For the best experience, open
https://m.punjabitribuneonline.com
on your mobile browser.
Advertisement

ਤਹਿਜ਼ੀਬ

08:48 AM Apr 11, 2024 IST
ਤਹਿਜ਼ੀਬ
Advertisement

ਰਾਜਿੰਦਰ ਵਰਮਾ

Advertisement

‘‘ਉਏ ਬੁੜ੍ਹਿਆ ਕਿੱਥੇ ਜਾਣੈ?’’ ਬਾਈਪਾਸ ਮੋਰਿੰਡਾ ਤੋਂ ਬੱਸ ਚੜ੍ਹਦੇ ਬਜ਼ੁਰਗ ਨੂੰ ਚਾਲਕ ਨੇ ਬੇਰੁਖ਼ੀ ਨਾਲ ਪੁੱਛਿਆ। ‘‘ਜੀ ਖਮਾਣੋਂ।’’ ਬਜ਼ੁਰਗ ਨੇ ਹਲੀਮੀ ਨਾਲ ਉੱਤਰ ਦਿੱਤਾ। ਕੁਝ ਦੇਰ ਬਾਅਦ ਕੰਡਕਟਰ ਪਿੱਛਿਉਂ ਟਿਕਟਾਂ ਕੱਟਦਾ ਹੋਇਆ ਅੱਗੇ ਵਧਿਆ ਸੀ।
‘‘ਕਿੱਥੇ ਜਾਣੈ, ਬਜ਼ੁਰਗੋ?’’
‘‘ਜੀ ਖਮਾਣੋਂ।’’ ਉਸ ਫੇਰ ਮਿੱਠੀ ਭਾਸ਼ਾ ਵਰਤੀ ਸੀ।
‘‘ਅੱਗੇ ਬਹਿ ਜਾਓ।’’ ਕੰਡਕਟਰ ਨੇ ਕਿਹਾ।
‘‘ਨਹੀਂ ਜੀ, ਇਹ ਤੁਹਾਡੀ ਸੀਟ ਐ।’’ ਬਜ਼ੁਰਗ ਦੇ ਬੋਲਾਂ ’ਚ ਮਿਠਾਸ ਸੀ। ਕੰਡਕਟਰ ਅਤੇ ਚਾਲਕ ਦੀ ਬੋਲੀ ’ਚ ਜ਼ਮੀਨ ਆਸਮਾਨ ਦਾ ਫ਼ਰਕ ਸੀ।
ਇਹ ਦੇਖ ਕੇ ਮੈਨੂੰ ‘ਤਹਿਜ਼ੀਬ ਤਹਿਜ਼ੀਬ’ ਵਿਚਲਾ ਫ਼ਰਕ ਹੋਰ ਸਪਸ਼ੱਟ ਹੋ ਗਿਆ।
ਸੰਪਰਕ: 99142-21910
* * *

ਸੀਰਤ

ਚਰਨਜੀਤ ਕੌਰ ਲਵਲੀ

ਸੀਰਤ ਘਰੋਂ ਦੂਰ ਨਰਸਿੰਗ ਦੀ ਪੜ੍ਹਾਈ ਕਰਨ ਲਈ ਹੋਸਟਲ ਵਿੱਚ ਰਹਿੰਦੀ ਸੀ। ਮਾਪਿਆਂ ਦੀ ਲਾਡਲੀ ਧੀ ਸਭ ਤੋਂ ਵੱਖਰੀ ਸੀ। ਸਲਵਾਰ ਸੂਟ ਤੇ ਸਿਰ ’ਤੇ ਚੁੰਨੀ ਨਾਲ ਬੇਹੱਦ ਫੱਬਦੀ ਸੀ। ਨਾ ਤਾਂ ਉਹ ਕੋਈ ਸ਼ਿੰਗਾਰ ਕਰਦੀ ਤੇ ਨਾ ਹੀ ਵਿਖਾਵਾ। ਸਾਦ-ਮੁਰਾਦੀ ਉਹ ਪਰੀਆਂ ਵਰਗੀ ਜਾਪਦੀ। ਮੱਧਵਰਗੀ ਪਰਿਵਾਰ ਦੀ ਧੀ ਹੋਣ ਕਾਰਨ ਉਸ ਨੂੰ ਸਿਰਫ਼ ਆਪਣੀ ਪੜ੍ਹਾਈ ਤੱਕ ਮਤਲਬ ਸੀ। ਉਸ ਸੋਚਦੀ ਸੀ ਕਿ ਨਰਸਿੰਗ ਦਾ ਕੋਰਸ ਪੂਰਾ ਕਰਕੇ ਜਿੰਨੀ ਜਲਦੀ ਹੋ ਸਕੇ ਨੌਕਰੀ ’ਤੇ ਲੱਗ ਜਾਵੇ। ਮਾਤਾ ਪਿਤਾ ਵੀ ਆਪਣੀ ਧੀ ’ਤੇ ਬੜਾ ਮਾਣ ਕਰਦੇ ਸਨ। ਉਹ ਨਾਮ ਦੀ ਹੀ ਨਹੀਂ, ਸਹੀ ਮਾਅਨੇ ਵਿੱਚ ਸੀਰਤ ਸੀ। ਸਮੇਂ ਨਾਲ ਉਸ ਦਾ ਨਰਸਿੰਗ ਦਾ ਕੋਰਸ ਪੂਰਾ ਹੋ ਗਿਆ ਤੇ ਉਹ ਇੱਕ ਹਸਪਤਾਲ ਵਿੱਚ ਸਟਾਫ ਨਰਸ ਦੀ ਨੌਕਰੀ ਕਰਨ ਲੱਗੀ। ਉਸ ਦਾ ਹਰ ਇੱਕ ਨਾਲ ਬੋਲਣ ਦਾ ਸਲੀਕਾ ਹੀ ਕੁਝ ਅਲੱਗ ਸੀ। ਸਭ ਨੂੰ ਪਿਆਰ ਨਾਲ ਬੁਲਾਉਂਦੀ। ਸਭ ਦੀ ਦੇਖਭਾਲ ਕਰਦੀ। ਸਭ ਦਾ ਸੁੱਖ-ਦੁੱਖ ਸੁਣਦੀ। ਉਸ ਨੂੰ ਕੋਈ ਮਰੀਜ਼ ਉੱਚਾ ਵੀ ਬੋਲ ਜਾਂਦਾ ਤਾਂ ਵੀ ਉਹ ਕਿਸੇ ਦਾ ਗੁੱਸਾ ਨਾ ਕਰਦੀ। ਹਰ ਮਰੀਜ਼ ਚਾਹੁੰਦਾ ਸੀ ਕਿ ਉਹੀ ਉਸ ਦੀ ਦੇਖਭਾਲ ਕਰੇ। ਉਹ ਕਿਸੇ ਨੂੰ ਵੀ ਨਜ਼ਰਅੰਦਾਜ਼ ਨਾ ਕਰਦੀ। ਇੱਕ ਦਿਨ ਇੱਕ ਨੌਜਵਾਨ ਦੀਪ, ਜਿਸ ਨੂੰ ਨਸ਼ੇ ਦੀ ਲੱਤ ਸੀ, ਦੀ ਅਚਾਨਕ ਤਬੀਅਤ ਖਰਾਬ ਹੋਣ ਕਾਰਨ ਮਾਪਿਆਂ ਨੇ ਉਸੇ ਹਸਪਤਾਲ ਦਾਖਲ ਕਰਵਾ ਦਿੱਤਾ। ਉਹ ਦੀਪ ਦੀ ਦੇਖਭਾਲ ਕਰਨ ਲੱਗੀ। ਦੀਪ ਆਪ ਮਾੜਾ ਨਹੀਂ ਸੀ ਪਰ ਮਾੜੀ ਸੰਗਤ ਨੇ ਉਸ ਨੂੰ ਬਰਬਾਦ ਕਰ ਦਿੱਤਾ। ਜਦੋਂ ਉਹ ਦੀਪ ਨੂੰ ਦਵਾਈ ਦੇਣ ਆਈ ਤਾਂ ਦੀਪ ਉਸ ਨੂੰ ਦੇਖਦਾ ਹੀ ਰਹਿ ਗਿਆ। ਉਹ ਚੁੱਪ-ਚਾਪ ਉਸ ਕੋਲ ਆਉਂਦੀ। ਉਸ ਨੂੰ ਦਵਾਈ ਦਿੰਦੀ। ਉਸ ਦਾ ਹਾਲ-ਚਾਲ ਪੁੱਛਦੀ ਤੇ ਚਲੀ ਜਾਂਦੀ। ਦੀਪ ਨੂੰ ਕਾਫ਼ੀ ਦਿਨ ਹਸਪਤਾਲ ਰਹਿਣਾ ਪਿਆ ਤੇ ਉਹ ਉਸ ਨੂੰ ਪਿਆਰ ਕਰਨ ਲੱਗਾ। ਉਹ ਸੀਰਤ ਦੇ ਆਉਣ ਦਾ ਇੰਤਜ਼ਾਰ ਕਰਦਾ। ਜਿਉਂ ਹੀ ਸੀਰਤ ਆਉਂਦੀ ਦੀਪ ਲਈ ਜਿਵੇਂ ਚੰਨ ਚੜ੍ਹ ਜਾਂਦਾ। ਸੀਰਤ ਵੀ ਉਸ ਨੂੰ ਪਿਆਰ ਕਰਨ ਲੱਗੀ ਸੀ। ਜਿਸ ਦਿਨ ਦੀਪ ਨੂੰ ਛੁੱਟੀ ਮਿਲੀ ਉਸ ਦਿਨ ਉਹ ਬਹੁਤ ਉਦਾਸ ਸੀ। ਦੀਪ ਜਾਣ ਲੱਗਾ ਤਾਂ ਉਹ ਆਪਣਾ ਰੋਣਾ ਰੋਕ ਨਾ ਸਕੀ। ਦੋਵਾਂ ਨੇ ਇੱਕ ਦੂਜੇ ਨੂੰ ਮਿਲਦੇ ਰਹਿਣ ਦਾ ਵਾਅਦਾ ਕੀਤਾ ਤੇ ਮਿਲਣ ਲੱਗੇ। ਇੱਕ ਦਿਨ ਦੀਪ ਨੇ ਉਸ ਨਾਲ ਵਿਆਹ ਕਰਵਾਉਣ ਦੀ ਗੱਲ ਕੀਤੀ। ਸੀਰਤ ਨੇ ਆਪਣੇ ਮਾਤਾ-ਪਿਤਾ ਨੂੰ ਦੱਸਿਆ ਤਾਂ ਉਸ ਦੇ ਪਿਤਾ ਨੇ ਸਾਫ਼ ਮਨ੍ਹਾਂ ਕਰ ਦਿੱਤਾ। ਉਸ ਨੂੰ ਦੀਪ ਨੂੰ ਮਿਲਣ ਤੋਂ ਵਰਜਿਆ। ਇੱਥੋਂ ਤੱਕ ਕਿ ਉਸ ਦੀ ਨੌਕਰੀ ਛੁਡਾ ਦਿੱਤੀ। ਅਖੀਰ ਤੰਗ ਆ ਕੇ ਸੀਰਤ ਨੇ ਉਨ੍ਹਾਂ ਦੀ ਮਰਜ਼ੀ ਖਿਲਾਫ਼ ਜਾ ਕੇ ਵਿਆਹ ਕਰਵਾ ਲਿਆ। ਦੀਪ ਨੇ ਵੀ ਆਪਣੇ ਘਰ ਨਾ ਦੱਸਿਆ। ਸਿੱਧਾ ਵਿਆਹ ਕਰਵਾ ਕੇ ਘਰ ਆ ਗਿਆ। ਮਾਤਾ-ਪਿਤਾ ਨੇ ਦੋਵਾਂ ਨੂੰ ਗਲ ਲਗਾ ਲਿਆ। ਸਮਾਜ ਵਿੱਚ ਰਸਮੀ ਤੌਰ ’ਤੇ ਵਿਆਹ ਵੀ ਕਰ ਦਿੱਤਾ। ਸੀਰਤ ਦੇ ਮਾਪਿਆਂ ਨੇ ਕਹਿ ਦਿੱਤਾ, ‘‘ਸਾਡੇ ਲਈ ਤੂੰ ਮਰ ਗਈ। ਅੱਜ ਤੋਂ ਬਾਅਦ ਸਾਡੇ ਨਾਲ ਤੇਰਾ ਕੋਈ ਰਿਸ਼ਤਾ ਨਹੀਂ।’’ ਉਸ ਦੀ ਸੱਸ ਨੇ ਉਸ ਨੂੰ ਗਲੇ ਲਗਾਇਆ ਤੇ ਕਿਹਾ ਕਿ ਅੱਜ ਤੋਂ ਇਹ ਮੇਰੀ ਨੂੰਹ ਨਹੀਂ, ਮੇਰੀ ਧੀ ਹੈ। ਦਿਨ ਲੰਘਦੇ ਗਏ ਪਰ ਦੀਪ ਦੀ ਨਸ਼ੇ ਦੀ ਆਦਤ ਨਾ ਛੁੱਟੀ। ਕਦੇ-ਕਦੇ ਦੀਪ ਨੂੰ ਨਸ਼ਾ ਛੁਡਾਊ ਕੇਂਦਰ ਦਾਖਲ ਕਰਵਾਇਆ ਜਾਂਦਾ। ਮਾਪੇ ਪੂਰੀ ਵਾਹ ਲਗਾ ਰਹੇ ਸਨ ਪਰ ਕੁਝ ਨਾ ਬਣਿਆ। ਨਸ਼ੇ ਦਾ ਆਦੀ ਹੋਣ ਕਾਰਨ ਕਿਧਰੇ ਨੌਕਰੀ ਵੀ ਨਹੀਂ ਕਰ ਪਾ ਰਿਹਾ ਸੀ। ਹਰ ਜਗ੍ਹਾ ਤੋਂ ਉਸ ਨੂੰ ਕੱਢ ਦਿੱਤਾ ਜਾਂਦਾ। ਸੱਸ ਸਹੁਰਾ ਸੀਰਤ ਨੂੰ ਬਹੁਤ ਪਿਆਰ ਕਰਦੇ ਸਨ। ਉਹ ਖ਼ੁਦ ਉਸ ਦੀ ਮਦਦ ਕਰਨੀ ਚਾਹੁੰਦੇ ਸਨ। ਸਰਕਾਰੀ ਹਸਪਤਾਲ ਪੋਸਟਾਂ ਨਿਕਲੀਆਂ। ਉਸ ਦੇ ਸਹੁਰਾ ਸਾਹਿਬ ਨੇ ਖ਼ੁਦ ਉਸ ਦੇ ਨਾਲ ਜਾ ਕੇ ਫਾਰਮ ਭਰਵਾਏ ਤਾਂ ਜੋ ਉਹ ਆਪਣੇ ਪੈਰਾਂ ’ਤੇ ਖੜ੍ਹੀ ਹੋ ਸਕੇ। ਉਸ ਨੂੰ ਨੌਕਰੀ ਮਿਲ ਗਈ। ਦੀਪ ਰੋਜ਼ ਘਰ ਵਿੱਚ ਲੜਾਈ ਕਰਦਾ ਕਿ ਇਹ ਨੌਕਰੀ ’ਤੇ ਨਹੀਂ ਜਾਵੇਗੀ। ਸੱਸ ਸਹੁਰਾ ਉਸ ਦੇ ਨਾਲ ਖੜ੍ਹੇ ਸਨ। ਉਹ ਆਰਥਿਕ ਪੱਖੋਂ ਸੌਖੇ ਸਨ। ਉਨ੍ਹਾਂ ਨੇ ਉਸ ਨੂੰ ਗੱਡੀ ਲੈ ਦਿੱਤੀ ਕਿ ਰਾਤ-ਬਰਾਤੇ ਔਖੀ ਨਾ ਹੋਵੇ। ਉਹ ਇਕੱਲੀ ਆਪਣੇ ਆਪ ਚਲੀ ਜਾਂਦੀ। ਕਦੇ ਰਾਤ ਦੀ ਡਿਊਟੀ ਹੁੰਦੀ ਤੇ ਕਦੇ ਦਿਨ ਦੀ। ਉਸ ਦੀ ਸੱਸ ਉਸ ਦੀ ਹਰ ਚੀਜ਼ ਦਾ ਧਿਆਨ ਰੱਖਦੀ। ਹੁਣ ਸੀਰਤ ਨੇ ਵੀ ਠਾਣ ਲਿਆ ਕਿ ਉਹ ਦੀਪ ਦੀ ਨਸ਼ੇ ਦੀ ਆਦਤ ਛੁਡਾ ਕੇ ਰਹੇਗੀ। ਉਹ ਡਿਊਟੀ ਤੋਂ ਘਰ ਆ ਕੇ ਜ਼ਿਆਦਾ ਸਮਾਂ ਦੀਪ ਨਾਲ ਬਿਤਾਉਂਦੀ। ਉਸ ਨੂੰ ਮੌਕਾ ਹੀ ਨਾ ਦਿੰਦੀ ਕਿ ਉਸ ਦਾ ਨਸ਼ੇ ਵੱਲ ਧਿਆਨ ਜਾਵੇ। ਆਪ ਰੋਟੀ ਬਣਾ ਕੇ ਉਸ ਨੂੰ ਸਾਰੇ ਪਰਿਵਾਰ ਵਿੱਚ ਬੈਠ ਕੇ ਖਾਣ ਲਈ ਲਿਆਉਂਦੀ। ਉਹ ਉਸ ਨੂੰ ਖਾਣਾ ਖਾਣ ਤੋਂ ਬਾਅਦ ਉੱਥੋਂ ਉੱਠਣ ਹੀ ਨਾ ਦਿੰਦੀ। ਕੋਈ ਨਾ ਕੋਈ ਹਸਪਤਾਲ ਦੀ ਗੱਲ ਕਰਦੀ ਜਾਂ ਹਾਸੇ ਵਾਲੀ ਗੱਲ ਛੇੜ ਲੈਂਦੀ। ਦੀਪ ਨੂੰ ਉਸ ਦੀਆਂ ਗੱਲਾਂ ਚੰਗੀਆਂ ਲੱਗਣ ਲੱਗੀਆਂ। ਉਸ ਦਾ ਘਰੋਂ ਬਾਹਰ ਜਾਣਾ ਘਟ ਗਿਆ ਤੇ ਉਸ ਨਾਲ ਲੜਦਾ ਵੀ ਨਾ। ਉਸ ਦੇ ਡਿਊਟੀ ਤੋਂ ਆਉਣ ਦਾ ਇੰਤਜ਼ਾਰ ਕਰਦਾ। ਉਸ ਦਾ ਨਸ਼ਾ ਲੈਣਾ ਵੀ ਘਟ ਗਿਆ। ਉਸ ਦੇ ‘ਮਿੱਤਰ’ ਫੋਨ ਵੀ ਕਰਦੇ ਤਾਂ ਵੀ ਉਹ ਨਾ ਜਾਣ ਦਾ ਬਹਾਨਾ ਬਣਾ ਦਿੰਦਾ। ਇਹ ਦੇਖ ਕੇ ਉਸ ਦੇ ਮਾਤਾ-ਪਿਤਾ ਬਹੁਤ ਖ਼ੁਸ਼ ਹੁੰਦੇ। ਉਨ੍ਹਾਂ ਦੇ ਮੂੰਹੋਂ ਤੇ ਦਿਲੋਂ ਵੀ ਸੀਰਤ ਲਈ ਦੁਆਵਾਂ ਨਿਕਲਦੀਆਂ। ਦੀਪ ਨੇ ਇੱਕ ਦਿਨ ਸੀਰਤ ਨੂੰ ਕਿਹਾ ਕਿ ਮੈਂ ਵੀ ਨੌਕਰੀ ਕਰਨੀ ਚਾਹੁੰਦਾ ਹਾਂ। ਸੀਰਤ ਬਹੁਤ ਖ਼ੁਸ਼ ਹੋਈ। ਉਸ ਦੀਆਂ ਅੱਖਾਂ ਵਿੱਚੋਂ ਖ਼ੁਸ਼ੀ ਦੇ ਹੰਝੂ ਰੁਕ ਨਹੀਂ ਰਹੇ ਸਨ। ਉਸ ਨੂੰ ਲੱਗਿਆ ਕਿ ਅੱਜ ਉਸ ਨੇ ਆਪਣੇ ਪਤੀ ਨੂੰ ਹੀ ਨਹੀਂ ਸਗੋਂ ਇੱਕ ਬੇਟੇ ਅਤੇ ਇੱਕ ਜਵਾਨੀ ਨੂੰ ਗਰਕ ਹੋਣ ਤੋਂ ਬਚਾਇਆ ਹੈ।
ਸੰਪਰਕ: 98887-85390
* * *

ਤੋਹਫ਼ਾ

ਮੀਰਾ ਜੈਨ

ਖ਼ੁਸ਼ੀ ਵਿੱਚ ਖੀਵੀ ਉਰਮਿਲਾ ਦੇ ਪੈਰ ਹੀ ਧਰਤੀ ’ਤੇ ਨਹੀਂ ਸਨ ਲੱਗ ਰਹੇ। ਅੱਜ ਨਵੇਂ ਸਾਲ ਮੌਕੇ ਵਰ੍ਹਿਆਂ ਪਿੱਛੋਂ ਇਕਲੌਤਾ ਬੇਟਾ ਰੋਹਨ ਘਰ ਆਇਆ ਸੀ। ਰੋਹਨ ਦਾ ਅਮਰੀਕਾ ਤੋਂ ਆਉਣਾ ਹੀ ਉਰਮਿਲਾ ਦੀ ਖ਼ੁਸ਼ੀ ਦਾ ਸਭ ਤੋਂ ਵੱਡਾ ਕਾਰਨ ਸੀ। ਨਵੇਂ ਸਾਲ ਦੀ ਸ਼ਾਨਦਾਰ ਪਾਰਟੀ ਦਾ ਪ੍ਰਬੰਧ ਕੀਤਾ ਗਿਆ ਸੀ। ਪਲ-ਭਰ ਵਿੱਚ ਹੀ ਤੋਹਫ਼ਿਆਂ ਦਾ ਢੇਰ ਲੱਗ ਗਿਆ। ਅੰਤ ਵਿੱਚ ਰੋਹਨ ਨੇ ਵੀ ਮਾਂ ਦੇ ਪੈਰ ਛੂੰਹਦਿਆਂ ਤੋਹਫ਼ੇ ਵਜੋਂ ਇੱਕ ਖ਼ੂਬਸੂਰਤ ਡੱਬੀ ਉਨ੍ਹਾਂ ਦੇ ਹੱਥਾਂ ਵਿੱਚ ਰੱਖੀ। ਉਰਮਿਲਾ ਨੇ ਡੱਬੀ ਮੋੜਦਿਆਂ ਕਿਹਾ, ‘‘ਬੇਟਾ, ਤੂੰ ਆ ਗਿਆ ਹੈਂ, ਇਸਤੋਂ ਵੱਡਾ ਤੋਹਫ਼ਾ ਮੇਰੇ ਲਈ ਹੋਰ ਕੁਝ ਹੋ ਹੀ ਨਹੀਂ ਸਕਦਾ। ਤੇਰੇ ਸਾਹਮਣੇ ਇਨ੍ਹਾਂ ਦੁਨਿਆਵੀ ਚੀਜ਼ਾਂ ਦਾ ਮੇਰੇ ਲਈ ਕੋਈ ਮੁੱਲ ਨਹੀਂ ਹੈ।’’
ਇੰਨਾ ਕਹਿੰਦੇ-ਕਹਿੰਦੇ ਅੱਖਾਂ ’ਚੋਂ ਮਾਂ ਦੀ ਮਮਤਾ ਟਪਕਣ ਲੱਗੀ। ਰੋਹਨ ਦੀਆਂ ਅੱਖਾਂ ਵੀ ਨਮ ਹੋ ਗਈਆਂ। ਉਸ ਨੇ ਮਾਂ ਦੇ ਹੰਝੂ ਪੂੰਝਦਿਆਂ ਫਿਰ ਉਸ ਡੱਬੀ ਨੂੰ ਮਾਂ ਵੱਲ ਵਧਾਉਂਦਿਆਂ ਪਿਆਰ ਭਰੇ ਸ਼ਬਦਾਂ ਨਾਲ ਆਖਿਆ, ‘‘ਲੈ ਲਓ ਪਿਆਰੀ ਮਾਂ! ਹੋ ਸਕਦੈ, ਇਸ ਵਿੱਚ ਤੁਹਾਡੀ ਉਮੀਦ ਤੋਂ ਵੀ ਵੱਧ ਕੋਈ ਖ਼ੂਬਸੂਰਤ ਚੀਜ਼ ਹੋਵੇ!’’
ਆਖ਼ਰ ਉਰਮਿਲਾ ਨੂੰ ਉਹ ਡੱਬੀ ਲੈ ਕੇ ਖੋਲ੍ਹਣੀ ਹੀ ਪਈ। ਅੰਦਰ ਵੇਖਦਿਆਂ ਹੀ ਉਰਮਿਲਾ ਖ਼ੁਸ਼ੀ ਨਾਲ ਚੀਕ ਉੱਠੀ। ਡੱਬੀ ਖ਼ਾਲੀ ਸੀ। ਸੁਨਹਿਰੀ ਅੱਖਰਾਂ ਵਿੱਚ ਸਿਰਫ਼ ਇੰਨਾ ਹੀ ਲਿਖਿਆ ਸੀ- ‘‘ਮਾਂ, ਮੈਂ ਹੁਣ ਪਰਤ ਕੇ ਨਹੀਂ ਜਾਵਾਂਗਾ...।’’
ਸੰਪਰਕ: 94259-18116
- ਪੰਜਾਬੀ ਰੂਪ: ਪ੍ਰੋ. ਨਵ ਸੰਗੀਤ ਸਿੰਘ

Advertisement
Author Image

joginder kumar

View all posts

Advertisement
Advertisement
×