ਵਿੱਦਿਅਕ ਸੰਸਥਾਵਾਂ ’ਚ ਅਧਿਆਪਕ ਦਿਵਸ ਮਨਾਇਆ
ਨਿੱਜੀ ਪੱਤਰ ਪ੍ਰੇਰਕ
ਖੰਨਾ, 5 ਸਤੰਬਰ
ਪਿੰਡ ਇਕੋਲਾਹਾ ਦੇ ਸਰਸਵਤੀ ਇੰਟਰਨੈਸ਼ਨਲ ਪਬਲਿਕ ਸਕੂਲ ਵਿੱਚ ਵਿਦਿਆਰਥੀਆਂ ਅਤੇ ਸਟਾਫ਼ ਨੇ ਬੂਟੇ ਲਾ ਕੇ ਅਧਿਆਪਕ ਦਿਵਸ ਮਨਾਇਆ। ਪ੍ਰਿੰਸੀਪਲ ਨਿਸ਼ਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਵਾਤਾਵਰਨ ਦੀ ਸੰਭਾਲ ਅਤੇ ਪਾਣੀ ਦੀ ਬੱਚਤ ਸਬੰਧੀ ਜਾਗਰੂਕ ਕੀਤਾ। ਇਸ ਮੌਕੇ ਬੱਚਿਆਂ ਨੇ ਬੂਟਿਆਂ ਦੀ ਸੇਵਾ ਦਾ ਪ੍ਰਣ ਕਰਦਿਆਂ ਅਧਿਆਪਕਾਂ ਦੀ ਮਹੱਤਤਾ ਸਬੰਧੀ ਦੱਸਿਆ। ਇਸ ਮੌਕੇ ਸਾਹਿਲ ਭਾਰਦਵਾਜ, ਕਰਮਜੀਤ ਕੌਰ, ਦਲਜੀਤ ਕੌਰ, ਰਜਨਦੀਪ ਕੌਰ, ਜਸਪ੍ਰੀਤ ਕੌਰ, ਮਨਪ੍ਰੀਤ ਕੌਰ, ਸ਼ਬਨਮ ਤੇ ਬੇਬੀ ਕੌਰ ਆਦਿ ਹਾਜ਼ਰ ਸਨ। ਇਸ ਤੋਂ ਇਲਾਵਾ ਐੱਸਬੀਆਈ ਬੈਂਕ ਦੀ ਮੁੱਖ ਸ਼ਾਖਾ ਵਿੱਚ ਇੱਕ ਸਮਾਗਮ ਦੌਰਾਨ ਅਧਿਆਪਕ ਦਿਵਸ ਮਨਾਇਆ ਗਿਆ। ਇਸ ਮੌਕੇ ਵੱਖ-ਵੱਖ ਸਕੂਲਾਂ ਤੋਂ ਆਏ ਅਧਿਆਪਕਾਂ ਦਾ ਧੰਨਵਾਦ ਕਰਦਿਆਂ ਚੀਫ਼ ਮੈਨੇਜਰ ਬਲਕਾਰ ਸਿੰਘ ਨੇ ਅਧਿਆਪਕ ਨੂੰ ਸਮਾਜ ਦਾ ਸ਼ੀਸ਼ਾ ਦੱਸਿਆ। ਇਸ ਮੌਕੇ ਡਿਪਟੀ ਮੈਨੇਜਰ ਦੀਪਤੀ ਕੁੰਨਰਾ, ਪਵਨਦੀਪ ਕੌਰ ਅਤੇ ਐੱਚ ਐੱਸ ਮਹਿਮੀ ਨੇ ਕਿਹਾ ਕਿ ਹਰ ਵਿਅਕਤੀ ਦੀ ਸਫ਼ਲਤਾ ਪਿੱਛੇ ਅਧਿਆਪਕ ਦੀ ਅਹਿਮ ਭੂਮਿਕਾ ਹੁੰਦੀ ਹੈ। ਇਸ ਦੌਰਾਨ ਪ੍ਰੋ. ਰਾਮ ਸਿੰਘ, ਪ੍ਰੋ. ਉਜਲਵੀਰ ਸਿੰਘ, ਪ੍ਰਿੰਸੀਪਲ ਬਲਜੀਤ ਸਿੰਘ, ਅਜੀਤ ਖੰਨਾ ਅਤੇ ਜਗਦੀਪ ਸਿੰਘ ਨੇ ਆਪਣੇ ਤਜਰਬੇ ਸਾਂਝੇ ਕੀਤੇ। ਅਖੀਰ ਵਿੱਚ ਬੈਂਕ ਸਟਾਫ਼ ਨੇ ਕੇਕ ਕੱਟ ਕੇ ਅਧਿਆਪਕਾਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ।
ਸਮਰਾਲਾ (ਪੱਤਰ ਪ੍ਰੇਰਕ): ਮੈਕਸ ਆਰਥਰ ਮੈਕਾਲਿਫ ਪਬਲਿਕ ਸਕੂਲ ਵਿੱਚ ਸਰਵਪੱਲੀ ਡਾ. ਰਾਧਾ ਕ੍ਰਿਸ਼ਨਨ ਦੇ 136ਵੇਂ ਜਨਮ ਦਿਵਸ ਨੂੰ ਸਮਰਪਿਤ ਅਧਿਆਪਕ ਦਿਵਸ ਮਨਾਇਆ। ਸਮਾਗਮ ਦਾ ਆਰੰਭ ਅਧਿਆਪਕ ਰੋਹਿਤ ਸ਼ਰਮਾ ਅਤੇ ਅਮਨਦੀਪ ਕੌਰ ਦੀ ਅਗਵਾਈ ਵਿੱਚ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਪ੍ਰਾਰਾਥਨਾ ਸਭਾ ਰਾਹੀਂ ਕੀਤਾ ਗਿਆ, ਜਿਸ ਵਿੱਚ ਵਿਦਿਆਰਥੀਆਂ ਵੱਲੋਂ ਕਵਿਤਾਵਾਂ ਅਤੇ ਭਾਸ਼ਣ ਰਾਹੀਂ ਸਰਵਪੱਲੀ ਡਾ. ਰਾਧਾ ਕ੍ਰਿਸ਼ਨ ਦੇ ਜੀਵਨ ਉੱਤੇ ਰੌਸ਼ਨੀ ਪਾਈ ਗਈ। ਇਸ ਮੌਕੇ ਪ੍ਰਿੰਸੀਪਲ ਡਾ. ਮੋਨਿਕਾ ਮਲਹੋਤਰਾ ਤੇ ਸਟਾਫ ਨੇ ਸਰਵਪੱਲੀ ਡਾ. ਰਾਧਾ ਕ੍ਰਿਸ਼ਨ ਦੀ ਫੋਟੋ ਅੱਗੇ ਸ਼ਮਾ ਰੋਸ਼ਨ ਕਰ ਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਗਿਆਰਵੀਂ ਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਸਕੂਲ ਦੇ ਹੀ ਵੱਖ-ਵੱਖ ਅਧਿਆਪਕਾਂ ਦਾ ਰੋਲ ਵੀ ਅਦਾ ਕੀਤਾ ਗਿਆ। ਇਸ ਮੌਕੇ ਸਕੂਲ ਮੈਨੇਜਮੈਂਟ ਤੇ ਪ੍ਰਿੰਸੀਪਲ ਡਾ. ਮੋਨਿਕਾ ਮਲਹੋਤਰਾ ਨੇ ਸਟਾਫ਼ ਨੂੰ ਅਧਿਆਪਕ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਕਲੱਬਾਂ ਵੱਲੋਂ ਸੇਵਾਮੁਕਤ ਅਧਿਆਪਕਾਂ ਦਾ ਸਨਮਾਨ
ਮੰਡੀ ਅਹਿਮਦਗੜ੍ਹ: ਰੋਟਰੀ ਕਲੱਬ ਤੇ ਲਾਇਨਜ਼ ਕਲੱਬ ਨੇ ਵੱਖ-ਵੱਖ ਸਕੂਲਾਂ ਤੇ ਕਾਲਜਾਂ ਵਿੱਚ ਸਮਾਗਮ ਕਰ ਕੇ ਅਧਿਆਪਕਾਂ ਤੇ ਸੇਵਾਮੁਕਤ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਜਦਕਿ ਉੱਦਮੀਆਂ, ਨੇਤਾਵਾਂ, ਨੌਕਰਸ਼ਾਹਾਂ ਅਤੇ ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਨੂੰ ਸਤਿਕਾਰ ਵਜੋਂ ਤੋਹਫ਼ੇ, ਫੁੱਲ ਅਤੇ ਮਠਿਆਈਆਂ ਭੇਟ ਕੀਤੀਆਂ। ਰੋਟਰੀ ਕਲੱਬ ਦੇ ਸਕੱਤਰ ਅਸ਼ੋਕ ਵਰਮਾ ਨੇ ਦੱਸਿਆ ਕਿ ਅਸਿਸਟੈਂਟ ਗਵਰਨਰ ਇਲੈਕਟ ਸੁਰਿੰਦਰ ਪਾਲ ਸੋਫਤ ਦੀ ਰਹਿਨੁਮਾਈ ਹੇਠ ਅਧਿਆਪਕਾਂ ਨੂੰ ਸਨਮਾਨਿਤ ਕਰਨ ਲਈ ਇੱਥੋਂ ਦੇ ਮਹਾਤਮਾ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਇੱਕ ਸਮਾਗਮ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਵੇਨੂੰ ਗੋਪਾਲ ਸ਼ਰਮਾ ਨੇ ਕੀਤੀ। ਪ੍ਰਬੰਧਕਾਂ ਨੇ ਦੱਸਿਆ ਕਿ ਅਧਿਆਪਕਾਂ ਨੂੰ ਆਪਣੇ ਖੇਤਰ ਵਿੱਚ ਦਿੱਤੀਆਂ ਸੇਵਾਵਾਂ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਜੀਵਨ ਵਿੱਚ ਰਸਮੀ ਅਤੇ ਗੈਰ-ਰਸਮੀ ਸਿੱਖਿਆ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਸੇਵਾਮੁਕਤ ਅਧਿਆਪਕਾਂ ਮਾਸਟਰ ਰਮੇਸ਼ ਸ਼ਰਮਾ, ਓਮ ਪ੍ਰਕਾਸ਼ ਸ਼ਰਮਾ, ਰਜਿੰਦਰ ਸ਼ਰਮਾ, ਰੇਖਾ ਕੁਮਰਾ ਪੁਰੀ ਅਤੇ ਸੰਯੋਗਤਾ ਸ਼ਰਮਾ ਨੂੰ ਸਨਮਾਨਿਤ ਕੀਤਾ ਗਿਆ। -ਪੱਤਰ ਪ੍ਰੇਰਕ