ਟੀਮ ਜੈਨਸੌਨਿਕ ਵੱਲੋਂ ‘ਬਾਜਾ-2025’ ਵਿੱਚ ਸ਼ਾਨਦਾਰ ਕਾਰਗੁਜ਼ਾਰੀ
ਖੇਤਰੀ ਪ੍ਰਤੀਨਿਧ
ਲੁਧਿਆਣਾ, 3 ਫਰਵਰੀ
ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਦੇ ਵਿਦਿਆਰਥੀਆਂ ਦੀ ਟੀਮ ਜੈਨਸੌਨਿਕ ਨੇ ਐੱਸਏਈ ਇੰਡੀਆ ਵੱਲੋਂ ਕਰਵਾਏ ਮੁਕਾਬਲੇ ‘ਬਾਜਾ-2025’ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਦੇਸ਼ ਭਰ ਦੀਆਂ 48 ਚੋਟੀ ਦੀਆਂ ਟੀਮਾਂ ਵਿਰੁੱਧ ਮੁਕਾਬਲੇ ’ਚ ਹਿੱਸਾ ਲੈਂਦਿਆਂ ਟੀਮ ਜੈਨਸੌਨਿੱਕ ਨੇ ਸੇਲਜ ਸ਼੍ਰੇਣੀ ਵਿੱਚ ਤੀਜਾ ਸਥਾਨ, ਲਾਗਤ ਸ਼੍ਰੇਣੀ ਵਿੱਚ ਚੌਥਾ ਸਥਾਨ ਅਤੇ ਐਂਡੂਅਰੈਂਸ ਸ਼੍ਰੇਣੀ ਵਿੱਚ ਪ੍ਰਭਾਵਸ਼ਾਲੀ 17ਵਾਂ ਸਥਾਨ ਪ੍ਰਾਪਤ ਕੀਤਾ। ਮੁਕਾਬਲੇ ਜ਼ਰੀਏ ਵਿਦਿਆਰਥੀਆਂ ਨੂੰ ਵਾਹਨਾਂ ਨੂੰ ਡਿਜ਼ਾਈਨ ਕਰਨ ਅਤੇ ਬਣਾਉਣ ਵਿੱਚ ਆਪਣੀ ਨਵੀਨਤਾ, ਤਕਨੀਕੀ ਮੁਹਾਰਤ ਤੇ ਇੰਜਨੀਅਰਿੰਗ ਸਮਰੱਥਾਵਾਂ ਦਾ ਪ੍ਰਦਰਸ਼ਨ ਕਰਨ ਲਈ ਵਧੀਆ ਪਲੇਟਫਾਰਮ ਮਿਲਿਆ। ਟੀਮ ਜੈਨਸੌਨਿਕ ਦੇ ਫੈਕਲਟੀ ਸਲਾਹਕਾਰ ਡਾ. ਜਤਿੰਦਰ ਪਾਲ ਨੂੰ ਵੀ ਮੁਕਾਬਲੇ ਦੇ ਚੋਟੀ ਦੇ ਪੰਜ ਫੈਕਲਟੀ ਸਲਾਹਕਾਰਾਂ ਵਿੱਚ ਮਾਨਤਾ ਦਿੱਤੀ ਗਈ। ਪ੍ਰਿੰਸੀਪਲ ਡਾ. ਸਹਿਜਪਾਲ ਸਿੰਘ ਨੇ ਟੀਮ ਦੇ ਭਵਿੱਖ ਦੇ ਪ੍ਰਾਜੈਕਟਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਮਕੈਨੀਕਲ ਅਤੇ ਪ੍ਰੋਡਕਸ਼ਨ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਹਰਮੀਤ ਸਿੰਘ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮੈਂਟਰਾਂ ਨੂੰ ਉਨ੍ਹਾਂ ਦੀ ਸਿਰਜਣਾਤਮਕਤਾ ਅਤੇ ਲਗਨ ਲਈ ਵਧਾਈ ਦਿੱਤੀ।