ਤਰੱਕੀ ਲੈਣ ਲਈ ਘਰ ਛੱਡਣ ਲਈ ਮਜਬੂਰ ਅਧਿਆਪਕ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 2 ਅਕਤੂਬਰ
ਲੈਕਚਰਾਰਾਂ ਦਾ ਇਕ ਵਫ਼ਦ ਅੱਜ ਇਥੇ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੂੰ ਮਿਲਿਆ ਅਤੇ ਸਰਕਾਰ ਤੋਂ ਡੀ ਬਾਰ ਲੈਕਚਰਾਰਾਂ ਨੂੰ ਦੂਜਾ ਮੌਕਾ ਦੇਣ ਦੀ ਮੰਗ ਕੀਤੀ। ਇਸ ਸਬੰਧ ’ਚ ਵਿਧਾਇਕਾ ਰਾਹੀਂ ਪੰਜਾਬ ਸਰਕਾਰ ਦੇ ਨਾਂ ਮੰਗ-ਪੱਤਰ ਵੀ ਭੇਜਿਆ ਗਿਆ। ਇਨ੍ਹਾਂ ਲੈਕਚਰਾਰਾਂ ਨੇ ਜਿਨ੍ਹਾਂ ਦੀ ਤਰੱਕੀ ਲੰਮੇ ਅਰਸੇ ਦੀ ਉਡੀਕ ਤੋਂ ਬਾਅਦ ਹੋਈ ਸੀ, ਸ਼ਿਕਾੲਤ ਕੀਤੀ ਹੈ ਕਿ ਨਵੇਂ ਲੈਕਚਰਾਰਾਂ ਨੂੰ ਸਿੱਖਿਆ ਵਿਭਾਗ ਨੇ ਧੱਕੇ ਨਾਲ ਦੂਜੇ ਜ਼ਿਲ੍ਹਿਆਂ ’ਚ ਦੂਰ ਦੁਰਾਡੇ ਸਟੇਸ਼ਨ ਚੁਣਨ ਲਈ ਮਜਬੂਰ ਕੀਤਾ ਹੈ। ਅਧਿਆਪਕਾਂ ਨੇ ਸਿੱਖਿਆ ਮੰਤਰੀ ਦੇ ਨਾਮ ਵੀ ਮੰਗ-ਪੱਤਰ ਸੌਂਪਿਆ ਅਤੇ ਮੰਗ ਕੀਤੀ ਕਿ ਸੈਂਕੜੇ ਅਧਿਆਪਕ ਦੂਰ ਦੁਰਾਡੇ ਸਟੇਸ਼ਨ ਮਿਲਣ ਕਾਰਨ ਆਪਣੇ ਤਰੱਕੀ ਦੇ ਹੱਕ ਛੱਡਣ ਲਈ ਮਜਬੂਰ ਹੋ ਰਹੇ ਹਨ।
ਦੂਜੇ ਪਾਸੇ ਪੇਂਡੂ ਸਕੂਲਾਂ ਦੇ ਹਜ਼ਾਰਾਂ ਵਿਦਿਆਰਥੀਆਂ ਨੂੰ ਵੀ ਵਿਸ਼ਾ ਮਾਹਿਰ ਲੈਕਚਰਾਰਾਂ ਤੋਂ ਵਾਂਝੇ ਰੱਖਿਆ ਗਿਆ ਹੈ। ਪੇਂਡੂ ਸਕੂਲਾਂ ਨੂੰ ਬਚਾਉਣ ਲਈ ਇਨ੍ਹਾਂ ਸਕੂਲਾਂ ’ਚ ਪੜ੍ਹਨ ਵਾਲੇ ਹਜ਼ਾਰਾਂ ਬੱਚਿਆਂ ਦੇ ਭਵਿੱਖ ਨੂੰ ਵੇਖਦੇ ਹੋਏ ਪਿੰਡਾਂ ਦੇ ਸਕੂਲਾਂ ’ਚ ਖਾਲੀ ਪਈਆਂ ਅਸਾਮੀਆਂ ਭਰਨ ਦੀ ਸਾਂਝੇ ਅਧਿਆਪਕ ਮੋਰਚੇ ਵਲੋਂ ਜ਼ੋਰਦਾਰ ਮੰਗ ਕੀਤੀ ਗਈ ਤਾਂ ਕਿ ਲੰਬੇ ਅਰਸੇ ਬਾਅਦ ਪ੍ਰਮੋਟ ਹੋਏ ਨਵੇਂ ਲੈਕਚਰਾਰਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਮਿਲ ਸਕੇ।