For the best experience, open
https://m.punjabitribuneonline.com
on your mobile browser.
Advertisement

ਵਿਦਿਅਕ ਅਦਾਰਿਆਂ ਵਿੱਚ ਅਧਿਆਪਕ ਦਿਵਸ ਮਨਾਇਆ

08:49 AM Sep 06, 2024 IST
ਵਿਦਿਅਕ ਅਦਾਰਿਆਂ ਵਿੱਚ ਅਧਿਆਪਕ ਦਿਵਸ ਮਨਾਇਆ
ਨਵੀਂ ਦਿੱਲੀ ਵਿੱਚ ਅਧਿਆਪਕਾਂ ਦਾ ਸਨਮਾਨ ਕਰਦੇ ਹੋਏ ਸਿੱਖਿਆ ਮੰਤਰੀ ਆਤਿਸ਼ੀ। -ਫੋਟੋ: ਪੀਟੀਆਈ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਸਤੰਬਰ
ਅਧਿਆਪਕਾਂ ਨੂੰ ਸਨਮਾਨਿਤ ਕਰਨ ਦੀ ਰਵਾਇਤ ਨੂੰ ਕਾਇਮ ਰੱਖਦੇ ਹੋਏ ਅੱਜ ਤਿਆਗਰਾਜ ਸਟੇਡੀਅਮ ਵਿੱਚ ਰਾਜ ਅਧਿਆਪਕ ਪੁਰਸਕਾਰ ਸਮਾਰੋਹ ਕਰਵਾਇਆ ਗਿਆ। ਅਧਿਆਪਕ ਦਿਵਸ ਮੌਕੇ ’ਤੇ ਕੇਜਰੀਵਾਲ ਸਰਕਾਰ ਵੱਲੋਂ ਦਿੱਲੀ ਦੇ 118 ਅਧਿਆਪਕਾਂ ਨੂੰ ਸਟੇਟ ਟੀਚਰ ਐਵਾਰਡ 2024 ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਿੱਖਿਆ ਮੰਤਰੀ ਆਤਿਸ਼ੀ ਨੇ ਉਨ੍ਹਾਂ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਜਿਨ੍ਹਾਂ ਨੇ ਆਪਣੇ ਕੰਮਾਂ ਰਾਹੀਂ ਲੱਖਾਂ ਬੱਚਿਆਂ ਦੇ ਜੀਵਨ ਵਿੱਚ ਬਦਲਾਅ ਲਿਆਂਦਾ ਹੈ। ਦੋ ਅਧਿਆਪਕਾਂ ਨੂੰ ਸਿੱਖਿਆ ਮੰਤਰੀ ਆਤਿਸ਼ੀ ਤੋਂ ਵਿਸ਼ੇਸ਼ ਪੁਰਸਕਾਰ ਮਿਲਿਆ। ਸਿੱਖਿਆ ਡਾਇਰੈਕਟੋਰੇਟ, ‘ਐਸਸੀਈਆਰਟੀ, ਐਮਸੀਡੀ, ਐਨਡੀਐਮਸੀ, ਪ੍ਰਾਈਵੇਟ ਅਤੇ ਸਹਾਇਤਾ ਪ੍ਰਾਪਤ ਸਕੂਲਾਂ ਦੇ ਅਧਿਆਪਕ-ਪ੍ਰਿੰਸੀਪਲ ਸਟੇਟ ਟੀਚਰ ਐਵਾਰਡ ਪ੍ਰਾਪਤ ਕਰਨ ਵਾਲਿਆਂ ਵਿੱਚ ਸ਼ਾਮਲ ਸਨ। ਆਤਿਸ਼ੀ ਨੇ ਕਿਹਾ ਕਿ ਸਰਕਾਰੀ ਅਤੇ ਸਿੱਖਿਆ ਵਿਭਾਗ ਸਟਾਫ਼ ਦਾ ਸਮਰਥਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਸਰਕਾਰ ਦੇਸ਼ ਦੀ ਪਹਿਲੀ ਸਰਕਾਰ ਹੈ ਜਿਸ ਨੇ ਆਪਣੇ ਮੰਤਰੀਆਂ ਅਤੇ ਅਫਸਰਾਂ ਨੂੰ ਵਿਦੇਸ਼ ਭੇਜਣ ਦੀ ਬਜਾਏ ਆਪਣੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਅਤੇ ਪ੍ਰਿੰਸੀਪਲਾਂ ਨੂੰ ਸਿਖਲਾਈ ਲਈ ਵਿਦੇਸ਼ ਭੇਜਿਆ। ਇਸ ਮੌਕੇ ਆਤਿਸ਼ੀ ਨੇ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅਧਿਆਪਕ ਬੱਚਿਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਅਤੇ ਦੇਸ਼ ਦੇ ਭਵਿੱਖ ਨੂੰ ਸੰਵਾਰਨ ਦਾ ਕੰਮ ਕਰਦੇ ਹਨ।

Advertisement

ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ):

Advertisement

ਸਤਲੁਜ ਸੀਨੀਅਰ ਸੈਕੰਡਰੀ ਸਕੂਲ ਤੇ ਸਰਦਾਰ ਚੰਨਣ ਸਿੰਘ ਘੁੰਮਣ ਮੈਮੋਰੀਅਲ ਕਾਲਜ ਵਿੱਚ ਅਧਿਆਪਕ ਦਿਵਸ ਮਨਾਇਆ ਗਿਆ। ਪ੍ਰੋਗਰਾਮ ਦਾ ਉਦਘਾਟਨ ਪ੍ਰਿੰਸੀਪਲ ਡਾ. ਆਰਐੱਸ ਘੁੰਮਣ ਨੇ ਕੀਤਾ। ਉਨ੍ਹਾਂ ਅਧਿਆਪਕ ਦਿਵਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਬੱਚੇ ਦੀ ਸ਼ਖਸੀਅਤ ਦੇ ਵਿਕਾਸ ਵਿੱਚ ਅਧਿਆਪਕ ਦਾ ਮਹਤੱਵਪੂਰਨ ਯੋਗਦਾਨ ਹੁੰਦਾ ਹੈ।
ਇਸ ਦੌਰਾਨ ਅਧਿਆਪਕਾਂ ਨੇ ਪ੍ਰਿੰਸੀਪਲ ਡਾ. ਆਰਐੱਸ ਘੁੰਮਣ ਨੂੰ ਤੋਹਫੇ ਦੇ ਕੇ ਸਨਮਾਨਿਤ ਕੀਤਾ। ਸਕੂਲ ਦੇ ਸਾਬਕਾ ਪ੍ਰਿੰਸੀਪਲ ਵੀਰੇਂਦਰ ਸਿੰਘ ਤੇ ਰਾਜੇਸ਼ ਸੈਣੀ ਨੂੰ ਸ਼ਾਲ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਅਧਿਆਪਕ ਮਹਿੰਦਰ, ਦੀਪਕਾ,ਮਨਦੀਪ ਕੌਰ ਤੇ ਸੰਜੇ ਬਠਲਾ ਨੇ ਗੀਤ ਪੇਸ਼ ਕੀਤੇ। ਮੰਚ ਦਾ ਸੰਚਾਲਨ ਮਮਤਾ ਜੈਨ ਤੇ ਨੀਲਮ ਨੇ ਕੀਤਾ। ਇਸ ਮੌਕੇ ਸਕੂਲ ਦੇ ਮੀਤ ਪ੍ਰਧਾਨ ਪੂਰਨ ਚੰਦ ਸ਼ਰਮਾ, ਕੋਆਰਡੀਨੇਟਰ ਮਨਿੰਦਰ ਸਿੰਘ ਘੁੰਮਣ, ਮੋਨਿਕਾ ਘੁੰਮਣ, ਸਕੂਲ ਪ੍ਰਬੰਧਕ ਮਨੋਜ ਭਸੀਨ, ਮੀਤ ਪ੍ਰਿੰਸੀਪਲ ਸਤਬੀਰ ਸਿੰਘ ,ਕਾਲਜ ਕੋਆਰਡੀਨੇਟਰ ਮੁਕੇਸ਼ ਦੂਆ ਮੌਜੂਦ ਸੀ।
ਇਸੇ ਦੌਰਾਨ ਇੱਥੇ ਮਾਤਭੂਮੀ ਸਿੱਖਿਆ ਮੰਦਰ ਦੇ ਸੰਸਥਾਪਕ ਡਾ. ਮਿਸ਼ਰਾ ਨੇ ਅਧਿਆਪਕ ਦਿਵਸ ਮੌਕੇ ਮਾਤਭੂਮੀ ਸਿੱਖਿਆ ਮੰਦਰ ਦੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਇਸ ਮੌਕੇ ਵਿਦਿਆਰਥੀਆਂ ਨੇ ਸਮਾਜ ਵਿੱਚ ਅਧਿਆਪਕਾਂ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਡਾ. ਮਿਸ਼ਰਾ ਨੇ ਕਿਹਾ ਕਿ ਕਿਸੇ ਵੀ ਸਮਾਜ ਦੇ ਨਿਰਮਾਣ ਵਿੱਚ ਅਧਿਆਪਕ ਦੀ ਭੂਮਿਕਾ ਸਭ ਤੋਂ ਮਹਤੱਵਪੂਰਨ ਹੁੰਦੀ ਹੈ।

ਯਮੁਨਾਨਗਰ (ਪੱਤਰ ਪ੍ਰੇਰਕ):

ਗੁਰੂ ਨਾਨਕ ਖਾਲਸਾ ਕਾਲਜ ਵਿੱਚ ਲੀਗਲ ਲਿਟਰੇਸੀ ਸੈੱਲ, ਕੈਲੀਬਰ ਕਲੱਬ ਆਫ ਕਾਮਰਸ ਵਿਭਾਗ, ਖੇਡ, ਬਾਇਓਟੈਕਨਾਲੋਜੀ, ਸਿੱਖਿਆ, ਕੰਪਿਊਟਰ ਸਾਇੰਸ ਵਿਭਾਗ, ਐੱਨਸੀਸੀ, ਐੱਨਐੱਸਐੱਸ, ਰੋਟਰੈਕਟ ਕਲੱਬ ਅਤੇ ਕਮਿਊਨਿਟੀ ਕਾਲਜ ਵੱਲੋਂ ਅਧਿਆਪਕ ਦਿਵਸ ਮਨਾਇਆ ਗਿਆ। ਸਮਾਗਮ ਵਿੱਚ ਕਾਮਰਸ ਵਿਭਾਗ ਵੱਲੋਂ ਵੱਖ-ਵੱਖ ਵਿਸ਼ਿਆਂ ‘ਅਧਿਆਪਨ: ਇੱਕ ਮਹਾਨ ਕਿੱਤਾ’, ‘ਮੇਰੀ ਜ਼ਿੰਦਗੀ ਨੂੰ ਬਦਲਣ ਵਾਲਾ ਇੱਕ ਅਧਿਆਪਕ’ ਅਤੇ ‘ਭਵਿੱਖ ਨੂੰ ਆਕਾਰ ਦੇਣ ਵਿੱਚ ਅਧਿਆਪਕਾਂ ਦੀ ਭੂਮਿਕਾ’ ਵਰਗੇ ਰਾਸ਼ਟਰੀ ਪੱਧਰ ਦੇ ਲੇਖ ਲਿਖਣ ਮੁਕਾਬਲੇ ਕਰਵਾਏ ਜਿਨ੍ਹਾਂ ਵਿੱਚ ਦੇਸ਼ ਭਰ ਦੇ ਵਿਦਿਆਰਥੀਆਂ ਦੀ ਭਾਗੀਦਾਰੀ ਦੇਖੀ ਗਈ। ਕਾਲਜ ਪ੍ਰਿੰਸੀਪਲ ਡਾ. ਹਰਿੰਦਰ ਸਿੰਘ ਕੰਗ ਨੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਅਧਿਆਪਕਾਂ ਦੀ ਅਹਿਮ ਭੂਮਿਕਾ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਅਧਿਆਪਕ ਸਾਡੇ ਸਮਾਜ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਜੋ ਆਪਣੇ ਗਿਆਨ, ਨੈਤਿਕਤਾ ਅਤੇ ਸੇਧ ਨਾਲ ਆਉਣ ਵਾਲੀ ਪੀੜ੍ਹੀ ਦਾ ਨਿਰਮਾਣ ਕਰਦੇ ਹਨ। ਸਮਾਗਮ ਵਿੱਚ ਡਾ. ਬਲਜੀਤ, ਡਾ. ਹੇਮੰਤ ਮਿਸ਼ਰਾ, ਡਾ. ਅਨੁਰਾਗ, ਡਾ. ਵਿਨੈ, ਡਾ. ਜਸਵਿੰਦਰ ਕੌਰ, ਡਾ. ਸੰਜੇ ਅਰੋੜਾ, ਡਾ. ਅਸ਼ੋਕ ਖੁਰਾਣਾ, ਡਾ. ਰਜਿੰਦਰ ਸਿੰਘ ਵੋਹਰਾ, ਡਾ. ਬੋਧਰਾਜ, ਡਾ. ਰਣਜੀਤ ਸਿੰਘ, ਡਾ. ਸੰਜੇ ਵਿੱਜ ਹਾਜ਼ਰ ਸਨ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਣਦੀਪ ਸਿੰਘ ਜੌਹਰ ਨੇ ਅਧਿਆਪਕਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ।

Advertisement
Author Image

joginder kumar

View all posts

Advertisement