ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਢਾਹ ਦਿਓ ਗ਼ਲਤਫਹਿਮੀ ਦੀ ਦੀਵਾਰ

10:41 AM Dec 30, 2023 IST

ਕੇਵਲ ਸਿੰਘ ਮਾਨਸਾ
ਜ਼ਿੰਦਗੀ ਵਿੱਚ ਵਿਚਰਦਿਆਂ ਮਨੁੱਖ ਬਹੁਤ ਵਾਰ ਜਾਣੇ-ਅਣਜਾਣੇ ਗ਼ਲਤਫਹਿਮੀ ਦਾ ਸ਼ਿਕਾਰ ਹੋ ਜਾਂਦਾ ਹੈ। ਜਿਸ ਨਾਲ ਰਿਸ਼ਤਿਆਂ ਵਿੱਚ ਤਣਾਅ ਪੈਦਾ ਹੋ ਜਾਂਦਾ ਹੈ। ਕਈ ਵਾਰ ਤਾਂ ਉਹ ਸ਼ੱਕ ਦੇ ਆਧਾਰ ’ਤੇ ਐਨੇ ਗੂੜ੍ਹੇੇ ਰਿਸ਼ਤੇ ਵੀ ਤੋੜ ਲੈਂਦਾ ਹੈ ਜਿਨ੍ਹਾਂ ਕਰਕੇ ਜ਼ਿੰਦਗੀ ਦਾ ਸੁਆਦ ਹੀ ਫਿੱਕਾ ਪੈ ਜਾਂਦਾ ਹੈ। ਸ਼ੱਕ ਕਾਰਨ ਰਿਸ਼ਤਿਆਂ ਵਿੱਚ ਆਈ ਦਰਾੜ ਓਨਾ ਚਿਰ ਭਰੀ ਨਹੀਂ ਜਾਂਦੀ ਜਿੰਨਾ ਸਮਾਂ ਮਨੁੱਖ ਇੱਕ ਦੂਜੇ ਨਾਲ ਸੰਵਾਦ ਕਰਕੇ ਸ਼ੱਕ ਨੂੰ ਦੂਰ ਨਹੀਂ ਕਰ ਲੈਂਦਾ।
ਸੰਵਾਦ ਲਈ ਉਹ ਬਹੁਤ ਵਾਰ ਘੁਮੰਡ ਦਾ ਸ਼ਿਕਾਰ ਹੋ ਜਾਂਦਾ ਹੈ। ਉਹ ਰਿਸ਼ਤਿਆਂ ਵਿੱਚ ਆਈ ਤਰੇੜ ਨੂੰ ਭਰਨ ਲਈ ਪਹਿਲ ਕਰਨ ਤੋਂ ਗੁਰੇਜ਼ ਕਰਦਾ ਹੈ ਜਿਸ ਨਾਲ ਇਹ ਦਰਾੜ ਹੋਰ ਡੂੰਘੀ ਹੋ ਜਾਂਦੀ ਹੈ ਤੇ ਆਖਿਰਕਾਰ ਉਹ ਆਪਣੇ ਪਵਿੱਤਰ, ਸੱਚੇ-ਸੁੱਚੇ, ਬਹੁਤ ਪਿਆਰੇ ਅਤੇ ਮਾਣ ਮਹਿਸੂਸ ਕਰਨ ਵਾਲੇ ਮਿੱਤਰਾਂ, ਰਿਸ਼ਤੇਦਾਰਾਂ ਤੋਂ ਬਹੁਤ ਦੂਰ ਹੋ ਜਾਂਦਾ ਹੈ। ਫਿਰ ਜ਼ਿੰਦਗੀ ਭਰ ਲਈ ਪਛਤਾਵਾ ਹੀ ਪੱਲੇ ਪੈ ਜਾਂਦਾ ਹੈ। ਇਸ ਲਈ ਸਾਨੂੰ ਘੁਮੰਡ ਵਿੱਚ ਆ ਕੇ ਕਦੇ ਵੀ ਵਧੀਆ ਰਿਸ਼ਤਿਆਂ ਨੂੰ ਗੁਆਉਣਾ ਨਹੀਂ ਚਾਹੀਦਾ। ਜੇਕਰ ਕਦੇ ਗ਼ਲਤਫਹਿਮੀ ਦੀ ਦੀਵਾਰ ਪੈਦਾ ਹੋ ਵੀ ਜਾਵੇ ਤਾਂ ਆਪ ਪਹਿਲ ਕਰਕੇ ਸਮੇਂ ’ਤੇ ਇਸ ਨੂੰ ਢਾਹ ਦੇਣਾ ਚਾਹੀਦਾ ਹੈ।
ਇਹ 1984 ਦੀ ਗੱਲ ਹੈ ਜਦੋਂ ਮੈਂ ਗਾਂਧੀ ਹਾਇਰ ਸੈਕੰਡਰੀ ਸਕੂਲ ਵਿੱਚ ਪੜ੍ਹਦਾ ਸੀ। ਉਂਝ ਭਾਵੇਂ ਸਕੂਲ ਵਿੱਚ ਮੇਰੇ ਬਹੁਤ ਸਾਰੇ ਦੋਸਤ ਸਨ, ਪਰ ਮੇਰਾ ਇੱਕ ਪੱਕਾ ਦੋਸਤ ਵਿਨੋਦ ਸੀ। ਅਸੀਂ ਪਹਿਲੀ ਕਲਾਸ ਤੋਂ ਇਕੱਠੇ ਪੜ੍ਹੇ, ਖੇਡੇ ਤੇ ਇੱਕ ਦੂਜੇ ਦੇ ਘਰ ਰੋਟੀ ਖਾਂਦੇ ਅਤੇ ਉੱਥੇ ਹੀ ਸੌਂ ਜਾਂਦੇ। ਅਸੀਂ ਇੱਕ ਦੂਜੇ ਦੇ ਦੁੱਖਾਂ-ਦਰਦਾਂ ਦੀ ਅਜਿਹੀ ਦਵਾਈ ਸਾਂ ਜੋ ਹਰ ਬਿਮਾਰੀ ਅਤੇ ਸਮੱਸਿਆ ਦਾ ਇਲਾਜ ਕਰ ਦਿੰਦੀ ਸੀ। ਅਸੀਂ ਜਦੋਂ ਵੀ ਟਿਊਸ਼ਨ ਲੱਗਦੇ ਤਾਂ ਵੀ ਇਕੱਠੇ ਇੱਕ ਹੀ ਅਧਿਆਪਕ ਕੋਲ ਪੜ੍ਹਦੇ ਸੀ। ਪੜ੍ਹਾਈ ਵਿੱਚ ਅਸੀਂ ਦੋਵੇਂ ਹੀ ਹੁਸ਼ਿਆਰ ਸੀ, ਪਰ ਅਸੀਂ ਹਿਸਾਬ ਵਿੱਚੋਂ ਦੋਵੇਂ ਬਹੁਤ ਕਮਜ਼ੋਰ ਸੀ। ਅਸੀਂ ਦੋਵਾਂ ਨੇ ਟਿਊਸ਼ਨ ਵੀ ਰੱਖੀ, ਪਰ ਫਿਰ ਵੀ ਸਾਡੇ ਪੱਲੇ ਕੱਖ ਨਾ ਪਿਆ। ਹਾਇਰ ਸੈਕੰਡਰੀ ਕਲਾਸ ਵਿੱਚ ਹਿਸਾਬ ਦੇ ਪੇਪਰ ਵਿੱਚੋਂ ਫੇਲ੍ਹ ਹੋਣ ਦਾ ਖ਼ਤਰਾ ਸਾਡੇ ਦੋਹਾਂ ਦੇ ਸਿਰ ਉੱਪਰ ਬਰਾਬਰ ਹੀ ਮੰਡਰਾ ਰਿਹਾ ਸੀ।
ਇਕੱਠੇ ਪੜ੍ਹਦਿਆਂ, ਖੇਡਦਿਆਂ ਅਚਾਨਕ ਇੱਕ ਅਜਿਹੀ ਘਟਨਾ ਵਾਪਰੀ ਕਿ ਆਪਸੀ ਰਿਸ਼ਤੇ ਵਿੱਚ ਗ਼ਲਤਫਹਿਮੀ ਦੀ ਦੀਵਾਰ ਪੈਦਾ ਹੋ ਗਈ। ਇੱਕ ਦੂਜੇ ’ਤੇ ਮਰ ਮਿਟਣ ਵਾਲੇ ਦੋਸਤ ਇੱਕ ਦੂਜੇ ਵੱਲ ਦੇਖਣ ਤੋਂ ਵੀ ਪਾਸਾ ਵੱਟਣ ਲੱਗ ਪਏ।
ਗੱਲ ਇਸ ਤਰ੍ਹਾਂ ਹੋਈ ਕਿ ਹਾਇਰ ਸੈਕੰਡਰੀ ਦੇ ਪੱਕੇ ਪੇਪਰ ਸਨ ਤਾਂ ਸਾਡੇ ਦੋਵਾਂ ਦਾ ਰੋਲ ਨੰਬਰ ਅੱਗੇ ਪਿੱਛੇ ਸੀ। ਉਹ ਅਗਲੀ ਸੀਟ ’ਤੇ ਸੀ ਤੇ ਮੈਂ ਉਸ ਦੇ ਪਿੱਛੇ। ਉਸ ਦਿਨ ਹਿਸਾਬ ਦਾ ਪੇਪਰ ਸੀ। ਉਸ ਨੇ ਪ੍ਰਸ਼ਨ ਪੇਪਰ ਲੈਣ ਸਾਰ ਹੀ ਲਿਖਣਾ ਸ਼ੁਰੂ ਕਰ ਦਿੱਤਾ, ਪਰ ਮੈਂ ਪ੍ਰਸ਼ਨ ਪੇਪਰ ਪੜ੍ਹ ਕੇ ਚਿੰਤਾ ਵਿੱਚ ਪੈ ਗਿਆ ਕਿਉਂਕਿ ਮੈਨੂੰ ਕੋਈ ਵੀ ਸਵਾਲ ਆਉਂਦਾ ਨਹੀਂ ਸੀ। ਮੈਂ ਉਸ ਨੂੰ ਪੇਪਰ ਕਰਵਾਉਣ ਲਈ ਵਾਰ ਵਾਰ ਹੁੱਝਾਂ ਮਾਰੀਆਂ, ਪਰ ਉਸ ਨੇ ਮੇਰੇ ਵੱਲ ਕੋਈ ਧਿਆਨ ਨਾ ਦਿੱਤਾ ਤੇ ਬਸ ਲਿਖਦਾ ਹੀ ਰਿਹਾ। ਹਾਲ ਵਿੱਚ ਬਾਕੀ ਹੋਰ ਵਿਦਿਆਰਥੀ ਵੀ ਉਸ ਨੂੰ ਪੇਪਰ ਪੁੱਛਣ ਦੀ ਕੋਸ਼ਿਸ਼ ਕਰਨ ਲੱਗੇ, ਪਰ ਉਸ ਨੇ ਕਿਸੇ ਵੱਲ ਵੀ ਦੇਖਿਆ ਤੱਕ ਨਾ। ਆਸੇ ਪਾਸੇ ਦੇਖ ਮੈਂ ਉਸ ਨੂੰ ਇੱਕ ਵਾਰ ਫੇਰ ਹੁੱਝ ਮਾਰ ਕੇ ਪੁੱਛਣਾ ਚਾਹਿਆ ਤੇ ਅੱਗੋਂ ਉਹ ਕਹਿਣ ਲੱਗਾ, ‘‘ਯਾਰ, ਕਿਉਂ ਤੰਗ ਕਰੀ ਜਾਨੈ? ਜਦੋਂ ਮੈਂ ਤੈਨੂੰ ਇੱਕ ਵਾਰ ਕਹਿ ਦਿੱਤਾ ਬਈ ਮੈਨੂੰ ਕੁੱਝ ਨਹੀਂ ਆਉਂਦਾ।’’ ਇਹ ਕਹਿ ਕੇ ਉਹ ਫੇਰ ਪੇਪਰ ਕਰਨ ਲੱਗ ਪਿਆ। ਮੈਨੂੰ ਬਹੁਤ ਗੁੱਸਾ ਆਇਆ ਤੇ ਮੈਂ ਫ਼ੈਸਲਾ ਕਰ ਲਿਆ ਕਿ ਇਹੋ ਜਿਹੇ ਘਟੀਆ ਬੰਦੇ ਨੂੰ ਮੁੜ ਕਦੇ ਬੁਲਾਉਣਾ ਹੀ ਨਹੀਂ। ਮੈਂ ਗੁੱਸੇ ਵਿੱਚ ਭਰੇ ਮਨ ਨਾਲ ਸਮੇਂ ਤੋਂ ਪਹਿਲਾਂ ਬਿਨਾਂ ਪੇਪਰ ਕੀਤਿਆਂ ਉੱਠ ਕੇ ਆ ਗਿਆ। ਉਸ ਤੋਂ ਬਾਅਦ ਅਸੀਂ ਦੋਵਾਂ ਨੇ ਇੱਕ ਦੂਜੇ ਨੂੰ ਕਈ ਮਹੀਨੇ ਬੁਲਾਇਆ ਤੱਕ ਨਾ।
ਆਖੀਰ ਤਿੰਨ ਕੁ ਮਹੀਨੇ ਬਾਅਦ ਨਤੀਜਾ ਆਇਆ। ਅਸੀਂ ਦੋਵੇਂ ਹੀ ਫੇਲ੍ਹ ਹੋ ਗਏ। ਪੇਪਰ ਵਿੱਚੋਂ ਮੇਰੇ 7 ਅਤੇ ਉਸ ਦੇ 5 ਨੰਬਰ ਆਏ। ਨਤੀਜਾ ਦੇਖ ਕੇ ਮੈਂ ਬਹੁਤ ਹੈਰਾਨ ਹੋਇਆ ਤੇ ਮੇਰੇ ਮਨ ਵਿੱਚ ਉਸ ਬਾਰੇ ਪੁੱਠੇ-ਸਿੱਧੇ ਵਿਚਾਰ ਆਉਣੇ ਸ਼ੁਰੂ ਹੋ ਗਏੇ। ਕਦੇ ਸੋਚਣ ਲੱਗਾ, ‘‘ਮੈਂ ਉਸ ’ਤੇ ਐਵੇਂ ਹੀ ਗ਼ਲਤ ਸ਼ੱਕ ਕਰ ਬੈਠਾ। ਐਨਾ ਵਧੀਆ ਦੋਸਤ ਐ।’’ ਫਿਰ ਮੇਰੇ ਮਨ ਵਿੱਚ ਇੱਕ ਹੋਰ ਵਿਚਾਰ ਆਇਆ, ‘‘ਬਚਪਨ ਦੀ ਯਾਰੀ ਸੀ ਪਤਾ ਨ੍ਹੀਂ ਕਿਉਂ? ਐਨਾ ਧੋਖੇਬਾਜ਼ ਨਿਕਲਿਆ ਨਾਲੇ ਉਹ ਤਾਂ ਸਾਰਾ ਪੇਪਰ ਕਰਕੇ ਆਇਆ ਸੀ, ਨੰਬਰ ਫਿਰ ਵੀ ਮੇਰੇ ਤੋਂ ਘੱਟ ਆਏ ਨੇ। ਇਹੋ ਜਿਹੇ ਬੇਈਮਾਨ ਨਾਲ ਇਸ ਤਰ੍ਹਾਂ ਹੀ ਹੋਣੀ ਚਾਹੀਦੀ ਸੀ।’’ ਮੇਰੇ ਮਨ ਵਿੱਚ ਇਹ ਵੀ ਹੰਕਾਰ ਆ ਗਿਆ ਕਿ ਭਾਵੇਂ ਮੈਂ ਵੀ ਫੇਲ੍ਹ ਹੋ ਗਿਆ, ਪਰ ਮੇਰੇ ਨੰਬਰ ਤਾਂ ਉਸ ਤੋਂ ਜ਼ਿਆਦਾ ਨੇ ਇਸ ਕਰਕੇ ਮੈਂ ਉਸ ਨੂੰ ਪਹਿਲਾਂ ਕਿਉਂ ਬੁਲਾਵਾਂ? ਦੋਵੇਂ ਹੰਕਾਰ ਵਿੱਚ ਆ ਕੇ ਐਨੇ ਉਲਝ ਗਏ ਕਿ ਇੱਕ ਦੂਜੇ ਵੱਲ ਪਿੱਠ ਕਰਕੇ ਲੰਘਣ ਲੱਗ ਪਏ।
ਬਚਪਨ ਦੇ ਦੋਸਤ ਦੀ ਬਿਨਾਂ ਕਾਰਨ ਤੋਂ ਨਾਰਾਜ਼ਗੀ ਨੇ ਮੈਨੂੰ ਚਿੰਤਾ ਵਿੱਚ ਪਾ ਦਿੱਤਾ। ਇੱਕ ਦਿਨ ਜਦੋਂ ਮੈਂ ਪੂਰੀ ਟੈਨਸ਼ਨ ਵਿੱਚ ਸੀ ਤਾਂ ਉਸ ਨੂੰ ਮਿਲਣ ਦਾ ਫ਼ੈਸਲਾ ਕਰ ਲਿਆ ਤੇ ਮੈਂ ਆਪਣੇ ਇੱਕ ਹੋਰ ਦੋਸਤ ਨੂੰ ਨਾਲ ਲੈ ਕੇ ਉਸ ਦੇ ਘਰ ਚਲਾ ਗਿਆ। ਉਹ ਮੈਨੂੰ ਦੇਖ ਕੇ ਦੂਰੋਂ ਹੀ ਹੱਸ ਕੇ ਕਹਿਣ ਲੱਗਾ, ‘‘ਆਜਾ ਬਹਿਜਾ! ਆਪਾਂ ਦੋਵੇਂ ਹੀ ਫੇਲ੍ਹ ਆਂ। ਭਰਾਵਾ ਤੂੰ ਤਾਂ ਐਵੇਂ ਹੀ ਗ਼ਲਤਫਹਿਮੀ ਦਾ ਸ਼ਿਕਾਰ ਹੋ ਗਿਆ। ਪੇਪਰ ਤਾਂ ਮੈਨੂੰ ਬਿਲਕੁਲ ਵੀ ਆਉਂਦਾ ਨਹੀਂ ਸੀ। ਮੈਂ ਤਾਂ ਟਾਈਮ ਪਾਸ ਕਰਨ ਦੇ ਮਾਰੇ ਨੇ ਪੂਰਾ ਪ੍ਰਸ਼ਨ ਪੱਤਰ ਹੀ ਦੋ-ਤਿੰਨ ਵਾਰ ਉਤਾਰ ਦਿੱਤਾ ਸੀ। ਨਾਲੇ ਮੈਨੂੰ ਤਾਂ ਅੰਦਰੋਂ ਹਾਸੀ ਆ ਰਹੀ ਸੀ ਜਦੋਂ ਆਸੇ-ਪਾਸੇ ਵਾਲੇ ਮੇਰੇ ਹਾੜ੍ਹੇ ਕੱਢ ਰਹੇ ਸੀ। ਮੈਂ ਤਾਂ ਸਾਰਾ ਕੁੱਝ ਮਜ਼ਾਕ ਵਿੱਚ ਹੀ ਕਰ ਬੈਠਾ। ਮੈਂ ਤਾਂ ਭਰਾਵਾ ਪ੍ਰਸ਼ਨ ਪੱਤਰ ਹੀ ਦੋ-ਤਿੰਨ ਵਾਰ ਚੇਪ ਕੇ ਪੂਰੀ ਸੀਟ ਭਰ ਦਿੱਤੀ ਸੀ। ਮੈਨੂੰ ਲੱਗਦੈ ਆਹ ਪੰਜ ਨੰਬਰ ਵੀ ਪੇਪਰ ਦੇਖਣ ਵਾਲੇ ਨੇ ਸੀਟ ਭਰੀ ਦੇਖ ਮੇਰੀ ਮਿਹਨਤ ’ਤੇ ਤਰਸ ਖਾ ਐਵੇਂ ਹੀ ਦੇ ਦਿੱਤੇ।’’ ਉਸ ਦੀ ਪੂਰੀ ਗੱਲ ਸੁਣ ਕੇ ਅਸੀਂ ਹੱਸ ਹੱਸ ਦੂਹਰੇ ਹੋ ਗਏ ਤੇ ਸੋਚਣ ਲੱਗੇ ਬਈ ਇਹ ਕੀ ਗੱਲ ਬਣ ਗਈ? ਖੋਦਿਆ ਪਹਾੜ ਤੇ ਨਿਕਲਿਆ ਚੂਹਾ। ਉੱਚੀ-ਉੱਚੀ ਹੱਸਦਿਆਂ ਅਸੀਂ ਦੋਹਾਂ ਨੇ ਹੀ ਗ਼ਲਤੀ ਦਾ ਅਹਿਸਾਸ ਕੀਤਾ। ਫਿਰ ਇੱਕ ਦੂਜੇ ਨੂੰ ਜੱਫੀ ਪਾਈ ਅਤੇ ਮੁੜ ਦੁਬਾਰਾ ਕਦੇ ਵੀ ਗੁੱਸੇ ਨਾ ਹੋਣ ਦਾ ਬਚਨ ਲਿਆ।
ਬਚਪਨ ਦਾ ਉਹ ਦੋਸਤ ਅੱਜ ਵੀ ਹਰ ਦੁੱਖ ਸੁੱਖ ਦਾ ਦਰਦੀ ਹੈ। ਭਾਵੇਂ ਜ਼ਮਾਨਾ ਬਹੁਤ ਬਦਲ ਗਿਆ ਹੈ। ਰਿਸ਼ਤਿਆਂ ਵਿੱਚ ਪੈਸੇ ਦੀ ਦੀਵਾਰ ਭਾਰੂ ਹੋ ਗਈ ਹੈ, ਪਰ ਸਾਡੇ ਲਈ ਦੋਸਤੀ ਅੱਜ ਵੀ ਸੁਪਰੀਮ ਹੈ। ਸਾਡੀ ਜ਼ਿੰਦਗੀ ਵਿੱਚ ਪੈਸੇ ਨੇ ਕਦੇ ਦਖਲ ਨਹੀਂ ਦਿੱਤਾ। ਪੈਸਾ, ਜਾਤ-ਪਾਤ ਅਤੇ ਧਰਮ ਦੀਆਂ ਕੰਧਾਂ ਤੋਂ ਉੱਪਰ ਉੱਠ ਕੇ ਅਸੀਂ ਅੱਜ ਵੀ ਇੱਕ ਦੂਜੇ ਲਈ ਜਾਨ ਦੀ ਬਾਜ਼ੀ ਲਾਉਣ ਲਈ ਤਿਆਰ ਰਹਿੰਦੇ ਹਾਂ। ਉਸ ਦਿਨ ਤੋਂ ਬਾਅਦ ਮੁੜ ਅਸੀਂ ਕਦੇ ਵੀ ਗੁੱਸੇ ਨਹੀਂ ਹੋਏ। ਉਨ੍ਹਾਂ ਗੱਲਾਂ ਨੂੰ 40 ਸਾਲ ਹੋ ਗਏ। ਅਸੀਂ ਅੱਜ ਵੀ ਭਰਾਵਾਂ ਵਾਂਗ ਇਕੱਠੇ ਰਹਿੰਦੇ ਹਾਂ। ਅੱਜ ਵੀ ਮੈਨੂੰ ਲੱਗਦੇ ਜੇਕਰ ਮੈਂ ਗ਼ਲਤਫਹਿਮੀ ਦੀ ਦੀਵਾਰ ਨੂੰ ਸਮੇਂ ’ਤੇ ਨਸ਼ਟ ਨਾ ਕਰਦਾ ਤਾਂ ਜ਼ਿੰਦਗੀ ਦਾ ਰੰਗ ਫਿੱਕਾ ਪੈ ਜਾਣਾ ਸੀ। ਅਸਲ ਵਿੱਚ ਸੱਚੇ ਦੋਸਤ ਹੀ ਜ਼ਿੰਦਗੀ ਵਿੱਚ ਖੁਸ਼ੀਆਂ ਦੇ ਰੰਗ ਭਰਦੇ ਹਨ। ਚੰਗੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਕਿਸੇ ਵੀ ਕੀਮਤ ’ਤੇ ਗੁਆਉਣਾ ਨਹੀਂ ਚਾਹੀਦਾ।
ਸੰਪਰਕ: 98725-15652

Advertisement

Advertisement