ਨੀਟ ਵਿੱਚ ਚੰਡੀਗੜ੍ਹ ਦਾ ਟੌਪਰ ਬਣਿਆ ਤੇਜਸ
ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 4 ਜੂਨ
ਨੈਸ਼ਨਲ ਅਲਿਜੀਬਿਲਟੀ ਐਂਟਰੈਂਸ ਟੈਸਟ (ਨੀਟ) ਯੂਜੀ -2024 ਦਾ ਨਤੀਜਾ ਅੱਜ ਐਲਾਨਿਆ ਗਿਆ ਜਿਸ ਵਿਚ ਚੰਡੀਗੜ੍ਹ ਦੇ ਤੇਜਸ ਸਿੰਘ ਨੇ ਆਲ ਇੰਡੀਆ ਇਕ ਰੈਂਕ ਹਾਸਲ ਕੀਤਾ ਹੈ। ਤੇਜਸ ਨੇ 720 ਵਿਚੋਂ 720 ਅੰਕ ਹਾਸਲ ਕੀਤੇ ਹਨ। ਇਹ ਸਿਖਰਲਾ ਰੈਂਕ ਕੁੱਲ 67 ਵਿਦਿਆਰਥੀਆਂ ਨੇ ਹਾਸਲ ਕੀਤਾ ਹੈ ਜਿਨ੍ਹਾਂ ਦੇ 99.997129 ਪਰਸੈਂਟਾਈਲ ਆਏ ਹਨ। ਤੇਜਸ ਸਿੰਘ ਨੇ ਸਕੂਲੀ ਪੜ੍ਹਾਈ ਗੁਰੂ ਨਾਨਕ ਪਬਲਿਕ ਸਕੂਲ ਤੇ ਯਾਦਵਿੰਦਰਾ ਪਬਲਿਕ ਸਕੂਲ ਤੋਂ ਹਾਸਲ ਕੀਤੀ ਹੈ। ਤੇਜਸ ਨੇ ਦੱਸਿਆ ਕਿ ਉਸ ਨੂੰ ਮੈਡੀਕਲ ਲਾਈਨ ਵਿਚ ਪੜ੍ਹਾਈ ਦੀ ਪ੍ਰੇਰਨਾ ਆਪਣੇ ਮਾਪਿਆਂ ਤੋਂ ਮਿਲੀ ਜੋ ਦੋਵੇਂ ਹੀ ਡਾਕਟਰ ਹਨ। ਉਸ ਦੇ ਪਿਤਾ ਇੰਡੀਅਨ ਏਅਰ ਫੋਰਸ ਵਿਚ ਡਾਕਟਰ ਹਨ ਜਦਕਿ ਉਸ ਦੀ ਮਾਤਾ ਸਿਵਲ ਡਿਸਪੈਂਸਰੀ ਸੈਕਟਰ-45 ਵਿਚ ਡਾਕਟਰ ਹਨ। ਤੇਜਸ ਨੇ ਕਿਹਾ ਕਿ ਉਹ ਐਮਬੀਬੀਐਸ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਦਿੱਲੀ ਤੋਂ ਕਰਨਾ ਚਾਹੁੰਦਾ ਹੈ।
ਓਮ ਵਤਸ ਦਾ 192ਵਾਂ ਰੈਂਕ
ਓਮ ਵਤਸ ਨੇ ਆਰਥਿਕ ਮੰਦਹਾਲੀ ਦੇ ਬਾਵਜੂਦ ਨੀਟ ਵਿਚ ਮਾਅਰਕਾ ਮਾਰਿਆ ਹੈ। ਮਲੋਆ ਵਿਚ ਜਨਮੇ ਓਮ ਨੇ 715 ਅੰਕ ਹਾਸਲ ਕੀਤੇ ਹਨ ਤੇ ਉਸ ਦਾ ਆਲ ਇੰਡੀਆ 192ਵਾਂ ਰੈਂਕ ਆਇਆ ਹੈ।ਉਸ ਦੇ ਪਿਤਾ ਪ੍ਰਾਈਵੇਟ ਨੌਕਰੀ ਤੋਂ ਇਲਾਵਾ ਘਰ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਫੋਟੋਗ੍ਰਾਫੀ ਵੀ ਕਰਦੇ ਹਨ। ਉਸ ਨੇ ਆਪਣੀ ਪੜ੍ਹਾਈ ਜਵਾਹਰ ਨਵੋਦਿਆ ਵਿਦਿਆਲਿਆ ਤੋਂ ਹਾਸਲ ਕੀਤੀ ਹੈ ਤੇ ਉਹ ਇਸ ਸੰਸਥਾ ਵਿਚੋਂ ਨੀਟ ਵਿਚ ਇੰਨੇ ਅੰਕ ਤੇ ਮਾਅਰਕਾ ਮਾਰਨ ਵਾਲਾ ਪਹਿਲਾ ਵਿਦਿਆਰਥੀ ਹੈ। ਓਮ ਰੋਜ਼ਾਨਾ 12 ਘੰਟ ਤੋਂ ਵੱਧ ਪੜ੍ਹਾਈ ਕਰਦਾ ਰਿਹਾ ਹੈ। ਉਸ ਨੇ ਪਹਿਲਾਂ ਆਪਣੀ ਬਿਮਾਰ ਹੋਈ ਦਾਦੀ ਦੀ ਰੱਜ ਕੇ ਸੇਵਾ ਕੀਤੀ।