ਅਧਿਆਪਕ ਆਗੂਆਂ ਵੱਲੋਂ ਸਰਕਾਰ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰਾ
ਨਿੱਜੀ ਪੱਤਰ ਪ੍ਰੇਰਕ
ਚਮਕੌਰ ਸਾਹਿਬ, 18 ਨਵੰਬਰ
ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਦੀ ਬਹਾਲੀ ਨੂੰ ਲੈ ਕੇ ਕੀਤੇ ਗਏ ਐਲਾਨ ਨੂੰ ਇੱਕ ਸਾਲ ਬੀਤਣ ਤੋਂ ਬਾਅਦ ਵੀ ਐੱਸਓਪੀ ਜਾਰੀ ਨਾ ਕਰਨ ਦੇ ਰੋਸ ਵਜੋਂ ਅੱਜ ਇੱਥੇ ਤਹਿਸੀਲ ਦਫਤਰ ਦੇ ਸਾਹਮਣੇ ਜ਼ਿਲ੍ਹਾ ਅਧਿਆਪਕ ਆਗੂਆਂ ਗੁਰਿੰਦਰਪਾਲ ਸਿੰਘ ਖੇੜੀ ਅਤੇ ਗੁਰਪ੍ਰੀਤ ਸਿੰਘ ਕੈਬੋ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਰੋਸ ਮੁਜ਼ਾਹਰਾ ਕੀਤਾ ਗਿਆ।
ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਕਨਵੀਨਰ ਗੁਰਿੰਦਰਪਾਲ ਸਿੰਘ ਖੇੜੀ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਪਿਛਲੇ 12 ਸਾਲਾਂ ਤੋਂ ਇੱਕੋ-ਇੱਕ ਮੰਗ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਸਾਲ 2004 ਤੋਂ ਬਾਅਦ ਭਰਤੀ ਹੋਣ ਵਾਲੇ ਕਰਮਚਾਰੀਆਂ ਦੀ ਪੁਰਾਣੀ ਪੈਨਸ਼ਨ ਵਿਵਸਥਾ ਖਤਮ ਕਰ ਕੇ ਸ਼ੇਅਰ ਮਾਰਕੀਟ ’ਤੇ ਨਿਰਭਰ ਐੱਨਪੀਐੱਸ ਸਕੀਮ ਮੜ੍ਹ ਦਿੱਤੀ ਗਈ ਸੀ। ਪੁਰਾਣੀ ਪੈਨਸ਼ਨ ਦੇ ਖਤਮ ਹੁੰਦਿਆਂ ਹੀ ਇਸ ਨਾਲ ਜੁੜੇ ਹੋਰ ਵਿੱਤੀ ਲਾਭ ਵੀ ਖਤਮ ਕਰ ਦਿੱਤੇ ਗਏ ਸਨ। ਅਧਿਆਪਕ ਆਗੂ ਗੁਰਪ੍ਰੀਤ ਸਿੰਘ ਕੈਂਬੋ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪਿਛਲੇ ਸਾਲ 18 ਨਵੰਬਰ 2022 ਨੂੰ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਪਰ ਨੋਟੀਫਿਕੇਸ਼ਨ ਨੂੰ ਜਾਰੀ ਹੋਇਆਂ ਸਾਲ ਪੂਰਾ ਹੋਣ ਜਾ ਰਿਹਾ ਹੈ ਪਰ ਅਜੇ ਤੱਕ ਪੰਜਾਬ ਦੀ ‘ਆਪ’ ਸਰਕਾਰ ਇਸ ਨੂੰ ਲਾਗੂ ਨਹੀਂ ਕਰ ਸਕੀ। ਆਗੂਆਂ ਨੇ ਦੱਸਿਆ ਕਿ ਜਦੋਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵੱਲੋਂ ਫਰਵਰੀ 2023 ਵਿੱਚ ਰੈਲੀ ਦਾ ਐਲਾਨ ਹੋਇਆ ਤਾਂ ਵਿੱਤ ਮੰਤਰੀ ਦੀ ਸੂਬਾਈ ਆਗੂਆਂ ਨਾਲ 6 ਅਪਰੈਲ ਨੂੰ ਪੰਜਾਬ ਭਵਨ ਵਿੱਚ ਹੋਈ ਮੀਟਿੰਗ ਦੌਰਾਨ ਤੈਅ ਹੋਇਆ ਸੀ ਕਿ ਦੋ ਮਹੀਨਿਆਂ ਅੰਦਰ ਪੁਰਾਣੀ ਪੈਨਸ਼ਨ ਬਹਾਲੀ ਦਾ ਐੱਸਓਪੀ ਜਾਰੀ ਕਰ ਦਿੱਤਾ ਜਾਵੇਗਾ ਪਰ ਛੇ ਮਹੀਨੇ ਬੀਤਣ ਤੋਂ ਬਾਅਦ ਵੀ ਸਰਕਾਰ ਨੇ ਆਪਣੇ ਵਾਅਦੇ ਨੂੰ ਅਮਲੀਜਾਮਾ ਨਹੀਂ ਪਹਿਨਾਇਆ। ਇਸ ਮੌਕੇ ਇੰਦਰਜੀਤ ਸਿੰਘ, ਹਰਭਜਨ ਸਿੰਘ, ਰਾਜਿੰਦਰ ਸਿੰਘ, ਕੁਲਵਿੰਦਰ ਸਿੰਘ, ਵਿਕਰਮ ਰਾਣਾ, ਕਰਨਪ੍ਰੀਤ ਸਿੰਘ, ਬਲਜੀਤ ਸਿੰਘ, ਹਰਿੰਦਰ ਸਿੰਘ, ਅਭੈ ਕੁਮਾਰ ਅਤੇ ਪ੍ਰਸ਼ੋਤਮ ਕੁਮਾਰ ਆਦਿ ਹਾਜ਼ਰ ਸਨ।