For the best experience, open
https://m.punjabitribuneonline.com
on your mobile browser.
Advertisement

ਤਹਿਰੀਕ-ਇ-ਤਾਲਬਿਾਨ ਨੇ ਬਲੋਚਿਸਤਾਨ ’ਚ ਵੀ ਪੈਰ ਪਸਾਰੇ...

10:05 AM Jul 17, 2023 IST
ਤਹਿਰੀਕ ਇ ਤਾਲਬਿਾਨ ਨੇ ਬਲੋਚਿਸਤਾਨ ’ਚ ਵੀ ਪੈਰ ਪਸਾਰੇ
Advertisement

ਤਹਿਰੀਕ-ਇ-ਤਾਲਬਿਾਨ ਪਾਕਿਸਤਾਨ (ਟੀ.ਟੀ.ਪੀ.) ਦੀਆਂ ਹਿੰਸਕ ਸਰਗਰਮੀਆਂ ਦੇ ਬਲੋਚਿਸਤਾਨ ਵਿਚ ਵਧਦੇ ਪਸਾਰੇ ਨੇ ਹੁਕਮਰਾਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਪਹਿਲਾਂ ਟੀ.ਟੀ.ਪੀ. ਦੀਆਂ ਦਹਿਸ਼ਤੀ ਕਾਰਵਾਈਆਂ ਖ਼ੈਬਰ-ਪਖ਼ਤੂਨਖਵਾ ਸੂਬੇ ਅਤੇ ਬਲੋਚਿਸਤਾਨ ਦੇ ਪਖ਼ਤੂਨ ਬਹੁਗਿਣਤੀ ਵਾਲੇ ਉੱਤਰੀ ਜ਼ਿਲ੍ਹਿਆਂ ਤਕ ਮਹਿਦੂਦ ਸਨ। ਹੁਣ ਇਹ ਬਲੋਚ ਬਹੁਮੱਤ ਵਾਲੇ ਜ਼ਿਲ੍ਹਿਆਂ ਵਿਚ ਵੀ ਫੈਲਦੀਆਂ ਜਾ ਰਹੀਆਂ ਹਨ। ਪਿਛਲੇ ਹਫ਼ਤੇ ਜ਼੍ਹੋਬ ਤੇ ਸੂਈ ਜ਼ਿਲ੍ਹਿਆਂ ਵਿਚ ਦੋ ਵੱਖ-ਵੱਖ ਹਮਲਿਆਂ ਰਾਹੀਂ ਟੀ.ਟੀ.ਪੀ. ਨੇ 12 ਫ਼ੌਜੀ ਜਵਾਨ ਮਾਰ ਦਿੱਤੇ ਅਤੇ 18 ਹੋਰ ਜ਼ਖ਼ਮੀ ਕਰ ਦਿੱਤੇ। ਜ਼੍ਹੋਬ (ਜਾਂ ਜ਼ਹੋਬ) ਵਿਚ ਤਾਂ ਦਹਿਸ਼ਤੀ ਹਮਲਾਵਰ 17 ਰਾਈਫਲਾਂ ਵੀ ਲੁੱਟ ਕੇ ਲੈ ਗਏ। ਇਨ੍ਹਾਂ ਹਮਲਿਆਂ ਤੋਂ ਮਰਕਜ਼ੀ ਹਕੂਮਤ ਕਿਸ ਹੱਦ ਤਕ ਫ਼ਿਕਰਮੰਦ ਹੈ, ਇਸ ਦਾ ਅੰਦਾਜ਼ਾ ਹਮਲੇ ਵਾਲੀਆਂ ਥਾਵਾਂ ਦੇ ਥਲ ਸੈਨਾ ਮੁਖੀ ਜਨਰਲ ਆਸਿਮ ਮੁਨੀਰ ਅਤੇ ਰੱਖਿਆ ਮੰਤਰੀ ਖ਼ਵਾਜਾ ਆਸਿਫ਼ ਦੇ ਦੌਰਿਆਂ ਤੋਂ ਲਗਾਇਆ ਜਾ ਸਕਦਾ ਹੈ। ਜਿੱਥੇ ਜਨਰਲ ਮੁਨੀਰ ਨੇ ਆਪਣੇ ਬਿਆਨਾਂ ਨੂੰ ਫ਼ੌਜੀ ਦਸਤਿਆਂ ਦਾ ਮਨੋਬਲ ਵਧਾਉਣ ਦੇ ਯਤਨਾਂ ਤਕ ਸੀਮਤ ਰੱਖਿਆ, ਉੱਥੇ ਖ਼ਵਾਜਾ ਆਸਿਫ਼ ਨੇ ਪੂਰਾ ਨਜ਼ਲਾ ਅਫ਼ਗਾਨਿਸਤਾਨ ਉੱਪਰ ਕਾਬਜ਼ ਤਾਲਬਿਾਨੀ ਹਕੂਮਤ (ਜੋ ਖ਼ੁਦ ਨੂੰ ਅਫ਼ਗਾਨ ਇਸਲਾਮੀ ਅਮੀਰਾਤ ਦੱਸਦੀ ਹੈ) ਉੱਪਰ ਝਾੜਿਆ। ਖ਼ਵਾਜਾ ਨੇ ਅਫ਼ਗ਼ਾਨ ਹਕੂਮਤ ਉੱਤੇ ਅਹਿਸਾਨਫਰਾਮੋਸ਼ੀ ਦੇ ਦੋਸ਼ ਲਾਏ ਅਤੇ ਕਿਹਾ ਕਿ ਇਹ ਹਕੂਮਤ, ਦਹਿਸ਼ਤਗ਼ਰਦਾਂ ਨੂੰ ਪਨਾਹ ਨਾ ਦੇਣ ਸਬੰਧੀ ਦੋਹਾ ਸਮਝੌਤੇ ਦੀਆਂ ਧਾਰਾਵਾਂ ਦੀ ਉਲੰਘਣਾ ਕਰ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਾਕਿਸਤਾਨ ਨੇ 50-60 ਲੱਖ ਅਫ਼ਗ਼ਾਨ ਲੋਕਾਂ ਨੂੰ ਚਾਰ ਦਹਾਕਿਆਂ ਤੱਕ ਸ਼ਰਨ ਦਿੱਤੀ, ਪਰ ਇਸ ਅਹਿਸਾਨ ਦਾ ਸਿਲਾ ਪਾਕਿਸਤਾਨੀ ਸੁਰੱਖਿਆ ਕਰਮੀਆਂ ਦੀਆਂ ‘ਸ਼ਹਾਦਤਾਂ’ ਦੇ ਰੂਪ ਵਿਚ ਮਿਲ ਰਿਹਾ ਹੈ। ਇਹ ਸਿਲਸਿਲਾ ਹੋਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਅਫ਼ਗ਼ਾਨ ਹਕੂਮਤ ਨੇ ਅਜਿਹੀ ਤੋਹਮਤਬਾਜ਼ੀ ਦੇ ਜਵਾਬ ਵਿਚ ਸਿਰਫ਼ ਇਕੋ ਗੱਲ ਦੁਹਰਾਈ ਹੈ ਕਿ ਟੀ.ਟੀ.ਪੀ. ਨੂੰ ਅਫ਼ਗ਼ਾਨ ਧਰਤੀ ’ਤੇ ਕੋਈ ਪਨਾਹ ਮੁਹੱਈਆ ਨਹੀਂ ਕਰਵਾਈ ਗਈ ਅਤੇ ਇਸ ਦੀਆਂ ਹਿੰਸਕ ਸਰਗਰਮੀਆਂ ਪਾਕਿਸਤਾਨ ਦਾ ਅੰਦਰੂਨੀ ਮਾਮਲਾ ਹੈ। ਹਾਂ, ਇਸ ਮਾਮਲੇ ਵਿਚ ਜੋ ਮਦਦ ਅਫ਼ਗ਼ਾਨ ਪਾਸਿਓਂ ਸੰਭਵ ਹੋ ਸਕਦੀ ਹੈ, ਉਹ ਪਾਕਿਸਤਾਨੀ ਏਜੰਸੀਆਂ ਨੂੰ ਲਗਾਤਾਰ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਘਟਨਾਵਲੀ ਦੇ ਪ੍ਰਸੰਗ ਵਿਚ ਕੋਇਟਾ ਦੇ ਅਖ਼ਬਾਰ ਰੋਜ਼ਾਨਾ ‘ਬਲੋਚ ਟਾਈਮਜ਼’ ਦਾ ਸੰਪਾਦਕ ਆਸਿਫ਼ ਬਲੋਚ ਇਕ ਹਸਤਾਖ਼ਰਸ਼ੁਦਾ ਸੰਪਾਦਕੀ ਵਿਚ ਲਿਖਦਾ ਹੈ ਕਿ ਬਲੋਚਾਂ ਦੀ ਬਹੁਗਿਣਤੀ ਵਾਲੇ ਇਲਾਕਿਆਂ ਵਿਚ ਪਹਿਲਾਂ ਟੀ.ਟੀ.ਪੀ. ਬਲੋਚ ਵੱਖਵਾਦੀਆਂ ਦੀ ਮਦਦ ਨਾਲ ਕੋਈ ਹਮਲਾ ਕਰਦੀ ਸੀ, ਹੁਣ ਉਸ ਨੇ ਇਕਵੱਲੇ ਤੌਰ ’ਤੇ ਮਾਰ ਕਰਨੀ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਇਲਾਕਿਆਂ ਅੰਦਰ ਖਾੜਕੂ ਸਰਗਰਮੀਆਂ ਮੁੱਖ ਤੌਰ ’ਤੇ ਬੀ.ਐਲ.ਏ. (ਬਲੋਚ ਲਬਿਰੇਸ਼ਨ ਆਰਮੀ) ਜਾਂ ਬੀ.ਐੱਨ.ਏ. (ਬਲੋਚ ਨੈਸ਼ਨਲ ਆਰਮੀ) ਵੱਲੋਂ ਹੀ ਚਲਾਈਆਂ ਜਾਂਦੀਆਂ ਸਨ। ਹੁਣ ਵੱਡੇ ਹਮਲੇ ਟੀ.ਟੀ.ਪੀ. ਵੱਲੋਂ ਕੀਤੇ ਜਾ ਰਹੇ ਹਨ। ਹਿੰਸਕ ਹਮਲਿਆਂ ਤੋਂ ਇਲਾਵਾ ਟੀ.ਟੀ.ਪੀ. ਨੇ ਸੋਸ਼ਲ ਮੀਡੀਆ ਰਾਹੀਂ ਡੱਟ ਕੇ ਪ੍ਰਚਾਰ ਕਰਨ ਵਾਲਾ ਮੁਹਾਜ਼ ਵੀ ਖੋਲ੍ਹ ਦਿੱਤਾ ਹੈ। ਰੋਜ਼ਾਨਾ ਨਵੇਂ-ਨਵੇਂ ਵੀਡੀਓਜ਼ ਵਾਇਰਲ ਕੀਤੇ ਜਾ ਰਹੇ ਹਨ ਜਨਿ੍ਹਾਂ ਵਿਚ ਬਲੋਚ ਲੋਕਾਂ ਦੀ ਗ਼ੁਰਬਤ, ਪੇਂਡੂ ਤੇ ਨੀਮ ਸ਼ਹਿਰੀ ਲੋਕਾਂ ਲਈ ਸਿੱਖਿਆ, ਸਿਹਤ ਤੇ ਆਰਥਿਕ ਸਹੂਲਤਾਂ ਦੀ ਅਣਹੋਂਦ ਅਤੇ ਸੁਰੱਖਿਆ ਏਜੰਸੀਆਂ ਵੱਲੋਂ ‘ਲਾਪਤਾ’ ਕੀਤੇ ਗਏ ਲੋਕਾਂ ਦੀਆਂ ਤਸਵੀਰਾਂ ਤੇ ਹੋਰ ਵੇਰਵੇ ਨਸ਼ਰ ਕੀਤੇ ਜਾ ਰਹੇ ਹਨ। ਹਰ ਹਿੰਸਕ ਕਾਰੇ ਦੀ ਵਜ੍ਹਾ ਤੇ ਪਿਛੋਕੜ ਵੀ ਬਿਆਨ ਕੀਤਾ ਜਾ ਰਿਹਾ ਹੈ। ਅਜਿਹੀ ‘ਮਨੋਵਿਗਿਆਨਕ ਜੰਗ’ ਵਿਚ ਟੀ.ਟੀ.ਪੀ. ਦਾ ਹੱਥ ਉੱਚਾ ਨਜ਼ਰ ਆ ਰਿਹਾ ਹੈ। ਲੋਕ ਸਰਕਾਰੀ ਦਾਅਵਿਆਂ ਜਾਂ ਸਪਸ਼ਟੀਕਰਨਾਂ ਉੱਪਰ ਯਕੀਨ ਨਹੀਂ ਕਰ ਰਹੇ।
ਪਿਸ਼ਾਵਰ ਤੋਂ ਪ੍ਰਕਾਸ਼ਿਤ ਅਖ਼ਬਾਰ ‘ਫਰੰਟੀਅਰ ਪੋਸਟ’ ਵਿਚ ਰੱਖਿਆ ਮਾਹਿਰ ਇਫ਼ਤਿਖ਼ਾਰ ਫਿਰਦੌਸ ਲਿਖਦਾ ਹੈ: ‘‘ਟੀ.ਟੀ.ਪੀ. ਦੀ ਪੁਨਰ-ਸੁਰਜੀਤੀ ਹੋ ਰਹੀ ਹੈ। ਅਗਸਤ 2020 ਵਿਚ ਪਾਕਿਸਤਾਨੀ ਫ਼ੌਜ ਵੱਲੋਂ ਚਲਾਏ ਗਏ ਜ਼ਰਬ-ਇ-ਅਜ਼ਬ ਅਪਰੇਸ਼ਨ ਨੇ ਟੀ.ਟੀ.ਪੀ. ਦਾ ਲੱਕ ਤੋੜ ਦਿੱਤਾ ਸੀ। ਇਸ ਦਾ ਕਾਡਰ ਬਿਖਰ ਗਿਆ ਸੀ ਅਤੇ 20 ਛੋਟੇ-ਛੋਟੇ ਗੁੱਟਾਂ ਵਿਚ ਵੰਡਿਆ ਗਿਆ ਸੀ। ਹੁਣ ਇਸ ਦੇ 33 ਗੁੱਟ ਹਨ, ਪਰ ਕਮਾਂਡ ਇਕੋ ਮੁੱਖ ਕਮਾਂਡਰ ਨੂਰ ਵਲੀ ਮਹਿਸੂਦ ਕੋਲ ਹੈ। 33 ਗੁੱਟਾਂ ਦੇ ਕਾਡਰ ਨੂੰ ਅੱਠ ਡਿਵੀਜ਼ਨਾਂ ਵਿਚ ਵੰਡਿਆ ਗਿਆ ਹੈ। ਹਰ ਡਿਵੀਜ਼ਨ ਦਾ ਮੁਖੀ ਖ਼ੁਦਮੁਖ਼ਤਾਰ ਹੈ, ਪਰ ਬਹੁਤੇ ਵੱਡੇ ਅਪਰੇਸ਼ਨ ਤੋਂ ਪਹਿਲਾਂ ਮਹਿਸੂਦ ਤੋਂ ਰਸਮੀ ਮਨਜ਼ੂਰੀ ਜ਼ਰੂਰ ਲਈ ਜਾਂਦੀ ਹੈ। ਦੋ ਡਿਵੀਜ਼ਨਾਂ ਬਲੋਚਿਸਤਾਨ ਵਿਚ ਸਰਗਰਮ ਹਨ: ਬਲੋਚ ਬਹੁਮੱਤ ਵਾਲੇ ਜ਼ਿਲ੍ਹਿਆਂ ਵਿਚ ਕਲਾਤ-ਮਕਰਾਨ ਡਿਵੀਜ਼ਨ ਅਤੇ ਪਖ਼ਤੂਨਾਂ ਵਾਲੇ ਜ਼ਿਲ੍ਹਿਆਂ ਵਿਚ ਜ਼੍ਹੋਬ ਚੈਪਟਰ। ਜ਼ਰਬ-ਇ-ਅਜ਼ਬ ਅਪਰੇਸ਼ਨ ਨੇ ਟੀ.ਟੀ.ਪੀ. ਦੇ ਮਾਇਕ ਸੋਮੇ ਨਸ਼ਟ ਕਰ ਦਿੱਤੇ ਸਨ, ਪਰ ਹੁਣ ਇਸ ਜਥੇਬੰਦੀ ਕੋਲ ਮਾਲੀ ਸਾਧਨਾਂ ਦੀ ਕਮੀ ਨਹੀਂ। ਚੀਨ-ਪਾਕਿਸਤਾਨ ਆਰਥਿਕ ਗਲਿਆਰੇ (ਸੀ.ਪੀ.ਈ.ਸੀ.) ਦੀ ਉਸਾਰੀ ਵਿਚ ਲੱਗੀਆਂ ਚੀਨੀ ਕੰਪਨੀਆਂ ਤੋਂ ਕੀਤੀਆਂ ਜਾਂਦੀਆਂ ਜਬਰੀ ਵਸੂਲੀਆਂ, ਟੀ.ਟੀ.ਪੀ. ਨੂੰ ਆਧੁਨਿਕਤਮ ਹਥਿਆਰ ਤੇ ਗੱਡੀਆਂ ਖਰੀਦਣ ਦੇ ਸਮਰੱਥ ਬਣਾ ਚੁੱਕੀਆਂ ਹਨ। ਲਿਹਾਜ਼ਾ, ਪਾਕਿਸਤਾਨੀ ਫ਼ੌਜ ਨੂੰ ਹੁਣ ਦੂਜਾ ਅਪਰੇਸ਼ਨ ਜ਼ਰਬ-ਇ-ਅਜ਼ਬ ਚਲਾਉਣ ਦੀ ਲੋੜ ਹੈ।’’ ਫਿਰਦੌਸ ਦੇ ਇਸ ਵਿਸ਼ਲੇਸ਼ਣ ਨਾਲ ਕਈ ਅੰਦਰੂਨੀ ਸੁਰੱਖਿਆ ਮਾਹਿਰਾਂ ਨੇ ਇਤਫਾਕ-ਰਾਇ ਜਤਾਈ ਹੈ।
ਹੜ੍ਹਾਂ ਤੋਂ ਫ਼ਿਲਹਾਲ ਬਚਾਅ
ਪਾਕਿਸਤਾਨ ਵਿਚ ਖ਼ੈਬਰ-ਪਖ਼ਤੂਨਖਵਾ ਸੂਬੇ ਦੇ ਦੋ ਜ਼ਿਲ੍ਹਿਆਂ ਨੂੰ ਛੱਡ ਕੇ ਬਾਕੀ ਸਭ ਇਲਾਕਿਆਂ ਵਿਚ ਹੜ੍ਹਾਂ ਤੋਂ ਅਜੇ ਤਕ ਬਚਾਅ ਰਿਹਾ ਹੈ। ਸ਼ੁੱਕਰ ਤੇ ਸ਼ਨਿਚਰਵਾਰ ਪਈ ਭਾਰੀ ਬਾਰਸ਼ ਨੇ ਰਾਵਲਪਿੰਡੀ ਸ਼ਹਿਰ ਵਿਚ ਜਲ-ਥਲ ਇਕ ਕਰ ਦਿੱਤਾ, ਪਰ ਬਾਰਸ਼ ਰੁਕਣ ਮਗਰੋਂ ਪਾਣੀ ਵੀ ਉਤਰਨਾ ਸ਼ੁਰੂ ਹੋ ਗਿਆ। ਭਾਰਤ ਦੇ ਪੰਜਾਬ ਤੇ ਹਿਮਾਚਲ ਪ੍ਰਦੇਸ਼ ਸੂਬਿਆਂ ਵਿਚ ਰਿਕਾਰਡਤੋੜ ਬਾਰਸ਼ ਕਾਰਨ ਰਾਵੀ ਤੇ ਸਤਲੁਜ ਦਰਿਆਵਾਂ ਦਾ ਪਾਣੀ ਤੇਜ਼ੀ ਨਾਲ ਪਾਕਿਸਤਾਨ ਆ ਪਹੁੰਚਿਆ ਸੀ, ਪਰ ਇਸ ਤੋਂ ਉਪਜਿਆ ਹੜ੍ਹ ਦਾ ਖ਼ਤਰਾ ਵੀ ਹੁਣ ਟਲ ਗਿਆ ਹੈ। ਪਾਕਿਸਤਾਨੀ ਮਹਿਕਮਾ ਮੌਸਮਿਆਤ ਨੇ ਐਤਵਾਰ ਨੂੰ ਦੱਸਿਆ ਕਿ ਸੁਲੇਮਾਨਕੀ ਹੈੱਡ ਤੋਂ ਸਤਲੁਜ ਦਾ ਪਾਣੀ ਹੁਣ ਪਹਿਲਾਂ ਵਾਂਗ ਪਾਕਿਸਤਾਨ ਵੱਲ ਨਹੀਂ ਵਹਿ ਰਿਹਾ। ਇਸ ਕਰਕੇ ਸੁਰੱਖਿਅਤ ਥਾਵਾਂ ’ਤੇ ਪਹੁੰਚਾਏ 14 ਹਜ਼ਾਰ ਲੋਕ ਘਰੋ-ਘਰੀਂ ਪਰਤ ਸਕਦੇ ਹਨ।
ਗੰਧਾਰ ਵਿਰਾਸਤ ਮੇਲਾ
ਪਾਕਿਸਤਾਨ ਦੀ ਬੋਧੀ ਵਿਰਾਸਤ ਦੇ ਦੀਦਾਰ ਕਰਵਾਉਣ ਅਤੇ ਬੋਧੀ ਧਰਮ-ਅਸਥਾਨਾਂ ਵੱਲ ਵਿਦੇਸ਼ੀ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਗੰਧਾਰ ਫੈਸਟੀਵਲ 11 ਤੋਂ 13 ਜੁਲਾਈ ਤਕ ਇਸਲਾਮਾਬਾਦ ਵਿਚ ਕਰਵਾਇਆ ਗਿਆ ਜਿਸ ਦੇ ਉਦਘਾਟਨੀ ਸਮਾਗਮ ਦੀ ਪ੍ਰਧਾਨਗੀ ਸਦਰ-ਇ-ਪਾਕਿਸਤਾਨ ਡਾ. ਆਰਿਫ਼ ਅਲਵੀ ਨੇ ਕੀਤੀ। ਅਖ਼ਬਾਰ ‘ਡੇਲੀ ਟਾਈਮਜ਼’ ਦੀ ਰਿਪੋਰਟ ਅਨੁਸਾਰ ਘੱਟਗਿਣਤੀ ਫ਼ਿਰਕਿਆਂ ਬਾਰੇ ਮਰਕਜ਼ੀ ਵਜ਼ੀਰ ਡਾ. ਰਮੇਸ਼ ਕੁਮਾਰ ਵੰਕਵਾਨੀ ਤਿੰਨੋ ਦਨਿ ਇਸ ਸੱਭਿਆਚਾਰਕ ਮੇਲੇ ਵਿਚ ਹਾਜ਼ਰ ਰਹੇ। ਫੈਸਟੀਵਲ ਦੌਰਾਨ 1500 ਤੋਂ ਹਜ਼ਾਰ ਸਾਲ ਪਹਿਲਾਂ ਤਕ ਦੇ ਗੰਧਾਰ ਕਾਲ ਦੀ ਸਭਿਅਤਾ ਨਾਲ ਜੁੜੀਆਂ ਨਿਸ਼ਾਨੀਆਂ ਪ੍ਰਦਰਸ਼ਿਤ ਕੀਤੀਆਂ ਗਈਆਂ। ਡਾ. ਅਲਵੀ ਨੇ ਆਪਣੀ ਤਕਰੀਰ ਵਿਚ ਪਾਕਿਸਤਾਨ ਨੂੰ ਬਹੁ-ਸੱਭਿਆਚਾਰੀ ਮੁਲਕ ਦੱਸਿਆ। ਫੈਸਟੀਵਲ ਵਿਚ ਸ੍ਰੀਲੰਕਾ, ਨੇਪਾਲ, ਚੀਨ, ਥਾਈਲੈਂਡ, ਦੱਖਣੀ ਕੋਰੀਆ ਤੇ ਮਲੇਸ਼ੀਆ ਤੋਂ ਆਏ ਬੋਧੀ ਡੈਲੀਗੇਟਾਂ ਨੇ ਹਿੱਸਾ ਲਿਆ। ਉਨ੍ਹਾਂ ਨੂੰ ਮਰਦਾਨ, ਪਿਸ਼ਾਵਰ ਤੇ ਤਕਸ਼ਿਲਾ ਸਥਿਤ ਬੋਧੀ ਤੀਰਥ ਅਸਥਾਨਾਂ ਦੇ ਦਰਸ਼ਨ ਕਰਵਾਏ ਗਏ। ਡਾ. ਵੰਕਵਾਨੀ ਨੇ ਆਖ਼ਰੀ ਦਨਿ ਉਮੀਦ ਪ੍ਰਗਟਾਈ ਕਿ ਅਜਿਹੇ ਮੇਲੇ ਪਾਕਿਸਤਾਨ ਵਿਚ ਧਾਰਮਿਕ ਟੂਰਿਜ਼ਮ ਨੂੰ ਪਰੋਮੋਟ ਕਰਨ ਦਾ ਉੱਤਮ ਸਾਧਨ ਸਾਬਤ ਹੋਣਗੇ।
ਸੋਨਮ ਬਾਜਵਾ ਦੀ ਪੁਸ਼ਾਕ
ਭਾਰਤੀ ਫਿਲਮ ਅਦਾਕਾਰਾ ਸੋਨਮ ਬਾਜਵਾ ਵੱਲੋਂ ਪੰਜਾਬੀ ਫਿਲਮ ‘ਕੈਰੀ ਆਨ ਜੱਟਾ 3’ ਦੇ ਪ੍ਰੀਮੀਅਰ ਸਮੇਂ ਪਹਨਿੀ ਪੁਸ਼ਾਕ ਪਾਕਿਸਤਾਨੀ ਸੋਸ਼ਲ ਮੀਡੀਆ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸੋਨਮ ਨੇ ਇਕ ਇੰਸਟਾ ਪੋਸਟ ਰਾਹੀਂ ਦੱਸਿਆ ਕਿ ਉਸ ਦੀ ਡਰੈੱਸ ਪਾਕਿਸਤਾਨੀ ਫੈਸ਼ਨ ਘਰਾਣੇ ਮਿਊਜ਼ਲਕਸ ਵੱਲੋਂ ਤਿਆਰ ਕੀਤੀ ਗਈ ਸੀ। ਉਸ ਨੇ ਇਹ ਦੁਬਈ ’ਚੋਂ ਖ਼ਰੀਦੀ ਸੀ। ਅਖ਼ਬਾਰ ‘ਐਕਸਪ੍ਰੈਸ ਟ੍ਰਬਿਿਊਨ’ ਦੀ ਰਿਪੋਰਟ ਮੁਤਾਬਿਕ ਸੋਨਮ ਪਹਿਲਾਂ ਵੀ ਪਾਕਿਸਤਾਨੀ ਡਿਜ਼ਾਈਨਰਾਂ ਵੱਲੋਂ ਤਿਆਰ ਕੀਤੇ ਕੱਪੜੇ ਪਹਨਿ ਚੁੱਕੀ ਹੈ। ਪਹਿਲਾਂ ਉਸ ਨੇ ਹੁਸੈਨ ਰਹਿਰ ਵੱਲੋਂ ਤਿਆਰਸ਼ੁਦਾ ਪੁਸ਼ਾਕ ਫਰਵਰੀ ਮਹੀਨੇ ਇਕ ਸਮਾਗਮ ਸਮੇਂ ਪਹਨਿੀ ਸੀ। ਉਸ ਦੀਆਂ ਤਸਵੀਰਾਂ ਦੇਖ ਕੇ ਹੁਸੈਨ ਨੇ ਟਵੀਟ ਕੀਤਾ ਸੀ ਕਿ ਉਸ ਵੱਲੋਂ ਤਿਆਰ ਇਹ ਪਹਿਲੀ ਪੁਸ਼ਾਕ ਸੀ ਜੋ ਸਰਹੱਦ ਦੇ ਪੂਰਬਲੇ ਪਾਸੇ ਕਿਸੇ ‘ਗਾਹਕ’ ਨੇ ਖ਼ਰੀਦੀ।
- ਪੰਜਾਬੀ ਟ੍ਰਬਿਿਊਨ ਫੀਚਰ

Advertisement

Advertisement
Tags :
Author Image

sukhwinder singh

View all posts

Advertisement
Advertisement
×