For the best experience, open
https://m.punjabitribuneonline.com
on your mobile browser.
Advertisement

ਕੜਾਕੇ ਦੀ ਠੰਢ ’ਚ ਟੈਂਕੀ ’ਤੇ ਡਟਿਆ ਅਧਿਆਪਕ ਇੰਦਰਜੀਤ

08:38 AM Jan 12, 2024 IST
ਕੜਾਕੇ ਦੀ ਠੰਢ ’ਚ ਟੈਂਕੀ ’ਤੇ ਡਟਿਆ ਅਧਿਆਪਕ ਇੰਦਰਜੀਤ
ਖੁਰਾਣਾ ਵਿੱਚ ਟੈਂਕੀ ’ਤੇ ਬੈਠਾ ਇੰਦਰਜੀਤ ਸਿੰਘ। -ਫੋਟੋ: ਲਾਲੀ
Advertisement

ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 11 ਜਨਵਰੀ
ਪੋਹ ਮਹੀਨੇ ’ਚ ਪੈ ਰਹੀ ਕੜਾਕੇ ਦੀ ਠੰਢ ਅਤੇ ਚੱਲਦੀਆਂ ਬਰਫ਼ੀਲੀਆਂ ਹਵਾਵਾਂ ਨੇ ਜਿਥੇ ਆਮ ਜਨ-ਜੀਵਨ ਹਾਲੋਂ ਬੇਹਾਲ ਕਰ ਰੱਖਿਆ ਹੈ, ਉਥੇ ਮੁੱਖ ਮੰਤਰੀ ਦੀ ਕੋਠੀ ਤੋਂ ਲਗਭਗ ਡੇਢ ਕਿਲੋਮੀਟਰ ਦੂਰ ਕੌਮੀ ਹਾਈਵੇਅ-7 ਉਪਰ ਪੈਂਦੇ ਪਿੰਡ ਖੁਰਾਣਾ ਵਿੱਚ ਸਿੱਖਿਆ ਪ੍ਰੋਵਾਈਡਰ ਇੰਦਰਜੀਤ ਸਿੰਘ ਡੇਲੂਆਣਾ ਕਰੀਬ ਸੌ ਫੁੱਟ ਉੱਚੀ ਟੈਂਕੀ ਉਪਰ ਬੈਠਾ ਠੰਢ ਝੱਲ ਰਿਹਾ ਹੈ। ਇੰਦਰਜੀਤ ਨੂੰ ਟੈਂਕੀ ਉਪਰ ਬੈਠਿਆਂ ਕਰੀਬ 7 ਮਹੀਨੇ (213 ਦਿਨ) ਹੋ ਚੁੱਕੇ ਹਨ। ਲੋਕ ਠੰਢ ਤੋਂ ਬਚਣ ਲਈ ਧੂਣੀਆਂ ਬਾਲ ਕੇ ਅੱਗ ਸੇਕ ਰਹੇ ਹਨ ਪਰ ਟੈਂਕੀ ਉਪਰ ਮੰਜੇ ਜਿੰਨੀ ਥਾਂ ਤੋਂ ਵੀ ਘੱਟ ਥਾਂ ਹੈ, ਜਿਥੇ ਨਾ ਧੂਣੀ ਬਾਲੀ ਜਾ ਸਕਦੀ ਹੈ ਅਤੇ ਨਾ ਹੀ ਠੰਢ ਤੋਂ ਬਚਣ ਲਈ ਕੋਈ ਵਿਸ਼ੇਸ਼ ਜੁਗਾੜ ਕੀਤਾ ਜਾ ਸਕਦਾ ਹੈ। ਇੰਦਰਜੀਤ ਦਾ ਕਹਿਣਾ ਹੈ ਕਿ ਜੇਠ-ਹਾੜ ਦੀਆਂ ਧੁੱਪਾਂ ਦੌਰਾਨ ਚਿੱਟੇ ਦਿਨ ਟੈਂਕੀ ਉਪਰ ਬੈਠਾ ਹਾਕਮਾਂ ਨੂੰ ਉਹ ਨਜ਼ਰ ਨਹੀਂ ਆਇਆ ਤਾਂ ਹੁਣ ਕੜਾਕੇ ਦੀ ਠੰਡ ਤੇ ਸੰਘਣੀ ਧੁੰਦ ’ਚ ਨਜ਼ਰ ਕਿਵੇਂ ਆ ਸਕਦਾ ਹੈ। ਟੈਂਕੀ ’ਤੇ ਬੈਠੇ ਇੰਦਰਜੀਤ ਦੀ ਸਰਕਾਰ ਜਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਭਾਵੇਂ ਕੋਈ ਚਿੰਤਾ ਨਾ ਹੋਵੇ ਪਰ 80 ਕਿਲੋਮੀਟਰ ਦੂਰ ਜ਼ਿਲ੍ਹਾ ਮਾਨਸਾ ਦੇ ਪਿੰਡ ਡੇਲੂਆਣਾ ’ਚ ਮਾਂ ਆਪਣੇ ਪੁੱਤ, ਪਤਨੀ ਆਪਣੇ ਸਿਰ ਦੇ ਸਾਈਂ ਅਤੇ 9 ਸਾਲਾ ਧੀ ਆਪਣੇ ਪਿਤਾ ਪ੍ਰਤੀ ਜ਼ਰੂਰ ਚਿੰਤਤ ਹਨ। ਇੰਦਰਜੀਤ ਇਸ ਗੱਲੋਂ ਖਫ਼ਾ ਹੈ ਕਿ ਸਰਕਾਰ ਨੇ ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਲਈ ਬਣਾਈ ਦਸ ਸਾਲਾ ਪਾਲਸੀ ਤਹਿਤ ਕੱਚੇ ਅਧਿਆਪਕਾਂ ਨੂੰ ਪੱਕਾ ਨਹੀਂ ਕੀਤਾ, ਕੋਈ ਤਨਖਾਹ ਸਕੇਲ ਤੇ ਬਣਦੇ ਸਰਕਾਰੀ ਲਾਭ ਨਹੀਂ ਦਿੱਤੇ, ਸਗੋਂ ਸਿਰਫ਼ ਤਨਖਾਹ ’ਚ ਵਾਧਾ ਕੀਤਾ ਹੈ। ਜ਼ਿਕਰਯੋਗ ਹੈ ਕਿ ਇੰੰਦਰਜੀਤ 13 ਜੂਨ 2023 ਤੋਂ ਟੈਂਕੀ ਉਪਰ ਡਟਿਆ ਹੋਇਆ ਹੈ। ਉਧਰ ਸਿੱਖਿਆ ਪ੍ਰੋਵਾਈਡਰ ਯੂਨੀਅਨ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਮੋਗਾ ਦਾ ਕਹਿਣਾ ਹੈ ਕਿ ਸਰਕਾਰ ਨੂੰ ਇੰਦਰਜੀਤ ਸਿੰਘ ਦੀ ਕੋਈ ਪ੍ਰਵਾਹ ਨਹੀਂ ਹੈ। ਇਹੋ ਕਾਰਨ ਹੈ ਕਿ ਪਿਛਲੇ 7 ਮਹੀਨਿਆਂ ਤੋਂ ਉਹ ਟੈਂਕੀ ਉਪਰ ਬੈਠਾ ਹੈ। ਜੇਕਰ ਸਰਕਾਰ ਗੰਭੀਰ ਹੁੰਦੀ ਤਾਂ ਯੂਨੀਅਨ ਨਾਲ ਗੱਲਬਾਤ ਕਰਕੇ ਮੰਗਾਂ ਦਾ ਹੱਲ ਕਰਦੀ। ਉਨ੍ਹਾਂ ਦੋਸ਼ ਲਾਇਆ ਕਿ ਮੀਟਿੰਗਾਂ ਦਾ ਸਮਾਂ ਦੇ ਕੇ ਮੀਟਿੰਗਾਂ ਮੁਲਤਵੀ ਕੀਤੀਆਂ ਜਾ ਰਹੀਆਂ ਹਨ। ਲੰਘੇ ਦਿਨ 10 ਜਨਵਰੀ ਨੂੰ ਸਿੱਖਿਆ ਮੰਤਰੀ ਪੰਜਾਬ ਅਤੇ ਕੈਬਨਿਟ ਸਬ ਕਮੇਟੀ ਨਾਲ ਯੂਨੀਅਨ ਨੂੰ ਮੀਟਿੰਗਾਂ ਦਾ ਸਮਾਂ ਦਿੱਤਾ ਸੀ ਪਰ ਦੋਵੇਂ ਮੀਟਿੰਗਾਂ ਨਹੀਂ ਹੋਈਆਂ। ਕੈਬਨਿਟ ਸਬ ਕਮੇਟੀ ਦੀ ਮੀਟਿੰਗ ਮੁਲਤਵੀ ਕਰਕੇ 24 ਜਨਵਰੀ ’ਤੇ ਪਾ ਦਿੱਤੀ ਹੈ।

Advertisement

Advertisement
Author Image

joginder kumar

View all posts

Advertisement
Advertisement
×