For the best experience, open
https://m.punjabitribuneonline.com
on your mobile browser.
Advertisement

ਖ਼ੂਨ ਦੇ ਹੰਝੂ

06:09 AM Jul 23, 2024 IST
ਖ਼ੂਨ ਦੇ ਹੰਝੂ
Advertisement

ਮੋਹਨ ਸ਼ਰਮਾ

Advertisement

ਇਸ ਵੇਲੇ ਦੋ ਭਰਵੇਂ ਦਰਿਆ ਪੰਜਾਬ ਵਿੱਚ ਵਗ ਰਹੇ ਨੇ। ਨਸ਼ਿਆਂ ਦੇ ਦਰਿਆ ਨੂੰ ਪੰਜਾਬ ਵਿੱਚ ਵਹਿੰਦਾ ਛੇਵਾਂ ਦਰਿਆ ਕਿਹਾ ਜਾਂਦਾ ਹੈ; ਜਵਾਨੀ ਦੇ ਵਿਦੇਸ਼ਾਂ ਵੱਲ ਰੁਝਾਨ ਨੇ ਸੱਤਵੇਂ ਦਰਿਆ ਦਾ ਰੂਪ ਧਾਰਨ ਕਰ ਲਿਆ ਹੈ। ਦੋਹਾਂ ਦਰਿਆਵਾਂ ਨੇ ਘਰਾਂ ਦੇ ਵਿਹੜਿਆਂ ਦੀ ਰੌਣਕ ਗੁੰਮ ਕਰ ਦਿੱਤੀ ਹੈ। ਗਲੀਆਂ, ਕਾਲਜ ਅਤੇ ਤਕਨੀਕੀ ਕਾਲਜਾਂ ਵਿੱਚ ਸੁੰਨ ਜਿਹੀ ਪਸਰੀ ਹੋਈ ਹੈ। “ਕਿਤੇ ਸਾਡਾ ਮੁੰਡਾ ਨਸ਼ਿਆਂ ਦੇ ਦਰਿਆ ਵਿੱਚ ਹੀ ਨਾ ਰੁੜ੍ਹ ਜਾਵੇ। ਕਿਤੇ ਹੋਰ ਮੁੰਡਿਆਂ ਦੇ ਧੱਕੇ ਚੜ੍ਹ ਕੇ ਇਹ ਵੀ...।” ਇਸ ਸੋਚ ਨਾਲ ਮਾਂ ਬਾਪ ਕੰਬ ਉਠਦੇ ਨੇ। ਪਿੰਡ ਦੇ ਖੋਲਿਆਂ, ਬੇਆਬਾਦ ਥਾਵਾਂ ਜਾਂ ਫਿਰ ਸੁੰਨੀਆਂ ਗਲੀਆਂ ਵਿੱਚ ਪਿੰਡ ਦੇ ਮੁੰਡਿਆਂ ਨੂੰ ਨਸ਼ੇ ਦੇ ਟੀਕੇ ਲਾਉਂਦਿਆਂ ਮਾਪੇ ਦੇਖਦੇ ਹਨ ਤਾਂ ਖੜ੍ਹੇ-ਖੜੋਤੇ ਰਹਿ ਜਾਂਦੇ ਹਨ। ਇਕਲੌਤੇ ਪੁੱਤ ਦੀ ਜਾਨ ਦੀ ਸਲਾਮਤੀ ਲਈ ਉਹ ਕਾਲਜੇ ’ਤੇ ਹੱਥ ਧਰ ਕੇ ਉਸ ਨੂੰ ਵਿਦੇਸ਼ ਭੇਜਣ ਲਈ ਸਿਰ ਤੋੜ ਯਤਨ ਕਰਦੇ ਨੇ। ਘਰ ਦੀ ਰਹਿੰਦ-ਖੂੰਹਦ, ਗਹਿਣੇ, ਇੱਕ ਦੋ ਕਿੱਲੇ ਜ਼ਮੀਨ ਗਹਿਣੇ ਕਰ ਕੇ ਪੁੱਤ ਨੂੰ ਵਿਦੇਸ਼ ਭੇਜਣ ਦਾ ਹੂਲਾ ਫੱਕਦੇ ਹਨ। ਅੰਦਰੋ-ਅੰਦਰੀ ਖ਼ੁਸ ਨੂੰ ਦਿਲਾਸਾ ਵੀ ਦਿੰਦੇ ਨੇ- “ਓਹ ਜਾਣੇ, ਇਹਦਾ ਵਿਗੋਚਾ ਤਾਂ ਕਿਵੇਂ ਨਾ ਕਿਵੇਂ ਝੱਲ ਲਵਾਂਗੇ ਪਰ ਇਹ ਇੱਥੋਂ ਦੇ ਮੌਤ ਜਾਲ ਤੋਂ ਤਾਂ ਬਚਿਆ ਰਹੂ।”
ਛੇਵੇਂ ਦਰਿਆ ਦੇ ਕਹਿਰ ਕਾਰਨ ਮਾਪਿਆਂ ਦੀ ਹਾਲਤ ਕੱਖੋਂ ਹੌਲੀ ਅਤੇ ਪਾਣੀਓਂ ਪਤਲੀ ਹੋ ਗਈ ਹੈ। ਘਰਾਂ ਦੇ ਚੁੱਲ੍ਹੇ ਠੰਢੇ, ਮਾਪਿਆਂ ਦੇ ਚਿਹਰੇ ’ਤੇ ਛਾਈ ਉਦਾਸੀ ਦੀ ਇਬਾਰਤ ਅਤੇ ਭਾਂ-ਭਾਂ ਕਰਦੇ ਮਕਾਨ ਉਨ੍ਹਾਂ ਨੂੰ ਵੱਢ ਵੱਢ ਖਾਣ ਨੂੰ ਪੈਂਦੇ ਹਨ। ਨਸ਼ਾ ਛੁਡਾਊ ਕੇਂਦਰ ਦੇ ਨਿਰਦੇਸ਼ਕ ਵਜੋਂ ਅਜਿਹੇ ਮਾਪਿਆਂ ਦੀ ਬੇਵਸੀ ਦੇਖ ਕੇ ਰੂਹ ਕੰਬ ਜਾਂਦੀ ਸੀ। ਇੱਦਾਂ ਹੀ ਇੱਕ ਬਜ਼ੁਰਗ ਆਪਣੇ ਨੌਜਵਾਨ ਪੁੱਤ ਨੂੰ ਨਸ਼ਾ ਮੁਕਤ ਕਰਨ ਦੇ ਮੰਤਵ ਨਾਲ ਨਸ਼ਾ ਛੁਡਾਊ ਕੇਂਦਰ ਵਿੱਚ ਲਿਆਇਆ। ਨੌਜਵਾਨ ਨਸ਼ਿਆਂ ਦੀ ਲਪੇਟ ਵਿੱਚ ਆਉਣ ਅਤੇ ਬਾਪ ਪੁੱਤ ਦੀ ਚਿੰਤਾ ਕਾਰਨ ਮਰਨ ਹਕੀ ਹਾਲਤ ਵਿੱਚ ਸਨ। ਨੌਜਵਾਨ ਦੀ ਕੌਂਸਲਿੰਗ ਲਈ ਮੈਂ ਆਪਣੇ ਕਰਮਚਾਰੀ ਦੀ ਡਿਊਟੀ ਲਾਈ ਅਤੇ ਆਪ ਬਜ਼ੁਰਗ ਦਾ ਅੰਦਰਲਾ ਫਰੋਲਣ ਦਾ ਯਤਨ ਕਰਨ ਲੱਗ ਪਿਆ। ਕੁਝ ਮਿੰਟ ਗੱਲਾਂ ਕਰਨ ਤੋਂ ਬਾਅਦ ਬਜ਼ੁਰਗ ਦੀਆਂ ਅੱਖਾਂ ’ਚੋਂ ਪਰਲ-ਪਰਲ ਹੰਝੂ ਵਹਿਣ ਲੱਗੇ। ਉਹਦਾ ਗੱਚ ਭਰ ਆਇਆ, “ਮੇਰਾ ਦੁੱਖ ਸੁਣੋਗੇ?” ਮੇਰੇ ਹਮਦਰਦੀ ਭਰੇ ਹੁੰਗਾਰੇ ਨਾਲ ਉਹਨੇ ਮੇਰੇ ਵੱਲ ਪਿੱਠ ਕੀਤੀ। ਪਿੱਠ ਤੋਂ ਕਮੀਜ਼ ਚੁੱਕ ਕੇ ਡੁਸਕਦਿਆਂ ਕਹਿਣ ਲੱਗਿਆ, “ਪਿੱਠ ’ਤੇ ਲਾਸਾਂ ਦੇ ਨਿਸ਼ਾਨ ਦੇਖਦੇ ਹੋਂ ਨਾ। ਇਹ ਅੱਜ ਸਵੇਰੇ ਮੇਰੇ ਇਸੇ ਪੁੱਤ ਨੇ ਮੈਨੂੰ ਛੱਲੀਆਂ ਵਾਂਗ ਡਾਂਗ ਨਾਲ ਕੁੱਟਿਆ। ਇਹ ਨਸ਼ੇ ਲਈ ਹਜ਼ਾਰ ਰੁਪਿਆ ਮੰਗਦਾ ਸੀ। ਭਲਾ ਮੈਂ ਹਰ ਰੋਜ਼ ਨਸ਼ੇ ਲਈ ਕਿਥੋਂ ਦਿੰਦਾ ਐਨੀ ਰਕਮ? ਬਸ ਮੇਰੇ ਨਾਂਹ ਕਰਨ ’ਤੇ ਡਾਂਗ ਚੁੱਕ ਲਈ। ਇਹਦੀ ਮਾਂ ਰੋਕਣ ਵਾਸਤੇ ਆਈ, ਉਹਦੇ ਵੀ ਦੋ ਡਾਂਗਾਂ ਜੜ੍ਹ ਦਿੱਤੀਆਂ। ਉਹ ਇਹਦੇ ਦੁੱਖ ਵਿੱਚ ਮੰਜੇ ’ਤੇ ਪਈ ਐ। ਆਂਢ-ਗੁਆਂਢ ਇਕੱਠਾ ਹੋ ਗਿਆ। ਉਨ੍ਹਾਂ ਦੇ ਸਮਝਾਉਣ ’ਤੇ ਇਹ ਹੁਣ ਥੋਡੇ ਕੋਲੋਂ ਦਵਾਈ ਲੈਣ ਆਇਆ। ਰੱਬ ਦਾ ਵਾਸਤਾ ਇਹਨੂੰ ਦਾਖ਼ਲ ਕਰ ਲਵੋ। ਨਹੀਂ ਫਿਰ ਸਾਡੇ ਵਿੱਚੋਂ ਇੱਕ ਅੱਧਾ ਮਰਜੂਗਾ।”
ਬਜ਼ੁਰਗ ਦੀ ਹਾਲਤ ਦੇਖ ਕੇ ਮੁੰਡੇ ਨੂੰ ਤੁਰੰਤ ਦਾਖ਼ਲ ਕਰ ਲਿਆ। ਬਜ਼ੁਰਗ ਦੇ ਮੋਢੇ ’ਤੇ ਹੱਥ ਰੱਖਿਆ, “ਤੁਸੀਂ ਹੁਣ ਘਰ ਜਾਉ। ਅਸੀਂ ਇਹਨੂੰ ਨਸ਼ਾ ਮੁਕਤ ਕਰਨ ਲਈ ਪੂਰੀ ਕੋਸ਼ਿਸ਼ ਕਰਾਂਗੇ।” ਬਜ਼ੁਰਗ ਨੇ ਸ਼ੁਕਰਾਨੇ ਭਰੀਆਂ ਨਜ਼ਰਾਂ ਨਾਲ ਮੇਰੇ ਵੱਲ ਦੇਖਿਆ ਤੇ ਫਿਰ ਅੱਖਾਂ ਪੂੰਝਦਾ ਨਸ਼ਾ ਛੁਡਾਊ ਕੇਂਦਰ ਤੋਂ ਬਾਹਰ ਜਾਣ ਲੱਗਿਆ। ਵਾਰਡ ਵਿੱਚੋਂ ਜਿਉਂ ਹੀ ਉਸ ਨੌਜਵਾਨ ਦੀ ਨਜ਼ਰ ਆਪਣੇ ਜਾਂਦੇ ਬਾਪ ’ਤੇ ਪਈ ਤਾਂ ਉਹ ਉੱਚੀ ਆਵਾਜ਼ ਵਿੱਚ ਗੁੱਸੇ ਨਾਲ ਬੋਲਿਆ, “ਮੈਨੂੰ ਇੱਥੇ ਛੱਡ ਤਾਂ ਚੱਲਿਐਂ, ਆਪਣੇ ਭਣੋਈਏ ਨੂੰ ਛੇਤੀ ਆ ਕੇ ਲੈ ਜਾਈਂ।” ਬਜ਼ੁਰਗ ਇੰਝ ਨੀਵੀਂ ਪਾ ਕੇ ਜਾ ਰਿਹਾ ਸੀ ਜਿਵੇਂ ਉਹਨੇ ਪੁੱਤ ਨੂੰ ਜਨਮ ਦੇ ਕੇ ਕੋਈ ਬਹੁਤ ਵੱਡਾ ਗੁਨਾਹ ਕੀਤਾ ਹੋਵੇ।
ਇੱਕ ਹੋਰ ਨੌਜਵਾਨ ਨੂੰ ਉਹਦੇ ਮਾਪੇ ਲੈ ਕੇ ਆਏ। ਨਾਲ ਪਿੰਡ ਦੇ ਦੋ ਪੰਚ ਵੀ ਸਨ। ਆਉਂਦਿਆਂ ਹੀ ਬਾਪ ਨੇ ਦੱਸਿਆ, “ਅੰਤਾਂ ਦਾ ਤਪਾ ਰੱਖਿਐ ਇਹਨੇ ਸਾਨੂੰ। ਜਿਹੜਾ ਇਹਨੂੰ ਸਮਝਾਉਂਦੈ, ਉਹਦੇ ਗਲ ਪੈ ਜਾਂਦਾ। ਮੰਦਾ ਚੰਗਾ ਬੋਲਦਾ। ਪਹਿਲਾਂ ਘਰੋਂ ਚੋਰੀ ਕਰ ਕੇ ਸਮਾਨ ਵੇਚਦਾ ਸੀ, ਹੁਣ ਬਾਹਰੋਂ ਵੀ ਉਲਾਂਭੇ ਆਉਣੇ ਸ਼ੁਰੂ ਹੋ ਗਏ। ਸਾਡੇ ਪਿੰਡ ਕੱਪੜੇ ਦੀ ਦੁਕਾਨ ਐ। ਦੁਕਾਨਦਾਰ ਬੜਾ ਭਲਾ ਮਾਨਸ ਐ। ਉਹਨੇ ਪਿਛਲੇ ਹਫ਼ਤੇ ਇਹਨੂੰ ਰੋਕ ਕੇ ਸਮਝਾਉਣਾ ਸ਼ੁਰੂ ਕਰ ਦਿੱਤਾ। ਉਦੋਂ ਤਾਂ ਇਹ ਕੁਛ ਨਾ ਬੋਲਿਆ, ਰਾਤ ਨੂੰ ਇੱਕ ਹੋਰ ਨਸ਼ੱਈ ਨੂੰ ਨਾਲ ਲੈ ਕੇ ਉਹਦੀ ਦੁਕਾਨ ਦੀ ਛੱਤ ਪਾੜ ਕੇ ਅੱਗ ਲਾ ਦਿੱਤੀ। ਉੱਥੇ ਲੱਗੇ ਹੋਏ ਕੈਮਰਿਆਂ ਵਿੱਚ ਇਹਦੀ ਕਰਤੂਤ ਸਾਹਮਣੇ ਆ ਗਈ। ਪੁਲੀਸ ਕੇਸ ਬਣ ਗਿਆ। ਸੇਠ ਦਾ ਨੁਕਸਾਨ ਪੂਰਾ ਕਰਨ ਅਤੇ ਪੁਲੀਸ ਤੋਂ ਖਹਿੜਾ ਛੁਡਵਾਉਣ ਲਈ ਕਿੱਲਾ ਜ਼ਮੀਨ ਬੈਅ ਕਰਨੀ ਪੈ ਗਈ।” ਬਾਪ ਅਤੇ ਪੰਚਾਂ ਦੇ ਚਿਹਰਿਆਂ ’ਤੇ ਚਿੰਤਾ ਦੀਆਂ ਰੇਖਾਵਾਂ ਸਨ ਪਰ ਮੁੰਡੇ ਦੇ ਚਿਹਰੇ ’ਤੇ ਸ਼ਰਮਿੰਦਗੀ ਦੀ ਥਾਂ ਢੀਠਪੁਣਾ ਦਿਖਾਈ ਦੇ ਰਿਹਾ ਸੀ।
ਇੱਦਾਂ ਹੀ ਇੱਕ ਹੋਰ ਨੌਜਵਾਨ ਨੂੰ ਮਾਪੇ ਲੈ ਕੇ ਆਏ। ਪੁੱਛਣ ’ਤੇ ਬਜ਼ੁਰਗ ਨੇ ਪ੍ਰਗਟਾਵਾ ਕੀਤਾ, “ਘਰੋਂ ਜਿਹੜਾ ਕੁਝ ਵੀ ਇਹਦੇ ਹੱਥ ਲਗਦੈ, ਚੋਰੀ ਕਰ ਕੇ ਨਸ਼ਾ ਡੱਫ ਲੈਂਦੈ। ਕੱਲ੍ਹ ਅਸੀਂ ਤਾਂ ਖੇਤ ਗਏ ਹੋਏ ਸੀ, ਇਹਦੀ ਮਾਂ ਘਰ ਸੀ। ਕਣਕ ਵਾਲੇ ਢੋਲ ਦੇ ਉਪਰਲੇ ਢੱਕਣ ਨੂੰ ਅਸੀਂ ਜੰਦਰਾ ਲਾਇਆ ਹੋਇਆ ਸੀ। ਇਹਨੇ ਕਿਵੇਂ ਨਾ ਕਿਵੇਂ ਜੰਦਰਾ ਖੋਲ੍ਹਿਆ। ਜਦੋਂ ਕਣਕ ਵਾਲੇ ਢੋਲ ਤੇ ਚੜ੍ਹ ਕੇ ਕੋਡਾ ਹੋ ਕੇ ਕਣਕ ਕੱਢਣ ਲੱਗਿਆਂ ਤਾਂ ਇਹ ਸਿਰ ਪਰਨੇ ਢੋਲ ਵਿੱਚ ਡਿੱਗ ਪਿਆ। ਇਹਦੀ ਮਾਂ ਨੂੰ ਜਦੋਂ ਖੜਕਾ ਸੁਣਿਆ ਤਾਂ ਭੱਜ ਕੇ ਆਈ। ਦੇਖਿਆ, ਇਹ ਅੰਦਰ ਮੂਧੇ ਮੂੰਹ ਡਿੱਗਿਆ ਬਾਹਰ ਆਉਣ ਲਈ ਤਰਲੋਮੱਛੀ ਹੋ ਰਿਹਾ ਸੀ। ਇਹਦੀ ਮਾਂ ਨੇ ਗਲੀ ਵਿੱਚ ਰੌਲਾ ਪਾ ਕੇ ਬੰਦੇ ਇਕੱਠੇ ਕੀਤੇ, ਫਿਰ ਇਹਨੂੰ ਬੜੀ ਮੁਸ਼ਕਿਲ ਨਾਲ ਬਾਹਰ ਕੱਢਿਆ; ਨਹੀਂ ਤਾਂ ਕੱਲ੍ਹ ਇਹਨੇ ਮੁੱਕ ਜਾਣਾ ਸੀ।
ਹਰ ਰੋਜ਼ ਆ ਰਹੇ ਅਜਿਹੇ ਕੇਸਾਂ ਕਾਰਨ ਸਿਵਿਆਂ ਦੇ ਰਾਹ ਪਈ ਜਵਾਨੀ, ਮਾਪਿਆਂ ਦੇ ਖੂਨ ਦੇ ਹੰਝੂ ਅਤੇ ਨਸ਼ਿਆਂ ਦੇ ਵਧ ਰਹੇ ਮਾਰੂ ਪ੍ਰਭਾਵ ਕਾਰਨ ਸਮਾਜ ਬਿਮਾਰ ਹੈ ਤੇ ਬਿਮਾਰ ਸਮਾਜ ਦਾ ਭਵਿੱਖ ਹਮੇਸ਼ਾ ਧੁੰਦਲਾ ਹੁੰਦਾ ਹੈ।
ਸੰਪਰਕ: 94171-48866

Advertisement

Advertisement
Author Image

joginder kumar

View all posts

Advertisement