਰਾਇਤੂ ਬੰਧੂ’ ਸਕੀਮ ਤਹਿਤ 28 ਨਵੰਬਰ ਤੋਂ ਪਹਿਲਾਂ ਕਿਸਾਨਾਂ ਨੂੰ ਫੰਡ ਦੇਣ ਦੀ ਇਜਾਜ਼ਤ ਦਿੱਤੀ ਸੀ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੂੰ ਲਿਖੇ ਪੱਤਰ ਵਿੱਚ ਕਾਂਗਰਸ ਨੇ ਦੋਸ਼ ਲਾਇਆ ਕਿ ਬੀਆਰਐਸ ਆਗੂ ਚੋਣ ਕਮਿਸ਼ਨ ਦੀ ਮਨਜ਼ੂਰੀ ਨੂੰ ਵੋਟਰਾਂ ਨੂੰ ‘ਪ੍ਰਭਾਵਿਤ ਕਰਨ ਦੇ ਹਥਿਆਰ’ ਵਜੋਂ ਵਰਤ ਰਹੇ ਹਨ, ਜਿਵੇਂ ਕਿ ਉਹ ਆਪਣੀ ਜੇਬ ’ਚੋਂ ਪੈਸੇ ਦੇ ਰਹੇ ਹਨ।
ਚੋਣ ਕਮਿਸ਼ਨ ਵੱਲੋਂ ਮਨਜ਼ੂਰੀ ਦਿੱਤੇ ਜਾਣ ਤੋਂ ਬਾਅਦ ਸੂਬਾ ਸਰਕਾਰ ਵੱਲੋਂ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਗਿਆ ਹੈ ਕਿ 25, 26 ਅਤੇ 27 ਨਵੰਬਰ ਨੂੰ ਬੈਂਕਾਂ ਦੀਆਂ ਛੁੱਟੀਆਂ ਹਨ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 29 ਅਤੇ 30 ਨਵੰਬਰ ਨੂੰ ‘ਰਾਇਤੂ ਬੰਧੂ’ ਤਹਿਤ ਫੰਡ ਦੇਣ ਦੀ ਇਜਾਜ਼ਤ ਨਹੀਂ ਹੈ। ਇਹ ਰਕਮ ਸਿੱਧੀ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਪਾਈ ਜਾਵੇਗੀ। -ਪੀਟੀਆਈ

Advertisement

Advertisement
Author Image

Advertisement