ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਅਧਿਆਪਕਾਂ ਨੇ ਵੰਡੀ ਰਸਦ
ਸਰਬਜੀਤ ਸਿੰਘ ਭੰਗੂ
ਪਟਿਆਲਾ, 20 ਜੁਲਾਈ
ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਕਾਫ਼ੀ ਨੁਕਸਾਨ ਹੋਇਆ। ਬਹੁਤ ਲੋਕ ਬੇਘਰ ਹੋ ਗਏ। ਹੜ੍ਹਾਂ ਦੌਰਾਨ ਜਿਥੇ ਸ਼ਹਿਰਾਂ ਵਾਲਿਆਂ ਨੇ ਸ਼ਹਿਰਾਂ ਵਾਲਿਆਂ ਤੇ ਹੋਰਾਂ ਦੀ ਮਦਦ ਕੀਤੀ, ਉਥੇ ਹੀ ਪਿੰਡਾਂ ਦੇ ਅਨੇਕਾਂ ਹੀ ਉਹ ਨੌਜਵਾਨ, ਜਨਿ੍ਹਾਂ ਦੇ ਆਪਣੇ ਘਰ ਹੜ੍ਹ ਦੇ ਪਾਣੀ ਦੀ ਲਪੇਟ ’ਚ ਆਏ ਹੋਏ ਸਨ, ਵੱਲੋਂ ਵੀ ਆਪਣੇ ਟਰੈਕਟਰ ਟਰਾਲੀਆਂ ’ਚ ਰਸ਼ਦ ਲੱਦ ਕੇ ਸ਼ਹਿਰੀ ਖੇਤਰਾਂ ਵਿਚਲੇ ਹੜ੍ਹਾਂ ਵਿਚ ਫਸੇ ਲੋਕਾਂ ਲਈ ਲਿਆਂਦੀ ਗਈ। ਇਸੇ ਤਰ੍ਹਾਂ ਦੀ ਇੱਕ ਹੋਰ ਤਾਜ਼ਾ ਮਿਸਾਲ ਇਥੇ ਹੋਰ ਵੀ ਦੇਖਣ ਨੂੰ ਮਿਲੀ, ਜਦੋਂ ਪਟਿਆਲਾ ਸ਼ਹਿਰ ਦੇ ਵਸਨੀਕ ਸਕੂਲ ਅਧਿਆਪਕਾਂ ਅਤੇ ਕੁਝ ਹੋਰ ਨੌਜਵਾਨਾ ਨੇ ਨਿੱਜੀ ਤੌਰ ’ਤੇ ਇਕੱਤਰ ਕੀਤੇ ਗਏ ਪੈਸਿਆਂ ਨਾਲ ਖਰੀਦੀ ਗਈ ਰਸਦ ਅਤੇ ਹੋਰ ਲੋੜੀਂਦੀਆਂ ਵਸਤਾਂ, ਨਾ ਸਿਰਫ਼ ਪਟਿਆਲਾ ਜ਼ਿਲ੍ਹੇ ਦੇ ਬਲਕਿ ਪਟਿਆਲਾ ਦੀ ਹੱਦ ’ਤੇ ਪੈਂਦੇ ਹਰਿਆਣਾ ਦੇ ਕਈ ਹੜ੍ਹ ਪ੍ਰਭਾਵਿਤ ਪਿੰਡਾਂ ’ਚ ਜਾ ਕੇ ਵੀ ਵੰਡੀਆਂ। ਸੇਵਾਦਾਰ ਬਣੇ ਇਨ੍ਹਾਂ ਅਧਿਆਪਕਾਂ ਵਿੱਚ ਕਰਹਾਲੀ ਸਕੂਲ ਦੇ ਅਧਿਆਪਕ ਤੇ ਪਟਿਆਲਾ ਵਾਸੀ ਨਵਨੀਤ ਸਿੰਘ ਢਿੱਲੋਂ ਸਮੇਤ ਕਈ ਹੋਰਨਾਂ ਅਧਿਆਪਕਾਂ ਤੇ ਨੌਜਵਾਨਾ ਦੇ ਨਾਮ ਸ਼ਾਮਲ ਹਨ। ਜਨਿ੍ਹਾਂ ’ਚ ਹਰਦੀਪ ਸਿੰਘ ਮੰਜਾਲਕਲਾਂ, ਕਰਮਜੀਤ ਸਿੰਘ ਦੇਵੀਨਗਰ, ਸੁਖਵੀਰ ਸਿੰਘ ਦੇਵੀਨਗਰ, ਅਮਨਿੰਦਰ ਸਿੰਘ ਦੇਵੀਨਗਰ, ਗੁਰਜੰਟ ਸਿੰਘ, ਗੁਰਵਿੰਦਰ ਸਿੰਘ ਸਿਉਣਾ, ਦੀਪਕਪ੍ਰੀਤ, ਲਵਪ੍ਰੀਤ ਸਿੰਘ ਸਿਉਣਾ, ਗੁਰਵੀਰ ਸਿੰਘ ਸਿਉਣਾ, ਇੰਦਰਜੀਤ ਸਿੰਘ ਦੇਵੀ ਨਗਰ ਆਦਿ ਵੀ ਸ਼ਾਮਲ ਰਹੇ। ਮਾਸਟਰ ਨਵਨੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਦੌਰਾਨ ਉਨ੍ਹਾਂ ਵੱਲੋਂ ਹਰਿਆਣਾ ਦੇ ਜਿਹੜੇ ਪਿੰਡਾਂ ਵਿਚ ਜਾ ਕੇ ਲੰਗਰ, ਸੁੱਕਾ ਰਾਸ਼ਣ, ਕੇਲੇ, ਬਿਸਕੁਟ, ਪਾਣੀ ਤੇ ਹੋਰ ਖਾਣ ਵਸਤਾਂ ਸਮੇਤ ਡੰਗਰਾਂ ਲਈ ਚਾਰਾ ਆਦਿ ਵਰਤਾਇਆ, ਉਨ੍ਹਾਂ ਵਿਚ ਪਟਿਆਲਾ ਦੇ ਰਾਮਨਗਰ ਬੈਰੀਅਰ ਦੇ ਪਰਲੇ ਪਾਸੇ ਹਰਿਆਣਾ ’ਚ ਪੈਂਦੇ ਚੀਕਾ ਨੇੜਲੇ ਪਿੰਡਾਂ ਖੰਬੇੜਾ, ਸਰੌਲਾ, ਰੱਤਾਖੇੜਾ, ਲੁਕਮਾਨ ਅਤੇ ਟਟਿਆਣਾ ਆਦਿ ਪਿੰਡਾਂ ਦੇ ਨਾਮ ਸ਼ਾਮਲ ਹਨ। ਟੀਮ ਨੇ ਪਟਿਆਲਾ ਜ਼ਿਲ੍ਹੇ ਦੇ ਕਈ ਪਿੰਡਾਂ ਵਿਚ ਵੀ ਅਜਿਹੀ ਸੇਵਾ ਨਿਭਾਈ। ਇਸ ਦੌਰਾਨ ਦੇਵੀਨਗਰ ਵਾਸੀਆਂ ਦਾ ਵੀ ਸਹਿਯੋਗ ਰਿਹਾ, ਜਨਿ੍ਹਾਂ ਨੇ ਖਾਸ ਕਰਕੇ ਹਰੇ ਚਾਰੇ ਦੀ ਸੇਵਾ ਕੀਤੀ। ਉਂਜ ਅਧਿਆਪਕਾਂ ਨੇ ਵੀ ਨਾਲ ਹੀ ਹਰਾ ਚਰਾ ਵਢਵਾਇਆ।
ਹੜ੍ਹ ਪੀੜਤਾਂ ਲਈ ਲੱਖ ਰੁਪਏ ਦੀਆਂ ਦਵਾਈਆਂ ਸੌਂਪੀਆਂ
ਦੇਵੀਗੜ੍ਹ (ਮੁਖਤਿਆਰ ਸਿੰਘ ਨੌਗਾਵਾਂ): ਸਮੂਹਿਕ ਸਿਹਤ ਕੇਂਦਰ ਦੂਧਨਸਾਧਾਂ ਦੇ ਸੀਨੀਅਰ ਮੈਡੀਕਲ ਅਫਸਰ ਡਾ. ਪ੍ਰਸ਼ਾਂਤ ਗੌਤਮ ਅਤੇ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਟੀਮ ਦੇ ਆਗੂ ਹਰਦੇਵ ਸਿੰਘ ਘੜਾਮ ਅਤੇ ਸਾਹਿਬ ਸਿੰਘ ਘੜਾਮ ਨੂੰ ਅੱਜ ਯੂਥ ਕਿਸਾਨ ਕਮੇਟੀ ਪਾਣੀਪਤ ਸਮਾਜ ਸੇਵੀ ਸੰਸਥਾ ਵੱਲੋਂ ਲੱਖ ਰੁਪਏ ਦੀਆਂ ਦਵਾਈਆਂ ਸੌਂਪੀਆਂ ਗਈਆਂ। ਸਮਾਜ ਸੇਵੀ ਸੰਸਥਾ ਦੀ ਅਗਵਾਈ ਕਰ ਰਹੇ ਗੁਰਿੰਦਰ ਚੀਮਾ, ਕਰਮਜੀਤ ਸਿੰਘ ਵਿਰਕ, ਨਵਨੀਤ ਗਿੱਲ, ਗੁਰਬਾਜ ਚੀਮਾ, ਹਰਦੀਪ ਵਿਰਕ ਅਤੇ ਨੀਰਜ ਰਾਏ ਨੇ ਕਿਹਾ ਕਿ ਇਸ ਮੌਕੇ ਸੰਸਥਾ ਵੱਲੋਂ ਹੜ੍ਹ ਕਾਰਨ ਪੈਦਾ ਹੋਣ ਵਾਲੀਆਂ ਬਿਮਾਰੀਆਂ ਅਤੇ ਹਸਪਤਾਲ ਨੂੰ ਹੋਰ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਸਬੰਧੀ ਦਵਾਈਆਂ ਮੁਹੱਈਆਂ ਕਰਵਾਈਆਂ ਗਈਆਂ ਹਨ। ਇਸ ਮੌਕੇ ਬੱਚਿਆਂ ਦੇ ਮਾਹਿਰ ਡਾਕਟਰ ਅਨੁਜ ਬਾਂਸਲ, ਡਾ. ਜਸਪਾਲ ਭੱਟੀ, ਗੁਰਵਿੰਦਰ ਸਿੰਘ ਬੀਈਈ, ਸੁਭਾਸ਼ ਚੰਦਰ ਹਾਜ਼ਰ ਸਨ।