ਅਧਿਆਪਕਾਂ ਵੱਲੋਂ 136 ਏਡਿਡ ਕਾਲਜਾਂ ਵਿੱਚ ਧਰਨੇ
ਸਤਵਿੰਦਰ ਬਸਰਾ
ਲੁਧਿਆਣਾ, 27 ਸਤੰਬਰ
ਪੰਜਾਬ ਅਤੇ ਚੰਡੀਗੜ੍ਹ ਟੀਚਰਜ਼ ਯੂਨੀਅਨ ਦੇ ਸੱਦੇ ’ਤੇ 136 ਏਡਿਡ ਕਾਲਜਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਲੈ ਕੇ ਸੂਬਾ ਸਰਕਾਰ ਵਿਰੁੱਧ ਸੰਘਰਸ਼ ਨੂੰ ਤੇਜ਼ ਕਰ ਦਿੱਤਾ ਹੈ। ਇਸ ਤਹਿਤ ਅੱਜ ਪੰਜਾਬ ਦੇ ਸਾਰੇ ਏਡਿਡ ਕਾਲਜਾਂ ਵਿੱਚ ਪੰਜਵੇਂ ਅਤੇ ਛੇਵੇਂ ਪੀਰੀਅਡ ਦਾ ਧਰਨਾ ਦੇ ਕੇ ਆਉਣ ਵਾਲੇ ਸੰਘਰਸ਼ ਦਾ ਬਿਗੁਲ ਵਜਾ ਦਿੱਤਾ।
ਯੂਨੀਅਨ ਦੇ ਲੁਧਿਆਣਾ ਜ਼ਿਲ੍ਹੇ ਦੇ ਪ੍ਰਧਾਨ ਡਾ. ਚਮਕੌਰ ਸਿੰਘ ਨੇ ਕਿਹਾ ਕਿ 5 ਸਤੰਬਰ 2022 ਨੂੰ ਭਗਵੰਤ ਸਿੰਘ ਮਾਨ ਵੱਲੋਂ ਸੱਵਾਂ ਪੇਅ ਸਕੇਲ ਲਾਗੂ ਕੀਤਾ ਗਿਆ, ਜੋ ਅੱਜ ਤੱਕ ਕਾਲਜਾਂ ਵਿੱਚ ਲਾਗੂ ਨਹੀਂ ਹੋਇਆ।
ਸਾਲਾਂ ਤੋਂ ਡੀਪੀਆਈ ਦਫ਼ਤਰ ਵਿੱਚ ਕਾਲਜਾਂ ਦੀਆਂ ਫਾਈਲਾਂ ਪਈਆਂ ਨੇ ਜਿੰਨ੍ਹਾਂ ਨੂੰ ਅੱਜ ਤੱਕ ਕਲੀਅਰ ਨਹੀਂ ਕੀਤਾ ਗਿਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਮੰਗਾਂ ਨਾ ਮੰਨੀਆਂ ਗਈਆਂ ਤਾਂ 4 ਅਕਤੂਬਰ ਨੂੰ ਜ਼ਿਲ੍ਹਾ ਹੈੱਡਕੁਆਰਟਰ ਲੁਧਿਆਣਾ ਵਿੱਚ ਰੈਲੀ ਕੱਢ ਕੇ ਡੀਸੀ ਨੂੰ ਮੰਗ ਪੱਤਰ ਦਿੱਤਾ ਜਾਵੇਗਾ। ਇਸੇ ਤਰ੍ਹਾਂ 28 ਅਕਤੂਬਰ ਨੂੰ ਮੋਮਬੱਤੀ ਮਾਰਚ ਅਤੇ 6 ਨਵੰਬਰ ਨੂੰ ਡੀਪੀਆਈ ਦਫ਼ਤਰ ਮੁਹਾਲੀ ਵਿਖੇ ਸੂਬਾ ਪੱਧਰੀ ਧਰਨਾ ਦਿੱਤਾ ਜਾਵੇਗਾ। ਜੇ ਫਿਰ ਵੀ ਸਰਕਾਰ ’ਤੇ ਕੋਈ ਅਸਰ ਨਾ ਹੋਇਆ ਤਾਂ ਮੰਤਰੀ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ।
ਜ਼ਿਲ੍ਹਾ ਸਕੱਤਰ ਡਾ. ਸੁੰਦਰ ਸਿੰਘ ਨੇ ਕਿਹਾ ਕਿ ਉੱਚ ਸਿੱਖਿਆ ਵਿਭਾਗ ਦੇ ਅਫਸਰਾਂ ਨਾਲ ਵਾਰ-ਵਾਰ ਮੀਟਿੰਗਾਂ ਕਰਨ ਤੋਂ ਬਾਅਦ ਵੀ ਫਾਈਲਾਂ ਕਲਰਕਾਂ ਦੇ ਟੇਬਲਾਂ ਤੋਂ ਅੱਗੇ ਨਹੀਂ ਗਈਆਂ, ਡੀਪੀਆਈ ਦਫ਼ਤਰ ਵੱਲੋਂ 31 ਅਗਸਤ ਤੱਕ ਪੇਅ ਫਿਕਸੇਸ਼ਨ ਦੀਆਂ ਫਾਈਲਾਂ ਕਲੀਅਰ ਕਰਨ ਦਾ ਵਾਅਦਾ ਕੀਤਾ ਗਿਆ ਸੀ, ਜੋ ਪੂਰਾ ਨਹੀਂ ਹੋਇਆ।
ਡਾ. ਰਮਨ ਸ਼ਰਮਾ, ਡਾ. ਵਰੁਣ ਗੋਇਲ ਅਤੇ ਡਾ. ਅਦਿਤੀ ਨੇ ਮੰਗ ਕੀਤੀ ਕਿ ਛੇਵੇਂ ਪੇਅ ਸਕੇਲ ਦੀ ਤਰ੍ਹਾਂ ਸੱਤਵੇਂ ਪੇਅ ਸਕੇਲ ਦੀ ਵੀ ਗਰਾਂਟ ਵਧਾਈ ਜਾਵੇ, ਏਡਿਡ ਕਾਲਜਾਂ ਵਿੱਚ ਅਨ ਏਡਿਡ ਪੋਸਟਾਂ ਨੂੰ ਏਡਿਡ ਪੋਸਟਾਂ ਵਿੱਚ ਤਬਦੀਲ ਕੀਤਾ ਜਾਵੇ, ਏਡਿਡ ਕਾਲਜਾਂ ਵਿੱਚ 1925 ਪੋਸਟਾਂ ਦੀ ਭਰਤੀ ਦੀ ਗਰਾਂਟ 75 ਫੀਸਦੀ ਦੀ ਥਾਂ 95 ਫੀਸਦੀ ਕੀਤੀ ਜਾਵੇ, ਉੱਚ ਸਿੱਖਿਆ ਵਿੱਚ ਇਕਸੁਰਤਾ ਲੈ ਕੇ ਆਉਣ ਲਈ ਏਡਿਡ ਕਾਲਜਾਂ ਵਿੱਚ ਸਰਕਾਰੀ ਕਾਲਜਾਂ ਵਾਂਗ ਪ੍ਰੋਫੈਸਰ ਦੀ ਪੋਸਟ ਭਰੀ ਜਾਵੇ।
ਖੰਨਾ (ਨਿੱਜੀ ਪੱਤਰ ਪ੍ਰੇਰਕ): ਪੰਜਾਬ ਤੇ ਚੰਡੀਗੜ੍ਹ ਟੀਚਰ ਯੂਨੀਅਨ ਦੇ ਐਲਾਨ ਤਹਿਤ ਏਡਿਡ ਕਾਲਜਾਂ ਦੇ ਅਧਿਆਪਕਾਂ ਨੇ ‘ਆਪ’ ਸਰਕਾਰ ’ਤੇ ਮੰਗਾਂ ਸਬੰਧੀ ਵਾਅਦਾਖ਼ਿਲਾਫ਼ੀ ਦਾ ਦੋਸ਼ ਲਾਉਂਦਿਆਂ ਅੱਜ ਇਥੋਂ ਦੇ ਏਐੱਸ ਕਾਲਜ ਫਾਰ ਵਿਮੈਨ ਵਿਖੇ ਧਰਨਾ ਦਿੱਤਾ। ਉਨ੍ਹਾਂ ਮੰਗਾਂ ਨਾ ਮੰਨੇ ਜਾਣ ਦੀ ਸੂਰਤ ’ਚ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ ਦਿੱਤੀ।