ਵਿਦਿਅਕ ਸੰਸਥਾਵਾਂ ਵਿੱਚ ਅਧਿਆਪਕ ਦਿਵਸ ਮਨਾਇਆ
ਪੱਤਰ ਪ੍ਰੇਰਕ
ਸਮਾਣਾ, 5 ਸਤੰਬਰ
ਇੱਥੋਂ ਦੇ ਪਬਲਿਕ ਕਾਲਜ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਅਧਿਆਪਕ ਦਿਵਸ ਉਤਸ਼ਾਹ ਨਾਲ ਮਨਾਇਆ। ਇਸ ਦੌਰਾਨ ਵਿਦਿਅਕ ਤੇ ਸਹਿ-ਵਿਦਿਅਕ ਖੇਤਰ ’ਚ ਖਾਸ ਯੋਗਦਾਨ ਪਾਉਣ ਵਾਲੇ ਅਧਿਆਪਕਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮ ’ਚ ਮੁੱਖ ਮਹਿਮਾਨ ਦੇ ਤੌਰ ’ਤੇ ਸਾਬਕਾ ਪ੍ਰਿੰਸੀਪਲ ਸਵਰਨ ਸਿੰਘ ਸੋਢੀ ਨੇ ਸ਼ਿਰਕਤ ਕੀਤੀ। ਪ੍ਰਧਾਨਗੀ ਮੰਡਲ ਵਿਚ ਮੁੱਖ ਮਹਿਮਾਨ ਦੇ ਨਾਲ ਕਾਲਜ ਮੈਨੇਜਮੈਂਟ ਦੇ ਸਕੱਤਰ ਇੰਦਰਜੀਤ ਸਿੰਘ ਵੜੈਚ, ਕਾਲਜ ਪ੍ਰਿੰਸੀਪਲ ਡਾ. ਹਰਕੀਰਤ ਸਿੰਘ ਤੇ ਕਾਮਰਸ ਵਿਭਾਗ ਦੇ ਮੁਖੀ ਡਾ. ਹਰਕੀਰਤਨ ਕੌਰ ਸ਼ਾਮਲ ਸਨ। ਮੰਚ ਸੰਚਾਲਨ ਕਰਦੇ ਡਾ. ਸਮਸ਼ੇਰ ਸਿੰਘ ਨੇ ਕੀਤਾ।
ਲਹਿਰਾਗਾਗਾ (ਪੱਤਰ ਪ੍ਰੇਰਕ): ਇੱਥੇ ਸ਼ਿਵਮ ਕਾਲਜ ਆਫ ਐਜੂਕੇਸ਼ਨ ਖੋਖਰ ਕਲਾਂ ਵਿੱਚ ਸਰਵਪੱਲੀ ਰਾਧਾ ਕ੍ਰਿਸ਼ਨਨ ਦੇ ਜਨਮ ਦਿਨ ਮੌਕੇ ਉਨ੍ਹਾਂ ਦੇ ਵਿਦਿਆ ਦੇ ਖੇਤਰ ’ਚ ਦਿੱਤੇ ਯੋਗਦਾਨ ਨੂੰ ਯਾਦ ਕਰਦਿਆਂ ਅਧਿਆਪਕ ਦਿਵਸ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੂਰੁਆਤ ਕਾਲਜ ਦੇ ਚੇਅਰਮੈਨ ਰਾਹੁਲ ਗਰਗ, ਲਾਇਨਲ ਕਲੱਬ ਦੇ ਪ੍ਰਧਾਨ ਹਤੀਸ਼, ਸਕੱਤਰ ਸਾਹਿਲ ਗੋਇਲ ਤੇ ਪ੍ਰਿੰਸੀਪਲ ਡਾ. ਰਮਨਦੀਪ ਕੌਰ ਅਤੇ ਸਮੂਹ ਸਟਾਫ਼ ਵੱਲੋਂ ਕੀਤੀ ਗਈ। ਇਸ ਮੌਕੇ ਵਿਦਿਆਰਥੀਆਂ ਨੇ ਲੋਕ-ਗੀਤ ਤੇ ਕਵਿਤਾਵਾਂ ਸੁਣਾਈਆਂ। ਇਸੇ ਤਰ੍ਹਾਂ ਕੇਸੀਟੀ ਕਾਲਜ ਆਫ ਇੰਜਨੀਅਰਿੰਗ ਫਤਿਹਗੜ੍ਹ ਵਿਚ ਅਧਿਆਪਕ ਦਿਵਸ ਮਨਾਇਆ ਗਿਆ। ਕਾਲਜ ਦੇ ਚੇਅਰਮੈਨ ਮੌਂਟੀ ਗਰਗ, ਪ੍ਰਧਾਨ ਜਸਵੰਤ ਸਿੰਘ ਵੜੈਚ, ਸਕੱਤਰ ਰਾਮ ਗੋਪਾਲ ਨੇ ਵਿਦਿਆਰਥੀਆਂ ਨੂੰ ਅਧਿਆਪਕ ਦਿਵਸ ਬਾਰੇ ਜਾਣਕਾਰੀ ਦਿੱਤੀ।
ਦੇਵੀਗੜ੍ਹ (ਪੱਤਰ ਪ੍ਰੇਰਕ): ਜੱਜ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਛੰਨਾਂ ਮੌੜ ਵਿੱਚ ਅਧਿਆਪਕ ਦਿਵਸ ਧੂਮਧਾਮ ਨਾਲ ਮਨਾਇਆ ਗਿਆ। ਸਮਾਰੋਹ ਦੀ ਸ਼ੁਰੂਆਤ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸੰਤੋਖ ਸਿੰਘ ਨੇ ਕੇਕ ਕੱਟ ਕੇ ਕੀਤੀ। ਇਸ ਮੌਕੇ ਤੇ ਵਿਦਿਆਰਥੀਆਂ ਵੱਲੋਂ ਅਧਿਆਪਕਾਂ ਦੇ ਸਨਮਾਨ ਵਿੱਚ ਭਾਸ਼ਣ, ਕਵਿਤਾਵਾਂ ਅਤੇ ਨਾਚ ਪੇਸ਼ ਕੀਤਾ ਗਿਆ। ਪ੍ਰੋਗਰਾਮ ਦੇ ਅੰਤ ਵਿੱਚ ਸਕੂਲ ਦੇ ਪ੍ਰਿੰਸੀਪਲ ਨਵਤੇਜ ਸਿੰਘ ਅਤੇ ਮੈਨੇਜਿੰਗ ਡਾਇਰੈਕਟਰ ਸੰਤੋਖ ਸਿੰਘ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਅਧਿਆਪਕ ਦਿਵਸ ਦੀਆਂ ਅਤੇ ਆਉਣ ਵਾਲੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸੇ ਤਰ੍ਹਾਂ ਬਾਹਲਾ ਪਬਲਿਕ ਸਕੂਲ ਪਿੱਪਲਖੇੜੀ ਵਿੱਚ ਅਧਿਆਪਕ ਦਿਵਸ ਮਨਾਇਆ ਗਿਆ। ਸਮੂਹ ਅਧਿਆਪਕਾਂ ਨੇ ਅਧਿਆਪਕ ਦਿਵਸ ਮੌਕੇ ਆਪੋ-ਆਪਣੇ ਵਿਚਾਰਾਂ ਰਾਹੀਂ ਬੱਚਿਆਂ ਨੂੰ ਵੱਧ ਤੋਂ ਵੱਧ ਸਮਾਂ ਪੜ੍ਹਾਈ ਕਰਨ ਤੇ ਜ਼ੋਰ ਦਿੱਤਾ। ਇਸ ਮੌਕੇ ਅਮਰਜੀਤ ਸਿੰਘ ਬਾਹਲਾ ਨੇ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਅਧਿਆਪਕ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।
ਡੀਏਵੀ ਪਬਲਿਕ ਸਕੂਲ ’ਚ ਅਧਿਆਪਕ ਦਿਵਸ ਮਨਾਇਆ
ਮੂਨਕ (ਪੱਤਰ ਪ੍ਰੇਰਕ): ਬਾਬੂ ਬ੍ਰਿਸ਼ ਭਾਨ ਡੀਏਵੀ ਪਬਲਿਕ ਸਕੂਲ ਮੂਨਕ ਵਿੱਚ ਪ੍ਰਿੰਸੀਪਲ ਸੰਜੀਵ ਸ਼ਰਮਾ ਦੀ ਅਗਵਾਈ ਹੇਠ ਅਧਿਆਪਕ ਦਿਵਸ ਮਨਾਇਆ ਗਿਆ। ਇਸ ਦੌਰਾਨ ਪ੍ਰਿੰਸੀਪਲ ਸੰਜੀਵ ਸ਼ਰਮਾ ਨੇ ਡਾ. ਰਾਧਾਕ੍ਰਿਸ਼ਨਨ ਦੇ ਜੀਵਨ ਬਾਰੇ ਚਾਨਣਾ ਪਾਇਆ। ਪ੍ਰਿੰਸੀਪਲ ਨੇ ਸੰਬੋਧਨ ਕਰਦਿਆਂ ਬੱਚਿਆਂ ਨੂੰ ਆਪਣੇ ਅਧਿਆਪਕਾਂ ਦਾ ਸਤਿਕਾਰ ਤੇ ਮਿਹਨਤ ਨਾਲ ਪੜ੍ਹਾਈ ਕਰਨ ਲਿਆ ਪ੍ਰੇਰਿਆ। ਇਸ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਤੇ ਅਧਿਆਪਕਾਂ ਦਾ ਸਨਮਾਨ ਕੀਤਾ। ਇਸ ਮੌਕ ਸਕੂਲ ਦਾ ਸਮੁੱਚਾ ਸਟਾਫ ਹਾਜ਼ਰ ਸੀ।