ਸਕੂਲ ਵਿੱਚ ‘ਤੀਜ ਮੇਲਾ’ ਮਨਾਇਆ
ਖੇਤਰੀ ਪ੍ਰਤੀਨਿਧ
ਲੁਧਿਆਣਾ, 5 ਅਗਸਤ
ਸਾਉਣ ਮਹੀਨੇ ਦਾ ਤਿਓਹਾਰ ‘ਤੀਜ ਮੇਲਾ’ ਸਥਾਨਕ ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ, ਮਾਡਲ ਟਾਊਨ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੇਲੇ ਸਬੰਧੀ ਸਕੂਲ ਕੈਂਪਸ ਨੂੰ ਮੇਲੇ ਦਾ ਰੂਪ ਦਿੱਤਾ ਗਿਆ ਸੀ। ਪੰਜਾਬੀ ਪਹਿਰਾਵਿਆਂ ਵਿੱਚ ਸਜੇ ਨੰਨ੍ਹੇ ਬੱਚੇ ਹਰ ਕਿਸੇ ਲਈ ਖਿੱਚ ਦਾ ਕੇਂਦਰ ਬਣੇ ਹੋਏ ਸਨ। ਸਕੂਲ ਕੈਂਪਸ ਵਿੱਚ ਵੱਖ-ਵੱਖ ਤਰ੍ਹਾਂ ਦੇ ਸਟਾਲ ਵੀ ਲਾਏ ਹੋਏ ਸਨ। ਇਨ੍ਹਾਂ ਵਿੱਚ ਕਈ ਸਟਾਲਾਂ ’ਤੇ ਪੰਜਾਬੀ ਸੱਭਿਆਚਾਰ ਦੀ ਝਲਕ ਪੇਸ਼ ਕਰਦੀਆਂ ਪ੍ਰਦਰਸ਼ਨੀਆਂ ਵੀ ਲੱਗੀਆਂ ਹੋਈਆਂ ਸਨ। ਇਸ ਮੌਕੇ ਨੰਨ੍ਹੇ ਬੱਚਿਆਂ ਨੇ ਸੱਭਿਆਚਰਕ ਪ੍ਰੋਗਰਾਮ ਦੀ ਪੇਸ਼ਕਾਰੀ ਕੀਤੀ। ਪੀਂਘਾਂ ਝੂਟੀਆਂ, ਲੋਕ ਗੀਤ ਅਤੇ ਸਾਉਣ ਮਹੀਨੇ ਨਾਲ ਸਬੰਧਤ ਬੋਲੀਆਂ ਅਤੇ ਗੀਤਾਂ ਰਾਹੀਂ ਚੰਗਾ ਰੰਗ ਬੰਨ੍ਹਿਆ। ਰੌਮਾਂਚਕ ਖੇਡਾਂ, ਗਿੱਧਾ ਅਤੇ ਭੰਗੜੇ ਦੀਆਂ ਪੇਸ਼ਕਾਰੀਆਂ ਮੇਲੇ ਦਾ ਸਿਖਰ ਹੋ ਨਿੱਬੜੀਆਂ।
ਮੇਲੇ ਦੌਰਾਨ ਭਵਤਰਨ ਕੌਰ ਨੂੰ ਮਿਸ ਤੀਜ ਦਾ ਖਿਤਾਬ ਦਿੱਤਾ ਗਿਆ। ਸਕੂਲ ਦੀ ਪ੍ਰਿੰਸੀਪਲ ਗੁਰਮੰਤ ਕੌਰ ਗਿੱਲ ਨੇ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਨੂੰ ਪੰਜਾਬੀ ਵਿਰੇਸ ਨਾਲ ਜੁੜਨ ਲਈ ਪ੍ਰੇਰਿਆ। ਵਿਦਿਆਰਥਣਾਂ ਨੇ ਤੀਜ ਮੇਲੇ ਦੌਰਾਨ ਪੰਜਾਬੀ ਪਹਿਰਾਵੇ ਪਾ ਕੇ ਚਰਖਾ ਕੱਤਿਆ ਤੇ ਤੀਆਂ ਦੇ ਮੇਲੇ ਦੀ ਰੌਣਕ ਵਧਾਈ।