ਅਧਿਆਪਕਾਂ ਨੇ ਦੁਸ਼ਿਅੰਤ ਚੌਟਾਲਾ ਦਾ ਦਰ ਮੱਲਿਆ
ਨਿੱਜੀ ਪੱਤਰ ਪ੍ਰੇਰਕ
ਸਿਰਸਾ, 12 ਅਗਸਤ
ਗੈਸਟ ਅਧਿਆਪਕਾਂ ਨੇ ਪੱਕਾ ਕਰਨ ਦੀ ਮੰਗ ਨੂੰ ਲੈ ਕੇ ਅੱਜ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਦੀ ਕੋਠੀ ਅੱਗੇ ਧਰਨਾ ਦਿੱਤਾ। ਇਸ ਦੌਰਾਨ ਧਰਨਾਕਾਰੀਆਂ ਨੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਸਰਕਾਰੀ ਗੈਸਟ ਅਧਿਆਪਕ ਮੰਚ ਦੇ ਬੈਨਰ ਹੇਠ ਅਧਿਆਪਕਾਂ ਨੇ ਜਦੋਂ ਉਪ ਮੁੱਖ ਮੰਤਰੀ ਚੌਟਾਲਾ ਦੀ ਕੋਠੀ ਅੱਗੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤਾਂ ਪੁਲੀਸ ਨੂੰ ਭਾਜੜਾਂ ਪੈ ਗਈਆਂ। ਗੈਸਟ ਅਧਿਆਪਕ ਪੱਕਾ ਹੋਣ ਦੀ ਮੰਗ ਕਰ ਰਹੇ ਸਨ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਗੈਸਟ ਅਧਿਆਪਕਾਂ ਦੀ ਨਿਯੁਕਤੀ 1998 ’ਚ ਸਾਰੇ ਨਿਯਮ ਪੂਰੇ ਕਰਨ ਮਗਰੋਂ ਕੀਤੀ ਗਈ ਪਰ ਹਾਲੇ ਤੱਕ ਉਨ੍ਹਾਂ ਨੂੰ ਪੱਕਾ ਨਹੀਂ ਕੀਤਾ ਗਿਆ ਜਦੋਂਕਿ ਗੈਸਟ ਅਧਿਆਪਕ ਵਿਦਿਆਰਥੀਆਂ ਦੇ ਚਹੁੰ-ਪੱਖੀ ਵਿਕਾਸ ਲਈ ਕੰਮ ਕਰ ਰਹੇ ਹਨ। ਗੈਸਟ ਅਧਿਆਪਕਾਂ ਦੇ ਨਤੀਜੇ ਵੀ ਬਿਹਤਰੀਨ ਆਉਂਦੇ ਹਨ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਗੈਸਟ ਅਧਿਆਪਕਾਂ ਨੂੰ ਪੱਕਾ ਕੀਤੇ ਜਾਣ ਦਾ ਵਾਅਦਾ ਕੀਤਾ ਗਿਆ ਸੀ ਪਰ ਹਾਲੇ ਤੱਕ ਇਸ ਚੋਣ ਵਾਅਦੇ ਨੂੰ ਪੂਰਾ ਨਹੀਂ ਕੀਤਾ ਗਿਆ। ਬਾਅਦ ਵਿੱਚ ਗੈਸਟ ਅਧਿਆਪਕਾਂ ਨੇ ਚੌਟਾਲਾ ਹਾਊਸ ’ਚ ਮੌਜੂਦ ਪਾਰਟੀ ਆਗੂਆਂ ਨੂੰ ਮੰਗ-ਪੱਤਰ ਸੌਂਪਿਆ ਤੇ ਉਨ੍ਹਾਂ ਦੀ ਮੰਗ ਉਪ ਮੁੱਖ ਮੰਤਰੀ ਤੱਕ ਪਹੁੰਚਾਏ ਜਾਣ ਦੀ ਗੱਲ ਆਖੀ।