ਸੰਗਰੂਰ ਦੀਆਂ ਗਲੀਆਂ ਵਿੱਚ ‘ਮੁੱਖ ਮੰਤਰੀ’ ਨੂੰ ਲੱਭਦੇ ਰਹੇ ਅਧਿਆਪਕ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 17 ਜਨਵਰੀ
ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੇ ਸੱਦੇ ’ਤੇ ਜ਼ਿਲ੍ਹਾ ਇਕਾਈ ਨਾਲ ਸਬੰਧਤ ਕੰਪਿਊਟਰ ਅਧਿਆਪਕਾਂ ਵੱਲੋਂ ਸਕੂਟਰ-ਮੋਟਰਸਾਈਕਲਾਂ ’ਤੇ ਮੁੱਖ ਮੰਤਰੀ ਦੀ ਕੋਠੀ, ਵਿੱਤ ਮੰਤਰੀ ਦੀ ਕੋਠੀ ਅਤੇ ਸ਼ਹਿਰ ਦੇ ਬਾਜ਼ਾਰਾਂ ਵਿਚ ‘ਮੁੱਖ ਮੰਤਰੀ ਭਾਲ’ ਯਾਤਰਾ ਕੱਢੀ ਗਈ। ਇਸ ਦੌਰਾਨ ਅਧਿਆਪਕ ‘ਮੁੱਖ ਮੰਤਰੀ ਮਿਲਾ ਦਿਓ’ ਨਾਅਰੇਬਾਜ਼ੀ ਕਰ ਰਹੇ ਸਨ ਜੋ ਵਾਰ-ਵਾਰ ਮੀਟਿੰਗਾਂ ਰੱਦ ਕਰਨ ਤੋਂ ਖਫ਼ਾ ਹਨ। ਜਾਣਕਾਰੀ ਅਨੁਸਾਰ ਕੰਪਿਊਟਰ ਅਧਿਆਪਕ ਯੂਨੀਅਨ ਦੇ ਸੱਦੇ ਤਹਿਤ ਕੰਪਿਊਟਰ ਅਧਿਆਪਕ ਸਥਾਨਕ ਬਨਾਸਰ ਬਾਗ ਵਿਚ ਇਕੱਠੇ ਹੋਏ ਜਿਥੋਂ ਸਕੂਟਰ ਮੋਟਰਸਾਈਕਲਾਂ ’ਤੇ ‘ਮੁੱਖ ਮੰਤਰੀ ਭਾਲ’ ਯਾਤਰਾ ਸ਼ੁਰੂ ਕਰਦਿਆਂ ਮੁੱਖ ਮੰਤਰੀ ਦੀ ਕੋਠੀ ਅੱਗੇ ਪੁੱਜੇ। ਇਸ ਮਗਰੋਂ ਵਾਪਸ ਸ਼ਹਿਰ ਦੇ ਬਾਜ਼ਾਰਾਂ ਅਤੇ ਫ਼ਿਰ ਵਿੱਤ ਮੰਤਰੀ ਦੀ ਕੋਠੀ ਅੱਗੇ ਤੋਂ ਜਾਂਦਿਆਂ ਯਾਤਰਾ ਕੱਢਦੇ ਹੋਏ ਮੁੱਖ ਮੰਤਰੀ ਦੇ ਧੂਰੀ ਸਥਿਤ ਦਫ਼ਤਰ ਪੁੱਜੇ ਜਿਥੇ ਮੰਗ ਪੱਤਰ ਸੌਂਪਿਆ। ਸ਼ਹਿਰ ਵਿਚ ਯਾਤਰਾ ਦੌਰਾਨ ਗੱਲਬਾਤ ਕਰਦਿਆਂ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਗਦੀਸ਼ ਸ਼ਰਮਾ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਯੂਨੀਅਨ ਨੂੰ ਵਾਰ-ਵਾਰ ਮੀਟਿੰਗਾਂ ਦੇ ਕੇ ਰੱਦ ਕਰ ਰਹੇ ਹਨ। ਮੀਟਿੰਗਾਂ ਰੱਦ ਕਰਨ ਕਾਰਨ ਕੰਪਿਊਟਰ ਅਧਿਆਪਕ ‘ਮੁੱਖ ਮੰਤਰੀ ਭਾਲ’ ਯਾਤਰਾ ਕੱਢ ਕੇ ਮੁੱਖ ਮੰਤਰੀ ਨੂੰ ਪੰਜਾਬ ਦੇ ਸ਼ਹਿਰਾਂ ਅਤੇ ਪਿੰਡਾਂ ਵਿਚ ਘੁੰਮ ਕੇ ਲੱਭ ਰਹੇ ਹਨ। ਉਨ੍ਹਾਂ ਦੱਸਿਆ ਕਿ ਕੰਪਿਊਟਰ ਅਧਿਆਪਕ ਯੂਨੀਅਨ ਦੀਆਂ ਹੁਣ ਤੱਕ ਲਗਭਗ 40 ਮੀਟਿੰਗਾਂ ਕੈਬਨਿਟ ਸਬ ਕਮੇਟੀ ਅਤੇ ਵੱਖ-ਵੱਖ ਮੰਤਰੀਆਂ ਨਾਲ ਹੋ ਚੁੱਕੀਆਂ ਹਨ ਪਰ ਇਨ੍ਹਾਂ ਮੀਟਿੰਗਾਂ ’ਚ ਸਿਵਾਏ ਲਾਰਿਆਂ ਦੇ ਕੁੱਝ ਪੱਲੇ ਨਹੀਂ ਪਿਆ। ਕੰਪਿਊਟਰ ਅਧਿਆਪਕਾਂ ਨੇ ਮੁੱਖ ਮੰਤਰੀ ਦੇ ਧੂਰੀ ਸਥਿਤ ਦਫ਼ਤਰ ਵਿਖੇ ਮੰਗ ਪੱਤਰ ਸੌਂਪਦਿਆਂ ਯਾਤਰਾ ਸਮਾਪਤ ਕੀਤੀ। ਇਸ ਮੌਕੇ ਯੂਨੀਅਨ ਆਗੂ ਕੁਲਦੀਪ ਕੌਸ਼ਲ, ਮੰਜੂ ਰਾਣੀ, ਸੋਨੀਆ ਸਿੰਗਲਾ, ਅੰਜੂ ਜੈਨ,ਜਸਵਿੰਦਰ ਕੌਰ, ਹਰਪ੍ਰੀਤ ਕੌਰ, ਵਰਿੰਦਰ ਹੰਸ, ਦਵਿੰਦਰ ਸਿੰਘ, ਅਨਿਲ ਸ਼ਰਮਾ, ਮਨਪ੍ਰੀਤ ਸਿੰਘ, ਵਿਸ਼ਾਲ ਕੁਮਾਰ, ਤੇਜਿੰਦਰ ਬਾਂਸਲ, ਨਰੇਸ਼ ਕੁਮਾਰ, ਰਾਜਪਾਲ ਸਿੰਘ, ਜਸਵਿੰਦਰ ਸਿੰਘ , ਰਣਜੀਤ ਸਿੰਘ, ਕੁਲਦੀਪ ਸਿੰਘ , ਯਾਦਵਿੰਦਰ ਸਿੰਘ ਆਦਿ ਹਾਜ਼ਰ ਸਨ।
ਕੰਪਿਊਟਰ ਅਧਿਆਪਕਾਂ ਵੱਲੋਂ ਈ-ਰਿਕਸ਼ਾ ’ਤੇ ਮਾਰਚ
ਪਟਿਆਲਾ (ਖੇਤਰੀ ਪ੍ਰਤੀਨਿਧ): ਕੰਪਿਊਟਰ ਟੀਚਰਜ਼ ਯੂਨੀਅਨ ਜ਼ਿਲ੍ਹਾ ਪਟਿਆਲਾ ਦੇ ਵਰਕਰਾਂ ਨੇ ਸੂਬਾਈ ਆਗੂ ਪਰਮਬੀਰ ਸਿੰਘ ਦੀ ਅਗਵਾਈ ਹੇਠਾਂ ਅੱਜ ਇਥੇ ਸੇਵਾ ਸਿੰਘ ਠੀਕਰੀਵਾਲਾ ਚੌਕ ਤੋਂ ਨਹਿਰੂ ਪਾਰਕ ਪਟਿਆਲਾ ਤੱਕ ਰੋਸ ਮਾਰਚ ਕੀਤਾ। ਇਸ ਦੌਰਾਨ ਪ੍ਰਦਰਸ਼ਨਕਾਰੀ ਈ ਰਿਕਸ਼ਾ ਵਿਚ ਸਵਾਰ ਸਨ। ਫੁਹਾਰਾ ਚੌਕ, ਸ਼ੇਰਾਂਵਾਲਾ ਗੇਟ, ਅਨਾਰਦਾਨਾ ਚੌਕ ਤੇ ਸਰਹਿੰਦੀ ਗੇਟ ਹੁੰਦਿਆਂ, ਨਹਿਰੂ ਪਾਰਕ ਪਹੁੰਚੇ ਇਸ ਮਾਰਚ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਸਮੂਹ ਈ ਰਿਕਸ਼ਾਵਾਂ ’ਤੇ ‘ਮੁੱਖ ਮੰਤਰੀ ਦੀ ਭਾਲ ਵਾਲੇ ਪੋਸਟਰ ਲਾਏ ਹੋਏ ਸਨ। ਯੂਨੀਅਨ ਆਗੂਆਂ ਨੇ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ ਤੇ ਰੈਗੂਲਰ ਕਰਨ, ਕੰਪਿਊਟਰ ਅਧਿਆਪਕਾਂ ’ਤੇ ਸੀਐਸਆਰ ਨਿਯਮ ਲਾਗੂ ਕਰਨ, ਐਨਪੀਐਸ ਦੀ ਕਟੌਤੀ ਸ਼ੁਰੂ ਕਰਨ ਦੀ ਮੰਗ ਵੀ ਕੀਤੀ।