ਆਈਆਈਐੱਮ ਤੋਂ ਵਿਸ਼ੇਸ਼ ਸਿਖਲਾਈ ਲੈਣਗੇ ਅਧਿਆਪਕ
ਪੱਤਰ ਪ੍ਰੇਰਕ
ਐਸਏਐਸ ਨਗਰ (ਮੁਹਾਲੀ), 6 ਅਕਤੂਬਰ
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡੇ ਤੋਂ ਆਈਆਈਐੱਮ ਅਹਿਮਦਾਬਾਦ ਵਿੱਚ ਟਰੇਨਿੰਗ ਲਈ ਜਾਣ ਵਾਲੇ 50 ਹੈੱਡ ਮਾਸਟਰਾਂ/ ਹੈੱਡ ਮਿਸਟ੍ਰੈਸ ਦੇ ਤੀਜੇ ਬੈਚ ਨੂੰ ਰਵਾਨਾ ਕੀਤਾ। ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਹੈੱਡਮਾਸਟਰਾਂ ਤੇ ਹੈੱਡ ਮਿਸਟ੍ਰੈੱਸ ਦੇ ਤੀਜੇ ਬੈਚ ਨੂੰ ਵਿਸ਼ੇਸ਼ ਟਰੇਨਿੰਗ ਲਈ ਆਈਆਈਐੱਮ ਅਹਿਮਦਾਬਾਦ ਭੇਜਿਆ ਗਿਆ ਹੈ। ਇਹ ਬੈਚ 7 ਤੋਂ 11 ਅਕਤੂਬਰ ਤੱਕ ਸਿਖਲਾਈ ਹਾਸਲ ਕਰੇਗਾ। ਉਨ੍ਹਾਂ ਦੱਸਿਆ ਕਿ ਆਈਆਈਐੱਮ ਅਹਿਮਦਾਬਾਦ ਦੁਨੀਆਂ ਭਰ ਵਿੱਚ ਮੈਨੇਜਮੈਂਟ ਦੀ ਟਰੇਨਿੰਗ ਲਈ ਪ੍ਰਸਿੱਧ ਹੈ। ਇਸ ਤੋਂ ਪਹਿਲਾਂ ਪੰਜਾਬ ਸਰਕਾਰ 202 ਪ੍ਰਿੰਸੀਪਲਾਂ ਨੂੰ ਸਿੰਗਾਪੁਰ ਦੀ ਸਿੱਖਿਆ ਸੰਸਥਾ ਤੋਂ ਟਰੇਨਿੰਗ ਕਰਵਾ ਚੁੱਕੀ ਹੈ ਅਤੇ 100 ਹੈੱਡਮਾਸਟਰਾਂ/ਹੈਡ ਮਿਸਟ੍ਰੈੱਸ ਨੂੰ ਆਈਆਈਐੱਮ ਅਹਿਮਦਾਬਾਦ ਤੋਂ ਟਰੇਨਿੰਗ ਦੁਆਈ ਜਾ ਚੁੱਕੀ ਹੈ। ਸਕੂਲੀ ਸਿੱਖਿਆ ਵਿੱਚ ਸੁਧਾਰ ਅਤੇ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਦਾ ਟਾਕਰਾ ਕਰਨ ਅਤੇ ਪਾਠਕ੍ਰਮ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਯਤਨ ਜਾਰੀ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸਰਕਾਰੀ ਸਕੂਲਾਂ ਦੇ ਨਤੀਜਿਆਂ ਵਿੱਚ ਪਹਿਲਾਂ ਨਾਲੋਂ ਵਧੇਰੇ ਸੁਧਾਰ ਆਵੇਗਾ ਅਤੇ ਗੁਆਂਢੀ ਸੂਬਿਆਂ ਦੇ ਲੋਕ ਵੀ ਆਪਣੇ ਬੱਚਿਆਂ ਨੂੰ ਮਿਆਰੀ ਸਿੱਖਿਆ ਦਿਵਾਉਣ ਲਈ ਪੰਜਾਬ ਦੇ ਸਰਕਾਰੀ ਸਕੂਲਾਂ ਵੱਲ ਭੇਜਣਗੇ।