ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਧਿਆਪਕ ਬਣੇ ਇਖ਼ਲਾਕੀ ਕਦਰਾਂ ਦੇ ਪਹਿਰੇਦਾਰ

11:33 AM Aug 31, 2024 IST

ਗੁਰਬਿੰਦਰ ਸਿੰਘ ਮਾਣਕ
ਅਜੋਕੀ ਦਿਸ਼ਾਹੀਣ ਸਿੱਖਿਆ ਪ੍ਰਣਾਲੀ ਨੇ ਸਭ ਤੋਂ ਵੱਧ ਢਾਹ ਸਮਾਜਿਕ ਤੇ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਲਾਈ ਹੈ। ਜਿਉਂ ਜਿਉਂ ਸਿੱਖਿਆ ਸੰਸਥਾਵਾਂ ਦੀ ਗਿਣਤੀ ਵਧੀ ਹੈ ਤੇ ਸਿੱਖਿਆ ਦਾ ਪਸਾਰ ਹੋਇਆ ਹੈ, ਤਿਉਂ ਤਿਉਂ ਸਦਾਚਾਰ ਤੇ ਨੈਤਿਕਤਾ ਦੇ ਸਭ ਪ੍ਰਤੀਮਾਨਾਂ ਨੂੰ ਉਲੰਘ ਕੇ ਇੱਕ ਖੋਖਲਾ ਸਮਾਜ ਸਿਰਜਣ ਦੀ ਦਿਸ਼ਾ ਵੱਲ ਵਧਿਆ ਜਾ ਰਿਹਾ ਹੈ। ਸਮਾਜਿਕ ਤੇ ਸੱਭਿਆਚਾਰਕ ਕਦਰਾਂ-ਕੀਮਤਾਂ ਕਿਸੇ ਸਮਾਜ ਦੀ ਧਰੋਹਰ ਹੁੰਦੀਆਂ ਹਨ। ਸਮਾਂ ਜਿੰਨਾ ਮਰਜ਼ੀ ਬਦਲ ਜਾਵੇ ਪਰ ਇਨ੍ਹਾਂ ਦੀ ਮਹੱਤਤਾ ਨੂੰ ਘਟਾ ਕੇ ਨਹੀਂ ਦੇਖਿਆ ਜਾ ਸਕਦਾ। ਜੇ ਅੱਜ ਦੇ ਸਮਾਜ ਵੱਲ ਨਜ਼ਰ ਮਾਰੀਏ ਤਾਂ ਇਹ ਪ੍ਰਤੀਤ ਹੁੰਦਾ ਹੈ ਕਿ ਇਨ੍ਹਾਂ ਗੱਲਾਂ ਨੂੰ ਨਿਗੂਣੀਆਂ ਸਮਝ ਕੇ ਵੱਡੀ ਹੱਦ ਤੱਕ ਵਿਸਾਰ ਦਿੱਤਾ ਗਿਆ ਹੈ।
ਸਮੇਂ ਦੇ ਨਾਲ ਸਮਾਜ ਦੇ ਹਰ ਖੇਤਰ ਵਿੱਚ ਹੀ ਵਿਕਾਸ ਦੇ ਨਵੇਂ ਕੀਰਤੀਮਾਨ ਸਥਾਪਿਤ ਹੋਏ ਹਨ ਪਰ ਵਿਕਾਸ ਦੀ ਅੰਨ੍ਹੀ ਦੌੜ ਵਿੱਚ ਅਸੀਂ ਆਪਣੀ ਸ਼ਾਨਾਂਮੱਤੀ ਪਰੰਪਰਾ ਦੀਆਂ ਮੁੱਲਵਾਨ ਗੱਲਾਂ ਨੂੰ ਅਜੋਕੀ ਜੀਵਨ ਜਾਚ ਵਿੱਚੋਂ ਵਿਸਾਰਦੇ ਜਾ ਰਹੇ ਹਾਂ। ਅਜੋਕੀ ਸਿੱਖਿਆ ਪ੍ਰਣਾਲੀ ਮਹਿਜ਼ ਕਿਤਾਬੀ ਗਿਆਨ ਤੱਕ ਹੀ ਸੀਮਤ ਹੋ ਕੇ ਰਹਿ ਗਈ ਹੈ। ਚੰਗੇ ਮਨੁੱਖ ਸਿਰਜਣ ਦੀ ਥਾਂ ਇਹ ਸਿੱਖਿਆ ਕਾਰੋਬਾਰੀ ਕਿਸਮ ਦੇ ਵਿਅਕਤੀਆਂ ਦਾ ਨਿਰਮਾਣ ਕਰਨ ਵੱਲ ਸੇਧਿਤ ਹੈ। ਜਦੋਂ ਕਦੇ ਸੱਚ, ਸੇਵਾ, ਇਮਾਨਦਾਰੀ ਅਤੇ ਹਮਦਰਦੀ ਨਾਲ ਸਬੰਧਿਤ ਕੋਈ ਖ਼ਬਰ ਛਪਦੀ ਹੈ ਤਾਂ ਲੋਕ ਇਸ ਨੂੰ ਹੈਰਾਨੀ ਨਾਲ ਪੜ੍ਹਦੇ ਹਨ। ਇਸ ਦੇ ਉਲਟ ਸਮਾਜ ਦੇ ਨਿਘਾਰ ਦੀਆਂ ਖ਼ਬਰਾਂ ਨਾਲ ਅਖ਼ਬਾਰ ਹਰ ਰੋਜ਼ ਭਰੇ ਹੁੰਦੇ ਹਨ ਪਰ ਇਨ੍ਹਾਂ ਨੂੰ ਪੜ੍ਹ ਸੁਣ ਕੇ ਹੁਣ ਸ਼ਾਇਦ ਸਾਨੂੰ ਕੋਈ ਹੈਰਾਨੀ ਨਹੀਂ ਹੁੰਦੀ।
ਇੱਕ ਨਜ਼ਰ ਦੇਖੀਏ ਤਾਂ ਸਮਾਜ ਬਹੁਤ ਤਰੱਕੀ ਕਰਦਾ ਨਜ਼ਰ ਆਉਂਦਾ ਹੈ ਪਰ ਇਹ ਰੁਝਾਨ ਸਮਾਜ ਨੂੰ ਜਿਹੜੀ ਅੰਨ੍ਹੀ ਗਲੀ ਵੱਲ ਧੱਕੀ ਜਾ ਰਿਹਾ ਹੈ, ਉਸ ਨੂੰ ਚੇਤਨ ਪੱਧਰ ’ਤੇ ਸਮਝਣ ਦਾ ਰੁਝਾਨ ਨਾਂਹ ਪੱਖੀ ਹੀ ਹੈ। ਅਜੋਕੇ ਵਰਤਾਰੇ ਵਿੱਚ ਇਖ਼ਲਾਕੀ ਕਦਰਾਂ-ਕੀਮਤਾਂ ਦੀ ਮਿੱਟੀ ਪਲੀਤ ਹੋ ਰਹੀ ਹੈ ਜੋ ਕਿਸੇ ਵੀ ਜਾਗਰੂਕ ਵਿਅਕਤੀ ਲਈ ਡੂੰਘੀ ਚਿੰਤਾ ਦਾ ਵਿਸ਼ਾ ਹੈ। ਫਿਲਮਾਂ, ਟੀਵੀ, ਅਸ਼ਲੀਲ ਗੀਤਾਂ ਅਤੇ ਨਾਚਾਂ ਨੇ ਸਭ ਸਮਾਜਿਕ ਮਰਿਆਦਾਵਾਂ ਨੂੰ ਛਿੱਕੇ ’ਤੇ ਟੰਗ ਦਿੱਤਾ ਹੈ। ਇਹ ਸਮਾਜਿਕ ਨਿਘਾਰ ਸਭ ਹੱਦਾਂ ਬੰਨੇ ਟੱਪਦਾ ਜਾ ਰਿਹਾ ਹੈ।
ਅਧਿਆਪਕ ਨੂੰ ਕੌਮ ਦਾ ਨਿਰਮਾਤਾ ਕਿਹਾ ਜਾਂਦਾ ਹੈ। ਕਿਸੇ ਦੇਸ਼ ਦੇ ਭਵਿੱਖ ਦੇ ਨਿਰਮਾਣ ਵਿੱਚ ਜੋ ਭੂਮਿਕਾ ਅਧਿਆਪਕ ਨਿਭਾਉਂਦਾ ਹੈ, ਉਹ ਬੇਹੱਦ ਸ਼ਲਾਘਾਯੋਗ ਹੁੰਦੀ ਹੈ। ਅਧਿਆਪਕ ਸਮਾਜ ਦਾ ਜਾਗਰੂਕ ਵਿਅਕਤੀ ਹੈ। ਇਸ ਲਈ ਉਸ ਤੋਂ ਇਹ ਆਸ ਕੀਤੀ ਜਾਂਦੀ ਹੈ ਕਿ ਉਹ ਉੱਚੀਆਂ ਸੁੱਚੀਆਂ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਪ੍ਰਣਾਇਆ ਹੋਵੇ। ਅਜਿਹੀ ਸ਼ਖ਼ਸੀਅਤ ਵਾਲਾ ਅਧਿਆਪਕ ਹੀ ਬੱਚਿਆਂ ਵਿੱਚ ਮਾਨਵੀ ਤੇ ਸਭਿਆਚਾਰਕ ਗੁਣਾਂ ਦਾ ਸੰਚਾਰ ਕਰ ਸਕਦਾ ਹੈ। ਕੋਈ ਮਨੁੱਖ ਜਿੰਨਾ ਮਰਜ਼ੀ ਪੜ੍ਹ ਲਵੇ, ਵੱਡੇ ਅਹੁਦੇ ਉੱਤੇ ਵੀ ਭਾਵੇਂ ਪਹੁੰਚ ਜਾਵੇ ਪਰ ਮਾਨਵੀ ਗੁਣ ਹੀ ਕਿਸੇ ਵਿਅਕਤੀ ਦੀ ਸ਼ਖ਼ਸੀਅਤ ਦੀ ਅਸਲੀ ਪਛਾਣ ਮੰਨੇ ਜਾਂਦੇ ਹਨ। ਇਹ ਠੀਕ ਹੈ ਕਿ ਸਮਾਂ ਬਹੁਤ ਬਦਲ ਗਿਆ ਹੈ ਤੇ ਅਧਿਆਪਕ ਦੀ ਭੂਮਿਕਾ ਵੀ ਬਦਲ ਗਈ ਹੈ, ਇਸ ਦੇ ਬਾਵਜੂਦ ਬੱਚੇ ਦੀ ਅਗਵਾਈ ਕਰਨ ਅਤੇ ਰਾਹ ਦਸੇਰੇ ਵਜੋਂ ਅਧਿਆਪਕ ਦੀ ਭੂਮਿਕਾ ਅੱਜ ਵੀ ਮਹੱਤਵਪੂਰਨ ਹੈ। ਪਾਠਕ੍ਰਮ ਪੜ੍ਹਾਉਣ ਦੇ ਨਾਲ ਨਾਲ ਸਿਆਣਾ ਅਧਿਆਪਕ ਬੱਚਿਆਂ ਨੂੰ ਜ਼ਿੰਦਗੀ ਦਾ ਪਾਠ ਪੜ੍ਹਾਉਣਾ ਵੀ ਆਪਣਾ ਫਰਜ਼ ਸਮਝਦਾ ਹੈ। ਇਸੇ ਕਾਰਨ ਅਜਿਹੇ ਅਧਿਆਪਕ ਲੋਕਾਂ ਦੇ ਸਤਿਕਾਰ ਦੇ ਪਾਤਰ ਹੀ ਨਹੀਂ ਬਣਦੇ ਸਗੋਂ ਬੱਚਿਆਂ ਲਈ ਆਦਰਸ਼ ਅਤੇ ਪ੍ਰੇਰਨਾ ਦਾ ਸੋਮਾ ਵੀ ਬਣ ਜਾਂਦੇ ਹਨ।
ਸਮਾਜ ਵਿੱਚ ਨਿੱਤ ਬਹੁਤ ਕੁਝ ਅਜਿਹਾ ਵਾਪਰ ਰਿਹਾ ਹੈ ਜੋ ਬੇਹੱਦ ਚਿੰਤਾਜਨਕ ਅਤੇ ਦੁਖਦਾਈ ਹੈ। ਪਰ ਜਦੋਂ ਕਦੇ ਅਧਿਆਪਕ ਦੇ ਡਿੱਗੇ ਹੋਏ ਕਿਰਦਾਰ ਬਾਰੇ ਕੋਈ ਖ਼ਬਰ ਛਪਦੀ ਹੈ ਤਾਂ ਸਮਾਜ ਦੇ ਹਰ ਵਰਗ ਦਾ ਪ੍ਰਤੀਕਰਮ ਹੀ ਗੁੱਸੇ ਭਰਿਆ ਹੁੰਦਾ ਹੈ। ਆਪਣੀਆਂ ਧੀਆਂ ਵਰਗੀਆਂ ਮਾਸੂਮ ਬਾਲੜੀਆਂ ਪ੍ਰਤੀ ਕਿਸੇ ਅਧਿਆਪਕ ਦੀ ਮੈਲੀ ਨਜ਼ਰ ਅਤੇ ਕੋਝੀ ਹਰਕਤ ਹਰ ਸੋਚਵਾਨ ਮਨੁੱਖ ਦਾ ਹਿਰਦਾ ਵਲੂੰਧਰ ਸੁੱਟਦੀ ਹੈ। ਅਜਿਹੀਆਂ ਦੁਖਦਾਈ ਘਟਨਾਵਾਂ ਪੜ੍ਹ ਸੁਣ ਕੇ ਚੰਗੇ ਕਿਰਦਾਰ ਵਾਲਾ ਹਰ ਅਧਿਆਪਕ ਸ਼ਰਮਸਾਰ ਹੋਇਆ ਮਹਿਸੂਸ ਕਰਦਾ ਹੈ। ਅਸਲ ਵਿੱਚ ਸਮਾਜ ਕਿਸੇ ਅਧਿਆਪਕ ਤੋਂ ਅਜਿਹੀ ਘਟੀਆ ਹਰਕਤ ਦੀ ਆਸ ਨਹੀਂ ਰੱਖਦਾ। ਅਜਿਹਾ ਅਧਿਆਪਕ ਤਾਂ ਅਧਿਆਪਨ ਵਰਗੇ ਉੱਚੇ ਸੁੱਚੇ ਕਿੱਤੇ ਨਾਲ ਹੀ ਧ੍ਰੋਹ ਕਮਾਉਂਦਾ ਹੈ ਤੇ ਉਹ ਅਧਿਆਪਕ ਕਹਾਉਣ ਦੇ ਹੀ ਯੋਗ ਨਹੀਂ ਹੁੰਦਾ। ਸਮਾਜ ਦੇ ਵਿਸ਼ਵਾਸ ਨੂੰ ਤਾਰ ਤਾਰ ਕਰਨ ਦਾ ਗੁਨਾਹਗਾਰ ਬਣ ਕੇ ਅਜਿਹਾ ਅਧਿਆਪਕ ਸਾਰੇ ਅਧਿਆਪਕ ਵਰਗ ਲਈ ਨਮੋਸ਼ੀ ਪੈਦਾ ਕਰਦਾ ਹੈ।
ਮਾਪੇ ਕਿੰਨੇ ਵਿਸ਼ਵਾਸ ਨਾਲ ਆਪਣੇ ਮਾਸੂਮ ਬੱਚਿਆਂ ਨੂੰ ਪੜ੍ਹਨ ਲਈ ਸਕੂਲ ਭੇਜਦੇ ਹਨ ਪਰ ਜਦੋਂ ਚਾਨਣ ਵੰਡਣ ਵਾਲੇ ਹੀ ਹਨੇਰੇ ਦੇ ਰਾਹੀ ਬਣ ਜਾਣ ਤਾਂ ਉਨ੍ਹਾਂ ਦੇ ਵਿਸ਼ਵਾਸ ਦਾ ਤਿੜਕ ਜਾਣਾ ਸੁਭਾਵਿਕ ਹੈ। ਸਮਾਜ ਕਦੇ ਵੀ ਇਹ ਬਰਦਾਸ਼ਤ ਨਹੀਂ ਕਰਦਾ ਕਿ ਜਿਸ ਵਿਅਕਤੀ ਨੂੰ ਕਦੇ ਗੁਰੂ ਦਾ ਦਰਜਾ ਪ੍ਰਾਪਤ ਰਿਹਾ ਹੋਵੇ, ਜਿਸ ਨੂੰ ਕੌਮ ਦਾ ਨਿਰਮਾਤਾ, ਭਵਿੱਖ ਦਾ ਸਿਰਜਕ ਅਤੇ ਗਿਆਨ ਦਾ ਬਲਦਾ ਚਿਰਾਗ ਜਿਹੇ ਸਨਮਾਨਯੋਗ ਲਕਬਾਂ ਨਾਲ ਨਿਵਾਜਿਆ ਗਿਆ ਹੋਵੇ, ਉਹ ਵੀ ਅਜਿਹੀਆ ਘਿਨਾਉਣੀਆਂ ਤੇ ਇਖ਼ਲਾਕ ਤੋਂ ਗਿਰੀਆਂ ਘਟਨਾਵਾਂ ਵਿੱਚ ਸ਼ਾਮਲ ਹੋਵੇ। ਅਜਿਹੀਆਂ ਘਿਨਾਉਣੀਆਂ ਘਟਨਾਵਾਂ ਭਾਵੇਂ ਵਿਰਲੀਆਂ ਹੀ ਵਾਪਰਦੀਆਂ ਹਨ ਪਰ ਇਹ ਸਮੁੱਚੇ ਅਧਿਆਪਕ ਵਰਗ ਦੇ ਮੱਥੇ ’ਤੇ ਬਦਨੁਮਾ ਦਾਗ ਵਾਂਗ ਲੋਕਾਂ ਦਾ ਧਿਆਨ ਖਿੱਚਦੀਆਂ ਰਹਿੰਦੀਆਂ ਹਨ। ਜੇ ਸਹੀ ਅਰਥਾਂ ਵਿੱਚ ਦੇਖਿਆ ਜਾਵੇ ਤਾਂ ਅਧਿਆਪਕ ਤੇ ਵਿਦਿਆਰਥੀ ਦਾ ਆਪਸੀ ਸਬੰਧ ਮਾਪਿਆਂ ਤੇ ਉਨ੍ਹਾਂ ਦੇ ਬੱਚਿਆਂ ਜਿਹਾ ਹੀ ਹੁੰਦਾ ਹੈ। ਅਧਿਆਪਕ, ਮਾਪਿਆਂ ਵਾਂਗ ਹੀ ਬੱਚਿਆਂ ਨੂੰ ਪਿਆਰਦਾ, ਦੁਲਾਰਦਾ ਤੇ ਝਿੜਕਦਾ ਹੈ। ਉਨ੍ਹਾਂ ਦੇ ਅੰਦਰ ਛੁਪੀ ਸੰਭਾਵਨਾ ਦੀ ਥਾਹ ਪਾਉਣ ਤੇ ਪ੍ਰੇਰਿਤ ਕਰਨ ਵਿੱਚ ਅਧਿਆਪਕ ਮਾਪਿਆਂ ਤੋਂ ਵੱਧ ਪ੍ਰਭਾਵੀ ਸਾਬਤ ਹੁੰਦਾ ਹੈ। ਫ਼ਰਕ ਸਿਰਫ਼ ਇਹ ਹੈ ਕਿ ਅਧਿਆਪਕ ਤੇ ਵਿਦਿਆਰਥੀ ਵਿਚਕਾਰ ਸਤਿਕਾਰ ਤੇ ਸਨਮਾਨ ਦਾ ਇੱਕ ਮਹੀਨ ਜਿਹਾ ਪਰਦਾ ਹੁੰਦਾ ਹੈ ਜੋ ਹਮੇਸ਼ਾ ਕਾਇਮ ਰਹਿਣਾ ਚਾਹੀਦਾ ਹੈ।
ਸਮੇਂ ਦੀਆਂ ਬਦਲ ਰਹੀਆਂ ਪ੍ਰਸਥਿਤੀਆਂ ਤਹਿਤ ਅਜੋਕੇ ਸਮੇਂ ਵਿੱਚ ਅਧਿਆਪਨ ਦੇ ਖੇਤਰ ਵਿੱਚ ਅਜਿਹੇ ਵਿਅਕਤੀਆਂ ਦਾ ਪ੍ਰਵੇਸ਼ ਹੋ ਗਿਆ ਹੈ ਜਿਹੜੇ ਇਸ ਪਵਿੱਤਰ ਤੇ ਭਗਤੀ ਭਾਵ ਵਾਲੇ ਕਿੱਤੇ ਦੀ ਅਸਲ ਭਾਵਨਾ ਤੋਂ ਕੋਰੇ ਹਨ। ਕੇਵਲ ਡਿਗਰੀ ਹਾਸਲ ਕਰਨ ਨਾਲ ਹੀ ਕੋਈ ਅਧਿਆਪਕ ਨਹੀਂ ਬਣ ਜਾਂਦਾ। ਅਸਲ ਵਿੱਚ ਅਧਿਆਪਕ ਦੀ ਸਮੁੱਚੀ ਸ਼ਖ਼ਸੀਅਤ ਦਾ ਬੱਚਿਆਂ ਉੱਤੇ ਗਹਿਰਾ ਪ੍ਰਭਾਵ ਪੈਂਦਾ ਹੈ। ਇਸ ਲਈ ਸਮਾਜਿਕ ਮਰਿਆਦਾ ਨੂੰ ਉਲੰਘ ਕੇ ਅਧਿਆਪਕ ਵੱਲੋਂ ਕੀਤੀ ਕੋਈ ਵੀ ਹਰਕਤ ਸਮਾਜ ਨੂੰ ਕਦੇ ਵੀ ਪ੍ਰਵਾਨ ਨਹੀਂ ਹੋ ਸਕਦੀ। ਕਿਸੇ ਵੀ ਸੱਭਿਅਕ ਸਮਾਜ ਵਿੱਚ ਸੱਭਿਆਚਾਰਕ ਕਦਰਾਂ-ਕੀਮਤਾਂ ਦਾ ਲੋਪ ਹੋਣਾ, ਸਮਾਜ ਦੇ ਨਿਘਾਰ ਦੀ ਨਿਸ਼ਾਨੀ ਹੈ। ਅਧਿਆਪਕ ਸਮਾਜ ਦਾ ਜਾਗਰੂਕ ਵਰਗ ਹੈ। ਇਸ ਲਈ ਉਸ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸੁਚੇਤ ਪੱਧਰ ’ਤੇ ਅਜਿਹੇ ਯਤਨ ਕਰੇ ਕਿ ਮਨਾਂ ਨੂੰ ਵਲੂੰਧਰਣ ਵਾਲੀਆਂ ਘਟਨਾਵਾਂ ਕਦੇ ਨਾਂ ਵਾਪਰਨ।
ਸੰਪਰਕ: 98153-56086

Advertisement

Advertisement