For the best experience, open
https://m.punjabitribuneonline.com
on your mobile browser.
Advertisement

ਪਛਤਾਵੇ ਦੇ ਹੰਝੂ

08:30 AM Nov 16, 2024 IST
ਪਛਤਾਵੇ ਦੇ ਹੰਝੂ
Advertisement

ਓਮਕਾਰ ਸੂਦ ਬਹੋਨਾ

Advertisement

ਮਾਂ ਦੇ ਵਾਰ-ਵਾਰ ਕਹਿਣ ’ਤੇ ਵੀ ਸੋਨੂੰ ਰੋਟੀ ਨਹੀਂ ਸੀ ਖਾ ਰਿਹਾ। ਬਸ, ਉਦਾਸ ਤੇ ਨਿੰਮੋਝੂਣਾ ਹੋਇਆ ਸੋਚਾਂ ਵਿੱਚ ਗਰਕਿਆ ਉਹ ਕਦੇ ਮੰਜੇ ’ਤੇ ਬਹਿ ਜਾਂਦਾ ਸੀ ਤੇ ਕਦੇ ਲੇਟ ਕੇ ਉਤਾਂਹ ਛੱਤ ਦੀਆਂ ਕੜੀਆਂ ਨੂੰ ਘੂਰਨ ਲੱਗ ਪੈਂਦਾ ਸੀ। ਉਸ ਦੀਆਂ ਅੱਖਾਂ ਉੱਤੇ ਆਈ ਹਲਕੀ ਜਿਹੀ ਸੋਜ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਸੀ ਕਿ ਉਹ ਰੋ ਕੇ ਹਟਿਆ ਹੈ। ਮਾਂ ਨੇ ਉਸ ਨੂੰ ਹੌਸਲਾ ਦੇਣ ਵਜੋਂ ਇਹ ਸ਼ਬਦ ਵੀ ਕਹੇ ਸਨ ਕਿ ਜੋ ਹੋਣਾ ਸੀ ਹੋ ਗਿਆ! ਹੁਣ ਅੱਗੇ ਤੋਂ ਧਿਆਨ ਰੱਖੀਂ ਤੇ ਮੁੜ ਅਜਿਹੀ ਗ਼ਲਤੀ ਭੁੱਲ ਕੇ ਵੀ ਨਾ ਕਰੀਂ! ਪਰ ਉਹ ਡੁੰਨ-ਵੱਟਾ ਬਣਿਆ ਉਵੇਂ ਹੀ ਮੰਜੇ ’ਤੇ ਪਿਆ ਆਪਣੀ ਕੀਤੀ ਬਹੁਤ ਵੱਡੀ ਗ਼ਲਤੀ ’ਤੇ ਪਛਤਾਵਾ ਕਰਦਾ ਰਿਹਾ।
ਉਹ ਅੱਠਵੀਂ ਜਮਾਤ ਵਿੱਚ ਪੜ੍ਹਦਾ ਸੀ। ਪੜ੍ਹਨ ਵਿੱਚ ਕੋਈ ਬਹੁਤਾ ਹੁਸ਼ਿਆਰ ਨਹੀਂ ਸੀ। ਦਰਅਸਲ, ਉਸ ਦਾ ਮਨ ਪੜ੍ਹਾਈ ਵਿੱਚ ਉੱਕਾ ਹੀ ਨਹੀਂ ਸੀ ਲੱਗਦਾ। ਉਹ ਹਰ ਸਮੇਂ ਖੇਡਣ ਤੇ ਸ਼ਰਾਰਤਾਂ ਕਰਨ ਵਿੱਚ ਗਲ਼ਤਾਨ ਰਹਿੰਦਾ ਸੀ। ਸਕੂਲੋਂ ਆਉਂਦਿਆਂ ਹੀ ਬਸਤਾ ਘਰੇ ਸੁੱਟ ਕੇ ਬਾਹਰ ਖੇਡਣ ਨਿਕਲ ਜਾਂਦਾ ਸੀ। ਬੰਟੇ ਖੇਡਦਾ, ਪਤੰਗਾਂ ਉਡਾਉਂਦਾ ਤੇ ਜਾਂ ਅਵਾਰਾ ਘੁੰਮਦਾ ਰਹਿੰਦਾ ਸੀ। ਉਹ ਆਪਣੇ ਤੋਂ ਛੋਟਿਆਂ ਨੂੰ ਕੁੱਟਦਾ, ਵੱਡਿਆਂ ਨੂੰ ਟਿੱਚ ਕਰਕੇ ਜਾਣਦਾ। ਜੇ ਕਦੇ ਮਾਂ ਕਹਿੰਦੀ, ‘‘ਪੁੱਤ ਪੜ੍ਹ ਲੈ ਤੇਰਾ ਅੱਠਵੀਂ ਦਾ ਬੋਰਡ ਦਾ ਇਮਤਿਹਾਨ ਹੈ! ਫੇਲ੍ਹ ਹੋ ਜਾਵੇਂਗਾ!’’ ਤਾਂ ਉਹ ਅੱਗਿਓਂ ਘੜਿਆ-ਘੜਾਇਆ ਉੱਤਰ ਦਿੰਦਾ, ‘‘ਤੂੰ ਚਿੰਤਾ ਨਾ ਕਰੀਂ ਮਾਂ! ਤੈਨੂੰ ਪਾਸ ਹੋ ਕੇ ਦਿਖਾਊਂਗਾ!’’
ਪਿਓ ਦਾ ਉਸ ਨੂੰ ਕੋਈ ਡਰ ਨਹੀਂ ਸੀ ਕਿਉਂਕਿ ਉਹ ਫ਼ੌਜ ਵਿੱਚ ਨੌਕਰੀ ਕਰਦਾ ਸੀ। ਪਿਤਾ ਦੇ ਨਰਮ ਵਤੀਰੇ ਤੇ ਅਥਾਹ ਪਿਆਰ ਦਾ ਸੋਨੂੰ ਸਭ ਤੋਂ ਵੱਧ ਫਾਇਦਾ ਲੈਂਦਾ। ਬਹੁਤ ਸ਼ਰਾਰਤਾਂ ਕਰਦਾ। ਛੁੱਟੀ ਵਾਲੇ ਦਿਨ ਉਹ ਦੁਪਹਿਰ ਨੂੰ ਦੋ-ਚਾਰ ਹਾਣੀ ਮੁੰਡਿਆਂ ਨਾਲ ਬਾਹਰ ਸੂਏ ਵੱਲ ਨੂੰ ਨਿਕਲ ਜਾਂਦਾ। ਬਾਹਰ ਸੂਏ ਦੇ ਪੁਲ ਤੋਂ ਲੰਘਦੀ ਸੜਕ ’ਤੇ ਆ ਜਾ ਰਹੇ ਰਾਹੀਆਂ ਨਾਲ ਤਰ੍ਹਾਂ-ਤਰ੍ਹਾਂ ਦੇ ਕੋਝੇ ਮਜ਼ਾਕ ਕਰਦਾ। ਕਈ ਵਾਰ ਖਾਲੀ ਲਿਫ਼ਾਫ਼ਿਆਂ ਵਿੱਚ ਦਰੱਖਤਾਂ ਦੇ ਸੁੱਕੇ ਪੱਤੇ ਭਰ ਕੇ ਸੜਕ ’ਤੇ ਰੱਖ ਦਿੰਦਾ। ਆਪ ਆਪਣੇ ਸਾਥੀਆਂ ਸਮੇਤ ਉਰੇ-ਪਰ੍ਹੇ ਲੁਕ ਬਹਿੰਦਾ। ਸੜਕ ਤੋਂ ਗੁਜ਼ਰ ਰਿਹਾ ਕੋਈ ਸਾਈਕਲ ਸਵਾਰ ਲਾਲਚ ਵੱਸ ਉਹ ਲਿਫ਼ਾਫ਼ਾ ਉਠਾ ਲੈਂਦਾ। ਲਿਫ਼ਾਫ਼ੇ ਵਿੱਚ ਭਰੇ ਪੱਤੇ ਵੇਖਦਾ, ਲਿਫ਼ਾਫ਼ਾ ਥਾਏਂ ਸੁੱਟ ਕੇ ਫਟਾਫਟ ਸਾਈਕਲ ’ਤੇ ਚੜ੍ਹ ਜਾਂਦਾ। ਪਿੱਛੋਂ ਸੋਨੂੰ ਤੇ ਉਸ ਦੇ ਸਾਥੀਆਂ ਦਾ ਬੇਹੂਦਾ ਸ਼ੋਰ ਦੂਰ ਤੱਕ ਰਾਹੀ ਦਾ ਪਿੱਛਾ ਕਰਦਾ।
ਉਂਜ ਸੋਨੂੰ ਬਿਨਾਂ ਨਾਗਾ ਸਕੂਲ ਜਾਂਦਾ ਸੀ, ਪਰ ਪੜ੍ਹਾਈ ਬਿਲਕੁਲ ਨਹੀਂ ਸੀ ਕਰਦਾ। ਸਕੂਲੋਂ ਮਿਲਿਆ ਕੰਮ ਗਾਈਡਾਂ ਤੋਂ ਨਕਲ ਮਾਰ ਕੇ ਕਾਪੀਆਂ ’ਤੇ ਉਤਾਰ ਦਿੰਦਾ, ਖ਼ਾਸ ਕਰ ਹਿਸਾਬ ਦੇ ਸਵਾਲਾਂ ਦਾ ਤਾਂ ਉਸ ਨੂੰ ਕੋਈ ਗਿਆਨ ਹੀ ਨਹੀਂ ਸੀ। ਸਕੂਲ ਵਿੱਚ ਮਾਸਟਰ ਜੀ ਹਰ ਵਿਸ਼ੇ ਵਿੱਚ ਟੈਸਟ ਲੈਂਦੇ। ਸੋਨੂੰ ਦੇ ਹਰ ਵਿਸ਼ੇ ਵਿੱਚੋਂ ਪੰਜ ਜਾਂ ਸੱਤ ਪ੍ਰਤੀਸ਼ਤ ਨੰਬਰ ਆਉਂਦੇ, ਇਸ ਤੋਂ ਵੱਧ ਕਦੇ ਵੀ ਨਹੀਂ। ਉਸ ਦੇ ਅਧਿਆਪਕ ਉਸ ਤੋਂ ਸਦਾ ਦੁਖੀ ਰਹਿੰਦੇ। ਉਸ ਨੂੰ ਕੁੱਟਦੇ ਪਰ ਢੀਠ ਸੋਨੂੰ ’ਤੇ ਕੋਈ ਅਸਰ ਨਾ ਹੁੰਦਾ ਸਗੋਂ ਮਾਰਨ ਨਾਲ ਅਧਿਆਪਕਾਂ ਦਾ ਆਪਣਾ ਮਨ ਹੀ ਦੁਖੀ ਹੁੰਦਾ ਸੀ। ਫਿਰ ਵੀ ਉਹ ਆਪਣੇ ਹਾਣੀਆਂ ਕੋਲ ਡੀਂਗਾਂ ਮਾਰਦਾ, ‘‘ਪਾਸ ਹੋਵਾਂਗਾ, ਪਾਸ ਹੋਵਾਂਗਾ, ਜ਼ਰੂਰ ਪਾਸ ਹੋਵਾਂਗਾ!’’ ਪਰ ਸਮਾਂ ਕਿਸੇ ਦੀ ਪਰਵਾਹ ਨਹੀਂ ਕਰਦਾ। ਸੋਨੂੰ ਸਮੇਂ ਤੋਂ ਬੇਪਰਵਾਹ ਸੀ। ਲੰਘ ਰਹੇ ਸਮੇਂ ਦੀ ਉਸ ਨੂੰ ਕੋਈ ਚਿੰਤਾ ਨਹੀਂ ਸੀ। ਅਖੀਰ ਸਮਾਂ ਸਿਰ ’ਤੇ ਆਇਆ ਵੇਖ ਕੇ ਸੋਨੂੰ ਘਬਰਾ ਗਿਆ, ਪਰ ਉਸ ਨੇ ਮਨ ਨੂੰ ਹੌਸਲਾ ਦਿੱਤਾ, ‘‘ਕੋਈ ਗੱਲ ਨਹੀਂ, ਨਕਲ ਜ਼ਿੰਦਾਬਾਦ!’’
ਇਮਤਿਹਾਨ ਹਾਲ ਵਿੱਚ ਬੈਠਾ ਸੋਨੂੰ ਬੜੇ ਹੀ ਜ਼ੋਰਾਂ-ਸ਼ੋਰਾਂ ਨਾਲ ਨਕਲ ਵਾਲੀਆਂ ਪਰਚੀਆਂ ਤੋਂ ਵੇਖ-ਵੇਖ ਸਵਾਲ ਹੱਲ ਕਰੀ ਜਾ ਰਿਹਾ ਸੀ। ਪ੍ਰੀਖਿਆ ਹਾਲ ਵਿੱਚ ਚੁੱਪ ਛਾਈ ਹੋਈ ਸੀ। ਨਿਗਰਾਨ ਅਮਲਾ ਆਪਣੀ ਡਿਊਟੀ ’ਤੇ ਤਾਇਨਾਤ ਸੀ। ਅਜੇ ਤੱਕ ਕਿਸੇ ਵੀ ਨਿਗਰਾਨ ਅਧਿਆਪਕ ਦੀ ਨਜ਼ਰ ਉਸ ਤੱਕ ਨਹੀਂ ਸੀ ਪਹੁੰਚੀ ਕਿਉਂਕਿ ਉਹ ਨਕਲ ਬੜਾ ਹੀ ਸੁਚੇਤ ਹੋ ਕੇ ਮਾਰ ਰਿਹਾ ਸੀ। ਅਚਾਨਕ ਪ੍ਰੀਖਿਆ ਹਾਲ ਦੀ ਸ਼ਾਂਤੀ ਭੰਗ ਹੋ ਗਈ, ਜਦੋਂ ‘ਉੱਡਣ ਦਸਤਾ’ ਆਪਣੀ ਗੱਡੀ ਵਿੱਚੋਂ ਉਤਰ ਕੇ ‘ਦਗੜ-ਦਗੜ’ ਕਰਦਾ ਪ੍ਰੀਖਿਆ ਹਾਲ ਵਿੱਚ ਦਾਖਲ ਹੋ ਗਿਆ। ਸੋਨੂੰ ਸਭ ਕਾਸੇ ਤੋਂ ਬੇਖਬ਼ਰ ਸੀ। ਉੱਡਣ ਦਸਤੇ ਦੇ ਮੈਂਬਰਾਂ ਨੇ ਸੋਨੂੰ ਨੂੰ ਨਕਲ ਮਾਰਦਿਆਂ ਰੰਗੇ ਹੱਥੀਂ ਫੜ ਲਿਆ। ਢੇਰ ਸਾਰੀਆਂ ਪਰਚੀਆਂ ਉਸ ਕੋਲੋਂ ਫੜੀਆਂ ਗਈਆਂ। ਸੋਨੂੰ ਦੇ ਲੱਖ ਵਾਰੀ ਮਿੰਨਤਾਂ-ਤਰਲੇ ਕਰਨ ’ਤੇ ਵੀ ਉਸ ਨੂੰ ਮੁਆਫ਼ ਨਹੀਂ ਕੀਤਾ ਗਿਆ। ਉਸ ਕੋਲੋਂ ਫੜੀਆਂ ਨਕਲ ਦੀਆਂ ਪਰਚੀਆਂ ਉਸ ਦੀ ਉੱਤਰ ਕਾਪੀ ਨਾਲ ਨੱਥੀ ਕਰਕੇ ਨਕਲ ਦਾ ਕੇਸ ਬਣਾ ਦਿੱਤਾ ਗਿਆ। ਉਸ ਦਾ ਸਾਰਾ ਰਿਕਾਰਡ ਸਿੱਖਿਆ ਬੋਰਡ ਨੂੰ ਭੇਜ ਦਿੱਤਾ ਗਿਆ ਸੀ। ਹੁਣ ਸਿੱਖਿਆ ਬੋਰਡ ਦੇ ਫ਼ੈਸਲੇ ਦੀ ਉਡੀਕ ਬਾਕੀ ਸੀ।
ਉਸ ਦੇ ਅਧਿਆਪਕਾਂ ਨੇ ਉਸ ਨੂੰ ਦੱਸਿਆ ਕਿ ਹੁਣ ਉਹ ਤਿੰਨ ਸਾਲਾਂ ਵਾਸਤੇ ਪ੍ਰੀਖਿਆ ਨਹੀਂ ਦੇ ਸਕੇਗਾ। ਨਕਲ ਦੀ ਬੁਰੀ ਬਿਮਾਰੀ ਨੇ ਉਸ ਦੇ ਪੜ੍ਹਨ ਲਿਖਣ ਦੇ ਤਿੰਨ ਸਾਲ ਨਸ਼ਟ ਕਰ ਦੇਣੇ ਸਨ। ਉਸ ਦੇ ਹਾਣੀ ਮੁੰਡਿਆਂ ਨੇ ਉਦੋਂ ਤੱਕ ਦਸਵੀਂ ਪਾਸ ਕਰ ਲੈਣੀ ਸੀ। ਸੋਚ-ਸੋਚ ਕੇ ਉਹ ਪਰੇਸ਼ਾਨ ਹੋ ਰਿਹਾ ਸੀ। ਉਹ ਮੰਜੇ ’ਤੇ ਪਿਆ ਛੱਤ ਵੱਲ ਘੂਰ ਰਿਹਾ ਸੀ। ਮਾਂ ਦੇ ਵਾਰ-ਵਾਰ ਕਹਿਣ ’ਤੇ ਵੀ ਰੋਟੀ ਨਹੀਂ ਸੀ ਖਾ ਰਿਹਾ। ਸ਼ਰਮ ਅਤੇ ਗ਼ਮ ਨਾਲ ਉਸ ਦੀ ਭੁੱਖ ਮਰ ਗਈ ਸੀ। ਉਹ ਪੜ੍ਹਾਈ ਨਾ ਕਰਨ ਅਤੇ ਨਕਲ ਮਾਰਨ ਦਾ ਨਤੀਜਾ ਯਾਦ ਕਰ-ਕਰ ਕੇ ਪਛਤਾ ਰਿਹਾ ਸੀ। ਉਸ ਨੂੰ ਆਪਣੀ ਕੀਤੀ ਅਵਾਰਾਗਰਦੀ ’ਤੇ ਗੁੱਸਾ ਆ ਰਿਹਾ ਸੀ, ਪਰ ਹੁਣ ਕੀ ਹੋ ਸਕਦਾ ਸੀ। ਵੇਲਾ ਲੰਘ ਚੁੱਕਿਆ ਸੀ। ਇਸ ਲਈ ਉਸ ਨੂੰ ਭਾਣਾ ਮੰਨਣਾ ਹੀ ਪੈਣਾ ਸੀ। ਸਮਾਂ ਆਪਣੀ ਨਿਰੰਤਰ ਚਾਲ ਚੱਲੀ ਜਾ ਰਿਹਾ ਸੀ, ਪਰ ਉਹ ਪਛਤਾਵੇ ਦੇ ਹੰਝੂ ਅੱਖਾਂ ਵਿੱਚ ਘੁੱਟ ਕੇ ਚੁੱਪ ਬੈਠਾ ਸੀ।
ਸੰਪਰਕ: 96540-36080

Advertisement

Advertisement
Author Image

joginder kumar

View all posts

Advertisement