ਬਰਨਾਲਾ ਰੈਲੀ ’ਚ ਜਾ ਰਹੇ ਅਧਿਆਪਕ ਹਿਰਾਸਤ ’ਚ ਲਏ
ਪਰਸ਼ੋਤਮ ਬੱਲੀ
ਬਰਨਾਲਾ, 16 ਨਵੰਬਰ
ਅਧਿਆਪਕਾਂ ਦੀਆਂ ਵਿਭਾਗੀ ਅਤੇ ਵਿੱਤੀ ਮੰਗਾਂ ਪੂਰੀਆਂ ਨਾ ਹੋਣ ਦੇ ਰੋਸ ਵਜੋਂ ਡੈਮੋਕਰੈਟਿਕ ਟੀਚਰਜ਼ ਫਰੰਟ (ਡੀਟੀਐੱਫ) ਵੱਲੋਂ ਸੂਬਾ ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਸੂਬਾ ਮੀਤ ਪ੍ਰਧਾਨ ਰਾਜੀਵ ਬਰਨਾਲਾ ਦੀ ਅਗਵਾਈ ਹੇਠ ਇੱਥੇ ਡੀਸੀ ਕੰਪਲੈਕਸ ਵਿੱਚ ਜ਼ੋਨ ਪੱਧਰੀ ਧਰਨਾ ਲਗਾਉਣ ਉਪਰੰਤ ਬੈਰੀਕੇਡ ਤੋੜ ਕੇ ‘ਆਪ’ ਦੇ ਸੰਸਦ ਮੈਂਬਰ ਮੀਤ ਹੇਅਰ ਦੀ ਕੋਠੀ ਤੱਕ ਮੁਜ਼ਾਹਰਾ ਕੀਤਾ ਗਿਆ।
ਇਸ ਦੌਰਾਨ ਸੰਸਦ ਮੈਂਬਰ ਮੀਤ ਹੇਅਰ ਦੀ ਸਥਾਨਕ ਰਿਹਾਇਸ਼ ਅੱਗੇ ਡੀਟੀਐੱਫ ਕਾਰਕੁਨਾਂ ਵੱਲੋਂ ਰੋਸ ਧਰਨਾ ਦਿੱਤਾ ਜਾ ਰਿਹਾ ਸੀ। ਉੱਧਰ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ਹਿਰ ਵਿੱਚ ਪਾਰਟੀ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਦੇ ਹੱਕ ਵਿੱਚ ਰੈਲੀ ਕੀਤੀ ਜਾ ਰਹੀ ਸੀ। ਇਸ ਦੌਰਾਨ ਗੁਪਤ ਤਰੀਕੇ ਨਾਲ ਵਿਰੋਧ ਕਰਨ ਦੀ ਮਨਸ਼ਾ ਨਾਲ ਮਹਿੰਦਰ ਕੌੜਿਆਂਵਾਲੀ, ਹਰਦੀਪ ਟੋਡਰਪੁਰ ਤੇ ਰਘਵੀਰ ਭਵਾਨੀਗੜ੍ਹ ਦੀ ਅਗਵਾਈ ਹੇਠ ਜਾ ਰਹੇ ਡੀਟੀਐੱਫ ਦੇ 28 ਆਗੂਆਂ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ, ਜਿਨ੍ਹਾਂ ਨੂੰ ਮਗਰੋਂ ਛੱਡ ਦਿੱਤਾ ਗਿਆ।
ਪ੍ਰਦਰਸ਼ਨ ਮੌਕੇ ਅਧਿਆਪਕ ਇਕੱਠ ਨੂੰ ਸੰਬੋਧਨ ਕਰਦਿਆਂ ਡੀਟੀਐੱਫ ਦੇ ਸੂਬਾ ਮੀਤ ਪ੍ਰਧਾਨ ਜਗਪਾਲ ਬੰਗੀ, ਬੇਅੰਤ ਸਿੰਘ ਫੁਲੇਵਾਲ ਅਤੇ ਜ਼ਿਲ੍ਹਾ ਪ੍ਰਧਾਨ ਰਮਨਜੀਤ ਸੰਧੂ ਨੇ ਕਿਹਾ ਕਿ ਮੰਗਾਂ ਨਾ ਮੰਨੇ ਜਾਣ ਕਾਰਨ ਮੁਲਾਜ਼ਮਾਂ ਵਿੱਚ ਸਰਕਾਰ ਖ਼ਿਲਾਫ਼ ਰੋਸ ਹੈ। ਅੱਜ ਦੇ ਰੋਸ ਮੁਜ਼ਾਹਰੇ ਨੂੰ ਡੈਮੋਕਰੈਟਿਕ ਮੁਲਾਜ਼ਮ ਫੈੱਡਰੇਸ਼ਨ ਦੇ ਖੁਸ਼ਮਿੰਦਰਪਾਲ ਹੰਢਿਆਇਆ, ਮਜ਼ਦੂਰ ਮੁਕਤੀ ਮੋਰਚਾ ਦੇ ਗੁਰਪ੍ਰੀਤ ਰੂੜੇਕੇ, ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਅਤਿੰਦਰ ਘੱਗਾ ਅਤੇ ਟੈਕਨੀਕਲ ਤੇ ਮਕੈਨੀਕਲ ਦੇ ਮਹਿਮਾ ਸਿੰਘ ਆਦਿ ਨੇ ਸੰਬੋਧਨ ਕੀਤਾ।