ਟੀਚਿੰਗ ਫੈਲੋਜ਼ ਭਰਤੀ ਘੁਟਾਲਾ: ਵਿਜੀਲੈਂਸ ਦੀ ਸਿਫ਼ਾਰਿਸ਼ ’ਤੇ 128 ਜਣਿਆਂ ਖ਼ਿਲਾਫ਼ ਮਾਮਲਾ ਦਰਜ
ਕੇ.ਪੀ ਸਿੰਘ
ਗੁਰਦਾਸਪੁਰ 21 ਦਸੰਬਰ
ਜਾਅਲੀ ਸਰਟੀਫਿਕੇਟ ਤਿਆਰ ਕਰ ਕੇ ਸਿੱਖਿਆ ਵਿਭਾਗ ਵਿੱਚ ਭਰਤੀ ਹੋਣ ਵਾਲੇ ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਤ 128 ਟੀਚਿੰਗ ਫੈਲੋਜ਼ ਖ਼ਿਲਾਫ਼ ਸਿਟੀ ਪੁਲੀਸ ਸਟੇਸ਼ਨ ਅੰਦਰ ਮਾਮਲਾ ਦਰਜ ਕੀਤਾ ਗਿਆ ਹੈ । ਇਹ ਮੁਕੱਦਮਾ ਵਿਜੀਲੈਂਸ ਬਿਊਰੋ ਵੱਲੋਂ ਪੜਤਾਲ ਕਰਨ ਬਾਦ ਦਰਜ ਕੀਤਾ ਗਿਆ ਹੈ । ਇਨ੍ਹਾਂ ਵਿਚੋਂ ਜਾਅਲੀ ਤਜਰਬਾ ਸਰਟੀਫਿਕੇਟ ਦੇ 111 ਉਮੀਦਵਾਰ, ਜਾਅਲੀ ਰੂਰਲ ਏਰੀਆ ਸਰਟੀਫਿਕੇਟ ਦੇ 4 ਉਮੀਦਵਾਰ ਅਤੇ ਮੈਰਿਟ ਵਿੱਚ ਭੰਨ-ਤੋੜ ਵਾਲੇ 13 ਉਮੀਦਵਾਰ ਸ਼ਾਮਲ ਹਨ। ਥਾਣਾ ਸਿਟੀ ਗੁਰਦਾਸਪੁਰ ਦੀ ਪੁਲੀਸ ਵੱਲੋਂ ਮੁੱਖ ਡਾਇਰੈਕਟਰ ਵਿਜੀਲੈਂਸ ਦੀ ਸ਼ਿਕਾਇਤ ਤੇ 465, 467, 468, 471, 34 ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਵਿਜੀਲੈਂਸ ਵਿਭਾਗ ਮੋਹਾਲੀ ਵੱਲੋਂ 28 ਅਗਸਤ 2023 ਨੂੰ ਵੱਖ-ਵੱਖ ਜ਼ਿਲ੍ਹਿਆਂ ਦੇ ਪੁਲੀਸ ਮੁਖੀਆਂ ਨੂੰ ਜਾਰੀ ਕੀਤੇ ਗਏ ਪੱਤਰ ਮਗਰੋਂ ਜ਼ਿਲ੍ਹਾ ਗੁਰਦਾਸਪੁਰ ਵਿੱਚ ਵੀ ਉਨ੍ਹਾਂ 128 ਹੋਰ ਟੀਚਿੰਗ ਫੈਲੋਜ਼ ਦੇ ਖ਼ਿਲਾਫ਼ ਪੁਲੀਸ ਵੱਲੋਂ ਮੁਕੱਦਮਾ ਦਰਜ ਕੀਤੇ ਜਾਣ ਦੀ ਸੰਭਾਵਨਾ ਬਣੀ ਸੀ ਜਿਨ੍ਹਾਂ ਤੇ ਜਾਅਲੀ ਤਜਰਬਾ ਤੇ ਹੋਰ ਸਰਟੀਫਿਕੇਟ ਦੇ ਆਧਾਰ ਤੇ ਟੀਚਿੰਗ ਫੈਲੋ ਦੀ ਨੌਕਰੀ ਹਾਸਲ ਕਰਨ ਦਾ ਦੋਸ਼ ਹੈ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਇਸ ਤੋਂ ਪਹਿਲਾਂ ਮਲੇਰਕੋਟਲਾ, ਮਾਨਸਾ ਤੇ ਸੰਗਰੂਰ ਵਿੱਚ ਵੀ ਪੁਲੀਸ ਵੱਲੋਂ ਵਿਜੀਲੈਂਸ ਦੀ ਸਿਫ਼ਾਰਿਸ਼ ਦੇ ਅਧਾਰ ਤੇ ਕੁਲ 15 ਟੀਚਿੰਗ ਫੈਲੋਜ਼ ਦੇ ਖ਼ਿਲਾਫ਼ ਮਾਮਲੇ ਦਰਜ ਕੀਤੇ ਗਏ ਹਨ ਅਤੇ ਅਜਿਹੇ ਮੁਕੱਦਮੇ ਹੁਣ ਲੁਧਿਆਣਾ ਅਤੇ ਹੋਰ ਜ਼ਿਲ੍ਹਿਆਂ ਵਿੱਚ ਵੀ ਹੋ ਸਕਦੇ ਹਨ।
2007 ਤੋਂ ਸ਼ੁਰੂ ਹੋਏ ਟੀਚਿੰਗ ਫੈਲੋਜ਼ ਭਰਤੀ ਘੋਟਾਲੇ ਵਿੱਚ ਹਾਈ ਕੋਰਟ ਵੱਲੋਂ ਲਗਾਈ ਗਈ ਫਟਕਾਰ ਤੋਂ ਬਾਅਦ ਵਿਜੀਲੈਂਸ ਵੱਲੋਂ ਫਰਵਰੀ 2023 ਨੂੰ ਫਲਾਇੰਗ ਸਕੁਐਡ ਮੁਹਾਲੀ ਦਫ਼ਤਰ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਜ਼ਿਲ੍ਹਾ ਲੁਧਿਆਣਾ ਅਤੇ ਗੁਰਦਾਸਪੁਰ ਨਾਲ ਸੰਬੰਧਿਤ ਪੰਜ ਸਿੱਖਿਆ ਵਿਭਾਗ ਕਰਮਚਾਰੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ ਜਿਨ੍ਹਾਂ ਦੀ ਜ਼ਮਾਨਤ ਹੋ ਚੁੱਕੀ ਹੈ। ਇਸ ਤੋਂ ਬਾਅਦ ਵਿਜੀਲੈਂਸ ਬਿਊਰੋ ਦੇ ਡਾਇਰੈਕਟਰ ਵੱਲੋਂ 28 ਅਗਸਤ ਨੂੰ ਵੱਖ-ਵੱਖ ਜ਼ਿਲ੍ਹਿਆਂ ਦੇ ਪੁਲੀਸ ਮੁਖੀਆਂ ਨੂੰ ਉਹਨਾਂ ਟੀਚਿੰਗ ਫੈਲੋਜ਼ ਦੀਆਂ ਲਿਸਟਾਂ ਭੇਜ ਕੇ ਉਹਨਾਂ ਦੇ ਖ਼ਿਲਾਫ਼ ਮਾਮਲੇ ਦਰਜ ਕਰਨ ਦੀਆਂ ਹਿਦਾਇਤਾਂ ਦਿੱਤੀਆਂ ਗਈਆਂ ਸਨ ਜੋ ਟੀਚਿੰਗ ਫੈਲੋ ਘੁਟਾਲੇ ਦੀ ਸਿੱਖਿਆ ਵਿਭਾਗ ਵੱਲੋਂ ਵੱਖ-ਵੱਖ ਸਮਿਆਂ ਦੌਰਾਨ ਕਰਵਾਈ ਗਈ ਜਾਂਚ ਸਮੇਂ ਆਪਣੇ ਅਸਲੀ ਸਰਟੀਫਿਕੇਟ ਅਤੇ ਆਪਣਾ ਪੱਖ ਪੇਸ਼ ਨਹੀਂ ਕਰ ਸਕੇ ਸਨ ਜਿਸ ਤੋਂ ਬਾਅਦ ਮਾਨਸਾ ਦੇ ਸੱਤ ਅਤੇ ਸੰਗਰੂਰ ਅਤੇ ਮਲੇਰਕੋਟਲਾ ਦੇ ਅੱਠ ਟੀਚਿੰਗ ਫੈਲੋਜ਼ ਦੇ ਖ਼ਿਲਾਫ਼ ਪੁਲੀਸ ਵੱਲੋਂ ਮਾਮਲੇ ਦਰਜ ਕੀਤੇ ਗਏ ਸੀ ਅਤੇ ਹੁਣ ਜ਼ਿਲ੍ਹਾ ਗੁਰਦਾਸਪੁਰ ਪੁਲੀਸ ਨੂੰ ਜਾਰੀ ਕੀਤੀ ਗਈ ਲਿਸਟ ਦੇ ਅਧਾਰ ਤੇ 128 ਹੋਰ ਟੀਚਿੰਗ ਫੈਲੋਜ਼ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।