ਤਹਿਸੀਲਦਾਰ 20 ਹਜ਼ਾਰ ਦੀ ਰਿਸ਼ਵਤ ਲੈਂਦਾ ਗ੍ਰਿਫ਼ਤਾਰ
ਨਿੱਜੀ ਪੱਤਰ ਪ੍ਰੇਰਕ
ਬਰਨਾਲਾ/ਤਪਾ, 27 ਨਵੰਬਰ
ਵਿਜੀਲੈਂਸ ਬਿਊਰੋ ਨੇ ਤਪਾ ਦੇ ਤਹਿਸੀਲਦਾਰ ਨੂੰ 20 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਡੀਐੱਸਪੀ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਅਮਰੀਕ ਸਿੰਘ ਟੱਲੇਵਾਲ ਦੀ ਸ਼ਿਕਾਇਤ ਦੇ ਆਧਾਰ ’ਤੇ ਇੰਸਪੈਕਟਰ ਗੁਰਮੇਲ ਸਿੰਘ ਦੀ ਅਗਵਾਈ ਹੇਠ ਤਹਿਸੀਲ ਤਪਾ ਦੇ ਤਹਿਸੀਲਦਾਰ ਸੁਖਚਰਨ ਸਿੰਘ ਨੂੰ 20 ਹਜ਼ਾਰ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਅਮਰੀਕ ਸਿੰਘ ਵਾਸੀ ਟੱਲੇਵਾਲ ਤੋਂ 2 ਕਨਾਲ 4 ਮਰਲੇ ਦੀ ਰਜਿਸਟਰੀ ਕਰਵਾਉਣ ਲਈ ਤਹਿਸੀਲਦਾਰ ਨੇ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਸੀ। ਗ੍ਰਿਫ਼ਤਾਰ ਕੀਤਾ ਗਿਆ ਤਹਿਸੀਲਦਾਰ ਐਸੋਸੀਏਸ਼ਨ ਪੰਜਾਬ ਦਾ ਸੂਬਾ ਆਗੂ ਹੈ। ਤਹਿਸੀਲਦਾਰ ਦੀ ਗ੍ਰਿਫ਼ਤਾਰੀ ਦੀ ਭਿਣਕ ਲੱਗਦਿਆਂ ਹੀ ਯੂਨੀਅਨ ’ਚ ਕਾਫੀ ਹਲਚਲ ਦੇਖਣ ਨੂੰ ਮਿਲ ਰਹੀ ਹੈ।
ਅੱਜ ਸਮੂਹਿਕ ਛੁੱਟੀ ’ਤੇ ਰਹਿਣਗੇ ਮਾਲ ਅਧਿਕਾਰੀ
ਮੋਗਾ (ਨਿੱਜੀ ਪੱਤਰ ਪ੍ਰੇਰਕ):
ਤਹਿਸੀਲਦਾਰ ਸੁਖਚਰਨ ਸਿੰਘ ਚੰਨੀ ਦੀ ਗ੍ਰਿਫ਼ਤਾਰੀ ਖ਼ਿਲਾਫ਼ ਮਾਲ ਵਿਭਾਗ ਅਤੇ ਵਿਜੀਲੈਂਸ ਅਧਿਕਾਰੀਆਂ ਦੇ ਸਿੰਗ ਫਸ ਗਏ ਹਨ। ਚੰਨੀ ਪੰਜਾਬ ਰੈਵੇਨਿਊ ਆਫੀਸਰਜ਼ ਐਸੋਸੀਏਸ਼ਨ ਦੇ ਸੂਬਾਈ ਪ੍ਰਧਾਨ ਵੀ ਹਨ। ਉਨ੍ਹਾਂ ਦੀ ਗ੍ਰਿਫ਼ਤਾਰੀ ਦੇ ਰੋਸ ਵਿੱਚ ਸੂਬੇ ਭਰ ਦੇ ਮਾਲ ਅਧਿਕਾਰੀ ਭਲਕੇ 28 ਨਵੰਬਰ ਨੂੰ ਸਮੂਹਿਕ ਛੁੱਟੀ ’ਤੇ ਚਲੇ ਜਾਣਗੇ। ਇਸ ਤੋਂ ਸਾਫ ਹੈ ਕਿ ਭਲਕੇ ਵੀਰਵਾਰ ਨੂੰ ਤਹਿਸੀਲਾਂ ਵਿੱਚ ਕੋਈ ਕੰਮਕਾਜ ਨਹੀਂ ਹੋਵੇਗਾ। ਇਸ ਤੋਂ ਇਲਾਵਾ ਸਬ-ਰਜਿਸਟਰਾਰ ਅਤੇ ਜੁਆਇੰਟ ਸਬ-ਰਜਿਸਟਰਾਰ ਦਫਤਰਾਂ ਵਿੱਚ ਜ਼ਮੀਨਾਂ ਦੀਆਂ ਰਜਿਸਟਰੀਆਂ ਵੀ ਨਹੀਂ ਹੋਣਗੀਆਂ। ਪੰਜਾਬ ਰੈਵੇਨਿਊ ਆਫੀਸਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਮਨਿੰਦਰ ਸਿੰਘ ਨੇ ਦੱਸਿਆ ਕਿ ਜਥੇਬੰਦੀ ਦੇ ਕੋ-ਪ੍ਰਧਾਨਾਂ ਲਛਮਣ ਸਿੰਘ, ਅਰਚਨਾ ਸ਼ਰਮਾ, ਮਨਦੀਪ ਸਿੰਘ ਭੋਗਲ, ਲਾਰਸਨ ਨੇ ਹੰਗਾਮੀ ਮੀਟਿੰਗ ਕੀਤੀ ਅਤੇ ਸੂਬੇ ਦੇ ਮਾਲ ਅਧਿਕਾਰੀਆਂ ਵੱਲੋਂ ਵਿਜੀਲੈਂਸ ਦੀ ਕਥਿਤ ਧੱਕੇਸ਼ਾਹੀ ਖ਼ਿਲਾਫ਼ ਰੋਸ ਜਤਾਇਆ।