ਅਧਿਆਪਕ ਯੂਨੀਅਨ ਨੇ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ’ਚ ਹੇਰਾ-ਫੇਰੀ ਦੀ ਜਾਂਚ ਮੰਗੀ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 30 ਜਨਵਰੀ
ਗੌਰਮਿੰਟ ਟੀਚਰਜ਼ ਯੂਨੀਅਨ ਸੰਗਰੂਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਦੇਵੀ ਦਿਆਲ ਦੀ ਅਗਵਾਈ ਹੇਠ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਨਾਲ ਹੋਈ। ਮੀਟਿੰਗ ਵਿੱਚ ਈਟੀਟੀ ਤੋਂ ਹੈੱਡ ਟੀਚਰ ਪਦਉੱਨਤੀਆਂ ਸਮੇਂ ਸਰਕਾਰੀ ਪ੍ਰਾਇਮਰੀ ਸਕੂਲ ਸੋਹੀਆਂ ਸਮੇਤ ਬਾਕੀ ਸਕੂਲਾਂ ਵਿੱਚ ਹੈੱਡ ਟੀਚਰ ਦੀ ਆਸਾਮੀ ਤਬਦੀਲ ਕਰਵਾਉਣ ਲਈ ਵਿਦਿਆਰਥੀਆਂ ਦੀ ਗਿਣਤੀ ਵਿੱਚ ਵੱਡੇ ਪੱਧਰ ’ਤੇ ਕਥਿਤ ਰੂਪ ਵਿੱਚ ਹੋਈ ਹੇਰਾ-ਫੇਰੀ ’ਤੇ ਇਤਰਾਜ਼ ਪ੍ਰਗਟ ਕਰਦਿਆਂ ਤੁਰੰਤ ਮਾਮਲੇ ਦੀ ਜਾਂਚ ਕਰਾਉਣ ਦੀ ਮੰਗ ਕੀਤੀ ਗਈ। ਦੇਵੀ ਦਿਆਲ ਨੇ ਦੱਸਿਆ ਕਿ ਡੀਈਓ ਵੱਲੋਂ ਪੂਰੇ ਮਾਮਲੇ ਦੀ ਮੁਕੰਮਲ ਜਾਂਚ 15 ਦਿਨਾਂ ਦੇ ਅੰਦਰ ਕਰਾਉਣ ਦਾ ਭਰੋਸਾ ਦਿਵਾਇਆ ਗਿਆ। ਯੂਨੀਅਨ ਨੇ ਸਿੱਖਿਆ ਅਧਿਕਾਰੀ ਤੋਂ ਮੰਗ ਕੀਤੀ ਕਿ ਸਾਰੇ ਬਲਾਕਾਂ ਵਿੱਚ ਅਧਿਆਪਕਾਂ ਦੀਆਂ ਸਰਵਿਸ ਬੁੱਕਾਂ ਮੁਕੰਮਲ ਕਰਵਾਈਆਂ ਜਾਣ, ਸਿੱਖਿਆ ਬਲਾਕਾਂ ਵਿੱਚ ਸੈਂਟਰ ਪੱਧਰੀ/ ਬਲਾਕ ਪੱਧਰੀ ਖੇਡਾਂ ਕਰਵਾਉਣ ਲਈ ਅਧਿਆਪਕਾਂ ਤੋਂ ਰਾਸ਼ੀ ਇਕੱਠੀ ਨਾ ਕੀਤੀ ਜਾਵੇ, ਸੈਨਾ ਦਿਵਸ ਸਬੰਧੀ ਸਕੂਲਾਂ ਵਿੱਚ ਹਜ਼ਾਰਾਂ ਰੁਪਏ ਦੇ ਝੰਡਿਆਂ ਦੀ ਰਾਸ਼ੀ ਸਬੰਧੀ ਸਪੱਸ਼ਟ ਦੱਸਿਆ ਜਾਵੇ ਕਿ ਰਾਸ਼ੀ ਕਿਸ ਫੰਡ ਵਿੱਚ ਪਾਉਣੀ ਹੈ, ਹੈੱਡ ਟੀਚਰ ਦੀ ਸੀਨੀਅਰਤਾ ਸੂਚੀ ਅਪਡੇਟ ਕੀਤੀ ਜਾਵੇ, ਸਕੂਲਾਂ ਵਿੱਚ ਬੁੱਧਵਾਰ ਨੂੰ ਮਿੱਡ-ਡੇਅ ਮੀਲ ਵਿੱਚ ਦੇਸੀ ਘੀ ਦਾ ਹਲਵਾ ਅਤੇ ਪੂਰੀਆਂ ਬਣਾਉਣ ਲਈ ਸਪੈਸ਼ਲ ਰਾਸ਼ੀ ਭੇਜੀ ਜਾਵੇ, ਜ਼ਿਲ੍ਹੇ ਵਿੱਚ ਸਿੰਗਲ ਟੀਚਰ ਸਕੂਲ ਲਈ ਅਧਿਆਪਕਾਂ ਦਾ ਬਦਲਵਾਂ ਪ੍ਰਬੰਧ ਕੀਤਾ ਜਾਵੇ, ਪੰਜਵੀਂ ਜਮਾਤ ਦੇ ਸਾਲਾਨਾ ਮੁਲਾਂਕਣ ਲਈ ਨਿਗਰਾਨ-ਕਮ-ਪ੍ਰੀਖਿਅਕ ਦੀ ਡਿਊਟੀ ਅੰਤਰ ਬਲਾਕ ਨਾ ਲਾਈ ਜਾਵੇ। ਆਗੂਆਂ ਨੇ ਦੱਸਿਆ ਕਿ ਡੀਈਓ ਵੱਲੋਂ ਕੁੱਝ ਮੰਗਾਂ ਦਾ ਮੌਕੇ ’ਤੇ ਹੀ ਨਿਪਟਾਰਾ ਕਰ ਦਿੱਤਾ ਗਿਆ ਅਤੇ ਬਾਕੀ ਦੇ ਹੱਲ ਲਈ ਸਮੇਂ ਦੀ ਮੰਗ ਕਰਦਿਆਂ ਕਿਹਾ ਕਿ ਜਲਦ ਸਾਰੀਆਂ ਮੰਗਾਂ ਦਾ ਸਾਰਥਕ ਹੱਲ ਕਰ ਦਿੱਤਾ ਜਾਵੇਗਾ। ਮੀਟਿੰਗ ਵਿੱਚ ਯੂਨੀਅਨ ਦੇ ਸਰਪ੍ਰਸਤ ਬੱਗਾ ਸਿੰਘ, ਵਿੱਤ ਸਕੱਤਰ ਹਰੀਸ ਕੁਮਾਰ, ਬਲਾਕ ਪ੍ਰਧਾਨ ਬਾਰਾ ਸਿੰਘ ਅਤੇ ਹਰੀ ਦਾਸ, ਸੁਰੇਸ ਕਾਂਸਲ, ਨਿਰਮਲ ਸਿੰਘ, ਮਾਲਵਿੰਦਰ ਸਿੰਘ ਅਤੇ ਕਰਨ ਕੁਮਾਰ ਮੌਜੂਦ ਸਨ।