ਕਰੀਨਾ ਦੀ ਫ਼ਿਲਮ ‘ਦਿ ਬਕਿੰਘਮ ਮਰਡਰਜ਼’ ਦਾ ਟੀਜ਼ਰ ਰਿਲੀਜ਼
ਮੁੰਬਈ:
ਕਰੀਨਾ ਕਪੂਰ ਖ਼ਾਨ ਦੀ ਆਉਣ ਵਾਲੀ ਫ਼ਿਲਮ ‘ਦਿ ਬਕਿੰਘਮ ਮਰਡਰਜ਼’ ਦੇ ਨਿਰਮਾਤਾਵਾਂ ਨੇ ਅੱਜ ਫ਼ਿਲਮ ਦਾ ਟੀਜ਼ਰ ਰਿਲੀਜ਼ ਕੀਤਾ। ਇਹ ਟੀਜ਼ਰ ਇੱਕ ਮਿੰਟ ਦਾ ਹੈ ਜੋ ਇਕ ਬੱਚੇ ਦੀ ਤਲਾਸ਼ ਨਾਲ ਸ਼ੁਰੂ ਹੁੰਦਾ ਹੈ ਜਿਸ ਦੀ ਮੌਤ ਹੋ ਜਾਂਦੀ ਹੈ। ਇਸ ਫਿਲਮ ਵਿਚ ਕਰੀਨਾ ਕਪੂਰ ਨੇ ਜਾਸੂਸ ਜਸਮੀਤ ਭੰਮਰਾ ਦਾ ਕਿਰਦਾਰ ਨਿਭਾਇਆ ਹੈ। ਟੀਜ਼ਰ ਨੂੰ ਸੋਸ਼ਲ ਮੀਡੀਆ ’ਤੇ ਸਾਂਝਾ ਕਰਦਿਆਂ ਕਰੀਨਾ ਨੇ ਆਖਿਆ, ‘13 ਸਤੰਬਰ ਨੂੰ ਸਿਨਮਿਆਂ ਵਿੱਚ ਮਿਲਾਂਗੇ।’ ਫਿਲਮ ਦਾ ਨਿਰਦੇਸ਼ਨ ਹੰਸਲ ਮਹਿਤਾ ਨੇ ਕੀਤਾ ਹੈ। ਇਸ ਵਿੱਚ ਕਰੀਨਾ ਨੇ ਬ੍ਰਿਟਿਸ਼-ਭਾਰਤੀ ਜਾਸੂਸ ਦਾ ਕਿਰਦਾਰ ਨਿਭਾਇਆ ਹੈ ਜਿਸ ਦੇ ਬੱਚੇ ਦੀ ਹਾਲ ਹੀ ਵਿੱਚ ਮੌਤ ਹੋ ਜਾਂਦੀ ਹੈ। ਉਸ ਨੂੰ ਬਕਿੰਘਮਸ਼ਾਇਰ ਵਿੱਚ ਕਤਲ ਕੀਤੇ ਗਏ 10 ਸਾਲ ਦੇ ਬੱਚੇ ਦਾ ਕੇਸ ਸੌਂਪ ਦਿੱਤਾ ਜਾਂਦਾ ਹੈ। ‘ਦਿ ਬਕਿੰਘਮ ਮਰਡਰਜ਼’ ਦਾ ਟੀਜ਼ਰ ਸਾਨੂੰ ਅਮਰੀਕੀ ਕਰਾਈਮ ਡਰਾਮਾ ‘ਮੇਅਰ ਆਫ ਈਸਟਟਾਊਨ’ ਦੀ ਯਾਦ ਦਿਵਾਉਂਦਾ ਹੈ। ਕ੍ਰੇਗ ਜ਼ੋਬੇਲ ਵੱਲੋਂ ਨਿਰਦੇਸ਼ਿਤ ਇਸ ਲੜੀ ਵਿੱਚ ਕੇਟ ਵਿੰਸਲੇ ਈਸਟਟਾਊਨ, ਪੈਨਸਿਲਵੇਨੀਆ ਵਿੱਚ ਜਾਸੂਸ ਦਾ ਕਿਰਦਾਰ ਨਿਭਾਉਂਦੀ ਹੈ ਜੋ ਇੱਕ ਛੋਟੀ ਕੁੜੀ ਦੇ ਕਤਲ ਦੀ ਜਾਂਚ ਕਰਦੀ ਹੈ। ‘ਦਿ ਬਕਿੰਘਮ ਮਰਡਰਜ਼’ ਦਾ ਪ੍ਰੀਮੀਅਰ 14 ਅਕਤੂਬਰ, 2023 ਨੂੰ 67ਵੇਂ ਬੀਐੱਫਆਈ ਲੰਡਨ ਫ਼ਿਲਮ ਫੈਸਟੀਵਲ ਵਿੱਚ ਹੋਇਆ ਸੀ। ਇਹ ਫਿਲਮ ਮਹਾਨਾ ਫਿਲਮਜ਼ ਅਤੇ ਟੀਬੀਐਮ ਫਿਲਮਜ਼ ਦੀ ਪ੍ਰੋਡਕਸ਼ਨ ਹੈ, ਜੋ ਬਾਲਾਜੀ ਟੈਲੀਫਿਲਮਜ਼ ਵੱਲੋਂ ਪੇਸ਼ ਕੀਤੀ ਗਈ ਹੈ ਅਤੇ ਸ਼ੋਭਾ ਕਪੂਰ ਅਤੇ ਏਕਤਾ ਆਰ ਕਪੂਰ ਵੱਲੋਂ ਬਣਾਈ ਗਈ ਹੈ। ਇਹ ਫਿਲਮ 13 ਸਤੰਬਰ ਨੂੰ ਰਿਲੀਜ਼ ਹੋਵੇਗੀ। -ਆਈਏਐੱਨਐੱਸ