ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਖਨੌਰੀ ਬਾਰਡਰ ’ਤੇ ਅੱਥਰੂ ਗੈਸ ਦੇ ਗੋਲੇ ਸੁੱਟੇ; 40 ਤੋਂ ਵੱਧ ਕਿਸਾਨ ਜ਼ਖ਼ਮੀ

09:00 AM Feb 22, 2024 IST
ਹਰਿਆਣਾ ਪੁਲੀਸ ਵਲੋਂ ਸੁੱਟੇ ਅੱਥਰੂ ਗੈਸ ਦੇ ਗੋਲਿਆਂ ਮਗਰੋਂ ਖਨੌਰੀ ਅਤੇ (ਸੱਜੇ) ਸ਼ੰਭੂ ਬਾਰਡਰ ’ਤੇ ਸੁਰੱਖਿਅਤ ਥਾਵਾਂ ਵੱਲ ਜਾਂਦੇ ਹੋਏ ਕਿਸਾਨ। -ਫੋਟੋਆਂ: ਗੁਰਦੀਪ ਲਾਲੀ/ਵਿੱਕੀ ਘਾਰੂ

ਗੁਰਦੀਪ ਸਿੰਘ ਲਾਲੀ/ਹਰਜੀਤ ਸਿੰਘ
ਸੰਗਰੂਰ/ਖਨੌਰੀ ਮੰਡੀ, 21 ਫਰਵਰੀ
ਖਨੌਰੀ ਬਾਰਡਰ ’ਤੇ ਅੱਜ ਹਰਿਆਣਾ ਪੁਲੀਸ ਅਤੇ ਕੇਂਦਰੀ ਸੁਰੱਖਿਆ ਬਲਾਂ ਵੱਲੋਂ ਅੱਥਰੂ ਗੈਸ ਦੇ ਗੋਲਿਆਂ, ਰਬੜ ਦੀਆਂ ਗੋਲੀਆਂ ਅਤੇ ਪਾਣੀਆਂ ਦੀਆਂ ਬੁਛਾੜਾਂ ਨਾਲ ਕਿਸਾਨਾਂ ਉਪਰ ਕੀਤੇ ਗਏ ਹਮਲੇ ਵਿਚ ਇੱਕ ਨੌਜਵਾਨ ਕਿਸਾਨ ਦੀ ਮੌਤ ਜਦਕਿ ਕਰੀਬ 40 ਕਿਸਾਨ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ। ਹਰਿਆਣਾ ਬਾਰਡਰ ’ਤੇ ਤਾਇਨਾਤ ਸੁਰੱਖਿਆ ਬਲਾਂ ਵੱਲੋਂ ਕਿਸਾਨਾਂ ਦੇ ਟਰੈਕਟਰਾਂ, ਕਾਰਾਂ, ਜੀਪਾਂ ਅਤੇ ਹੋਰ ਸਾਮਾਨ ਦੀ ਭੰਨਤੋੜ ਵੀ ਕੀਤੀ ਗਈ ਅਤੇ ਟਰਾਲੀਆਂ ’ਚ ਪਿਆ ਰਾਸ਼ਨ ਸੜਕਾਂ ’ਤੇ ਖਿਲਾਰ ਦਿੱਤਾ ਗਿਆ।
ਅੱਜ ਸੰਯੁਕਤ ਕਿਸਾਨ ਮੋਰਚਾ ਗੈਰ-ਸਿਆਸੀ ਦੇ ਸੱਦੇ ’ਤੇ ਕਿਸਾਨਾਂ ਨੇ ਸਵੇਰੇ 11 ਕੁ ਵਜੇ ਹੀ ਪੰਜਾਬ-ਹਰਿਆਣਾ ਹੱਦ ਵੱਲ ਵਧਣਾ ਸ਼ੁਰੂ ਕਰ ਦਿੱਤਾ ਸੀ। ਕਰੀਬ 12 ਵਜੇ ਤੱਕ ਵੱਡੀ ਗਿਣਤੀ ਕਿਸਾਨ ਹੱਦ ਨੇੜੇ ਪੁੱਜ ਗਏ। ਇਸ ਦੌਰਾਨ ਜਦੋਂ ਕਿਸਾਨਾਂ ਵੱਲੋਂ ਨਾਅਰੇਬਾਜ਼ੀ ਕੀਤੀ ਜਾ ਰਹੀ ਸੀ ਤਾਂ ਹਰਿਆਣਾ ਪੁਲੀਸ ਤੇ ਸੁਰੱਖਿਆ ਬਲਾਂ ਨੇ ਉਨ੍ਹਾਂ ’ਤੇ ਅੱਥਰੂ ਗੈਸ ਦੇ ਗੋਲੇ ਸੁੱਟਣੇ ਸ਼ੁਰੂ ਕਰ ਦਿੱਤੇ। ਇਸੇ ਤਰ੍ਹਾਂ ਕਿਸਾਨਾਂ ’ਤੇ ਰਬੜ ਦੀਆਂ ਗੋਲੀਆਂ ਅਤੇ ਪਾਣੀ ਦੀਆਂ ਬੁਛਾੜਾਂ ਵੀ ਮਾਰੀਆਂ ਗਈਆਂ। ਕਰੀਬ ਇੱਕ ਕਿਲੋਮੀਟਰ ਤੱਕ ਅੱਥਰੂ ਗੈਸ ਦੇ ਗੋਲੇ ਦਾਗੇ ਜਾਂਦੇ ਰਹੇ। ਕਿਸਾਨਾਂ ਨੇ ਦੋਸ਼ ਲਾਇਆ ਕਿ ਕਿਸਾਨਾਂ ਉਪਰ ਪੈਲਟ ਗੰਨ ਨਾਲ ਛਰੇ ਵੀ ਦਾਗੇ ਗਏ। ਲਹੂ-ਲੁਹਾਨ ਹੋਏ ਇੱਕ ਨੌਜਵਾਨ ਕਿਸਾਨ ਸਤਨਾਮ ਸਿੰਘ ਨੇ ਦੱਸਿਆ ਕਿ ਪੰਜ ਨੌਜਵਾਨਾਂ ਨੂੰ ਹਰਿਆਣਾ ਪੁਲੀਸ ਖਿੱਚ ਕੇ ਲੈ ਗਈ ਸੀ। ਕਿਸਾਨਾਂ ਨੇ ਉਨ੍ਹਾਂ ਨੂੰ ਬੜੀ ਮੁਸ਼ਕਲ ਨਾਲ ਛੁਡਾਇਆ। ਕਿਸਾਨ ਆਗੂਆਂ ਅਨੁਸਾਰ 40 ਤੋ ਵੱਧ ਕਿਸਾਨ ਜ਼ਖ਼ਮੀ ਹੋਏ ਹਨ, ਜਿਨ੍ਹਾਂ ’ਚੋ ਬਹੁਤਿਆਂ ਨੂੰ ਪਾਤੜਾਂ ਦੇ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਇਨ੍ਹਾਂ ’ਚੋਂ ਕੁੱਝ ਨੂੰ ਪਟਿਆਲਾ ਰੈਫ਼ਰ ਕਰ ਦਿੱਤਾ ਗਿਆ ਹੈ। ਖਨੌਰੀ ਬਾਰਡਰ ’ਤੇ ਅੱਜ ਪੰਜਾਬ ਸਰਕਾਰ ਦੇ ਸਿਵਲ ਅਤੇ ਪੁਲੀਸ ਦੇ ਉਚ ਅਧਿਕਾਰੀ ਵੀ ਵੱਡੀ ਗਿਣਤੀ ਵਿੱਚ ਤਾਇਨਾਤ ਰਹੇ। ਖਨੌਰੀ ਬਾਰਡਰ ’ਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਲਗਾਏ ਮੈਡੀਕਲ ਕੈਂਪਾਂ ਦੌਰਾਨ ਜ਼ਖਮੀਆਂ ਨੂੰ ਸੰਭਾਲਿਆ ਜਾ ਰਿਹਾ ਹੈ। ਸ਼ਾਮ ਚਾਰ ਵਜੇ ਪੰਜਾਬ-ਹਰਿਆਣਾ ਹੱਦ ਤੋਂ ਪਿੱਛੇ ਕਿਸਾਨਾਂ ਨੇ ਰੱਸੀ ਬੰਨ੍ਹ ਕੇ ਵਲੰਟੀਅਰ ਖੜ੍ਹੇ ਕਰ ਦਿੱਤੇ ਤਾਂ ਜੋ ਕੋਈ ਵੀ ਕਿਸਾਨ ਅੱਗੇ ਨਾ ਜਾਵੇ।

Advertisement

ਸ਼ੰਭੂ ਬਾਰਡਰ ’ਤੇ ਜਾਣ ਲਈ ਕਿਸਾਨਾਂ ਦੇ ਹੌਸਲੇ ਬੁਲੰਦ

ਸ਼ੰਭੂ ਬਾਰਡਰ ’ਤੇ ਬੁੱਧਵਾਰ ਨੂੰ ਨਾਅਰੇ ਲਾਉਂਦਾ ਹੋਇਆ ਕਿਸਾਨ। -ਫੋਟੋ: ਵਿੱਕੀ ਘਾਰੂ

ਰਾਜਪੁਰਾ/ਪਟਿਆਲਾ (ਦਰਸ਼ਨ ਸਿੰਘ ਮਿੱਠਾ/ਸਰਬਜੀਤ ਸਿੰਘ ਭੰਗੂ): ਕਿਸਾਨੀ ਮੰਗਾਂ ਸਬੰਧੀ ‘ਦਿੱਲੀ ਚੱਲੋ’ ਦੇ ਸੱਦੇ ਤਹਿਤ ਕਿਸਾਨਾਂ ਵੱਲੋਂ ਲਗਾਤਾਰ ਸ਼ੰਭੂ ਬਾਰਡਰ ’ਤੇ ਪਹੁੰਚਣਾ ਜਾਰੀ ਹੈ। ਮੋਰਚੇ ’ਤੇ ਜਾਣ ਲਈ ਉਨ੍ਹਾਂ ਦੇ ਹੌਸਲੇ ਬੁਲੰਦ ਹਨ। ਅੱਜ ਸ਼ੰਭੂ ਬਾਰਡਰ ’ਤੇ ਲੰਗਰ ਲੈ ਕੇ ਜਾ ਰਹੇ ਕਿਸਾਨਾਂ ਨੇ ਕਿਹਾ ਕਿ ਉਹ ਹਰ ਰੋਜ਼ ਬਲਦੇਵ ਸਿੰਘ ਸ਼ਾਦੀਪੁਰ ਦੀ ਅਗਵਾਈ ਹੇਠ ਪਿੰਡ ਸਬਦਲਪੁਰ ਤੋਂ ਸ਼ੰਭੂ ਬਾਰਡਰ ’ਤੇ ਲੰਗਰ ਲੈ ਕੇ ਪੁੱਜ ਰਹੇ ਹਨ। ਕਿਸਾਨ ਸੁਖਦੇਵ ਸਿੰਘ, ਕੁਲਵੰਤ ਸਿੰਘ, ਹਰਿੰਦਰਪਾਲ ਸਿੰਘ, ਕੁਲਜੀਤ ਸਿੰਘ ਅਤੇ ਬਲਵਿੰਦਰ ਸਿੰਘ ਨੇ ਕਿਹਾ ਕਿ ਉਹ ਆਪਣੇ ਆਗੂਆਂ ਦੇ ਹੁਕਮਾਂ ’ਤੇ ਦਿੱਲੀ ਹਰ ਹਾਲਤ ਵਿਚ ਜਾਣਗੇ। ਉਨ੍ਹਾਂ ਕਿਹਾ ਕਿ ਉਹ ਧਰਨੇ ’ਚ ਸ਼ਾਮਲ ਹੋਣ ਤੋਂ ਪਹਿਲਾਂ ਆਪਣੇ ਘਰਾਂ ’ਚ ਫੁੱਲਾਂ ਦੇ ਹਾਰ ਫੜਾ ਕੇ ਇਹ ਆਖ ਕੇ ਆਏ ਹਨ ਕਿ ਜੇ ਉਹ ਜਿਊਂਦੇ ਬਚ ਕੇ ਆ ਗਏ ਤਾਂ ਇਹ ਹਾਰ ਉਨ੍ਹਾਂ ਦੇ ਗਲਾਂ ਵਿਚ ਪਾ ਦਿਓ ਤੇ ਜੇ ਨਾ ਆਏ ਤਾਂ ਉਨ੍ਹਾਂ ਦੀਆਂ ਫ਼ੋਟੋਆਂ ’ਤੇ ਪਾ ਦਿੱਤੇ ਜਾਣ। ਇਸ ਦੌਰਾਨ ਮੋਰਚੇ ਦੇ ਆਗੂਆਂ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਣ ਸਿੰਘ ਪੰਧੇਰ ਨੇ ਅਗਲੇ ਦੋ ਦਿਨਾਂ ਲਈ ਦਿੱਲੀ ਕੂਚ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋ ਦਿਨਾਂ ਦੌਰਾਨ ਵਿਚਾਰ ਵਟਾਂਦਰਾ ਕਰ ਕੇ ਸੰਘਰਸ਼ ਲਈ ਅਗਲੀ ਰਣਨੀਤੀ ਉਲੀਕੀ ਜਾਵੇਗੀ। ਉਨ੍ਹਾਂ ਕਿਹਾ ਕਿ ਹਰਿਆਣਾ ਪੁਲੀਸ ਦੇ ਇਸ ਹੱਲੇ ਮਗਰੋਂ ਉਨ੍ਹਾਂ ਦੇ ਕਈ ਕਿਸਾਨ ਲਾਪਤਾ ਹਨ। ਉਨ੍ਹਾਂ ਨੂੰ ਸ਼ੱਕ ਹੈ ਕਿ ਹਰਿਆਣਾ ਪੁਲੀਸ ਨੇ ਉਨ੍ਹਾਂ ਨੂੰ ਚੁੱਕ ਲਿਆ ਹੈ।

ਕਿਸਾਨਾਂ ’ਤੇ ਗੋਲੀਆਂ ਚਲਾਉਣ ਵਾਲਿਆਂ ਖਿਲਾਫ਼ ਕੇਸ ਦਰਜ ਹੋਵੇ: ਚੰਨੀ

Advertisement

ਰੂਪਨਗਰ (ਪੱਤਰ ਪ੍ਰੇਰਕ): ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਖਨੌਰੀ ਬਾਰਡਰ ’ਤੇ ਹਰਿਆਣਾ ਪੁਲੀਸ ਨਾਲ ਟਕਰਾਅ ਦੌਰਾਨ ਨੌਜਵਾਨ ਦੀ ਹੋਈ ਮੌਤ ਉਪਰੰਤ ਕੇਂਦਰ ਅਤੇ ਪੰਜਾਬ ਸਰਕਾਰ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ, ਹਰਿਆਣਾ ਸਰਕਾਰ ਅਤੇ ਗੋਲੀਆਂ ਚਲਾਉਣ ਵਾਲਿਆਂ ’ਤੇ ਕਤਲ ਦਾ ਕੇਸ ਦਰਜ ਕੀਤਾ ਜਾਵੇ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਖੋਟਾ ਸਿੱਕਾ ਕਰਾਰ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਕੇਂਦਰ ਨਾਲ ਮਿਲ ਕੇ ਪੰਜਾਬ ਦੇ ਕਿਸਾਨਾਂ ਨੂੰ ਦਬਾਉਣ ਲਈ ਲੂੰਬੜ ਚਾਲਾਂ ਚੱਲੀਆਂ ਜਾ ਰਹੀਆਂ ਹਨ। ਉਨ੍ਹਾਂ ਮੁੱਖ ਮੰਤਰੀ ਮਾਨ ਨੂੰ ਕੇਂਦਰ ਦਾ ਏਜੰਟ ਗਰਦਾਨਦਿਆਂ ਕਿਹਾ ਕਿ ਮੁੱਖ ਮੰਤਰੀ ਆਪਣੇ ਸਿਆਸੀ ਫਾਇਦੇ ਲਈ ਕੇਂਦਰ ਨਾਲ ਮਿਲ ਕੇ ਪੰਜਾਬ ਦੇ ਲੋਕਾਂ ਦਾ ਹੱਕ ਮਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਵਰਗੀ ਪੱਗ ਬੰਨ੍ਹ ਕੇ ਕੁੱਝ ਨਹੀਂ ਬਣਨਾ, ਬਲਕਿ ਉਨ੍ਹਾਂ ਵਰਗੇ ਕੰਮ ਵੀ ਕੀਤੇ ਜਾਣੇ ਜ਼ਰੂਰੀ ਹਨ।

ਸਿਹਤ ਮੰਤਰੀ ਨੇ ਜ਼ਖ਼ਮੀ ਕਿਸਾਨਾਂ ਦਾ ਹਾਲ ਪੁੱਛਿਆ

ਪਟਿਆਲਾ (ਖੇਤਰੀ ਪ੍ਰਤੀਨਿਧ): ਕਿਸਾਨ ਸੰਘਰਸ਼ ਦੌਰਾਨ ਅੱਜ ਨੌਜਵਾਨ ਸ਼ੁਭਕਰਨ ਸਿੰਘ ਦੀ ਮੌਤ ’ਤੇ ਪੰਜਾਬ ਦੇ ਦੋ ਮੰਤਰੀਆਂ ਚੇਤਨ ਸਿੰਘ ਜੌੜਾਮਾਜਰਾ ਤੇ ਡਾ. ਬਲਬੀਰ ਸਿੰਘ ਸਮੇਤ ਕੁਝ ਵਿਧਾਇਕਾਂ ਨੇ ਦੁੱਖ ਪ੍ਰ੍ਰਗਟ ਕਰਦਿਆਂ ਹਰਿਆਣਾ ਸਰਕਾਰ ਦੀ ਨਿਖੇਧੀ ਕੀਤੀ ਹੈ। ਇਨ੍ਹਾਂ ’ਚੋਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਰਾਜਿੰਦਰਾ ਹਸਪਤਾਲ ਦਾ ਦੌਰਾ ਕਰ ਕੇ ਜ਼ਖ਼ਮੀਆਂ ਦਾ ਹਾਲ ਪੁੱਛਿਆ। ਸਿਹਤ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਵਿੱਚ ਵੀ ਉਤਰ-ਪੂਰਬੀ ਰਾਜਾਂ ਵਰਗੇ ਹਾਲਾਤ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅੰਤਰਰਾਜੀ ਸਰਹੱਦ ਨੂੰ ਕੌਮਾਂਤਰੀ ਸਰਹੱਦ ਬਣਾ ਦਿੱਤਾ ਗਿਆ ਹੈ।

Advertisement