ਅਧਿਆਪਕ ਤੇ ਵਿਦਿਆਰਥੀ ਦਾ ਰਿਸ਼ਤਾ
ਜਸਵਿੰਦਰ ਕੌਰ
ਸਮਾਜ ਮਨੁੱਖ ਦੇ ਆਪਸੀ ਸਬੰਧਾਂ ਨਾਲ ਬਣਿਆ ਹੁੰਦਾ ਹੈ। ਪ੍ਰਸਿੱਧ ਵਿਦਵਾਨ ਅਰਸਤੂ ਦਾ ਕਹਿਣਾ ਹੈ: ‘ਮਨੁੱਖ ਇਕ ਸਮਾਜਿਕ ਜੀਵ ਹੈ।’ ਭਾਵ ਸਮਾਜ ਤੋਂ ਬਿਨਾਂ ਮਨੁੱਖ ਜਾਨਵਰ ਹੀ ਹੈ ਅਤੇ ਇਸ ਤੋਂ ਬਿਨਾਂ ਮਨੁੱਖ ਅਤੇ ਪਸ਼ੂ ਵਿਚਲਾ ਫ਼ਰਕ ਕਰਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਚਿੰਤਕ ਮੈਕਸ ਵੈਬਰ ਦਾ ਮੰਨਣਾ ਹੈ: ‘ਸਮਾਜਿਕ ਸਬੰਧ ਉਸ ਸਥਿਤੀ ਦਾ ਨਾਂ ਹੈ ਜਿਸ ਵਿੱਚ ਘੱਟ ਤੋਂ ਘੱਟ ਦੋ ਅਤੇ ਉਸ ਤੋਂ ਜ਼ਿਆਦਾ ਅਜਿਹੇ ਵਿਅਕਤੀ ਸ਼ਾਮਿਲ ਹੁੰਦੇ ਹਨ ਜਿਨ੍ਹਾਂ ਨੂੰ ਇਕ ਦੂਸਰੇ ਦਾ ਗਿਆਨ ਹੁੰਦਾ ਹੈ ਅਤੇ ਜੋ ਇਕ ਦੂਜੇ ਦੀਆਂ ਕਿਰਿਆਵਾਂ ਦੇ ਅਰਥ ਕੱਢ ਕੇ ਆਪਸ ਵਿੱਚ ਕੁਝ ਵਿਵਹਾਰ ਕਰਦੇ ਹਨ।’ ਇਨ੍ਹਾਂ ਸਬੰਧਾਂ ਵਿੱਚ ਆਪਸੀ ਮਤਭੇਦ ਵੀ ਹੋ ਸਕਦੇ ਹਨ ਜਾਂ ਹੁੰਦੇ ਵੀ ਹਨ। ਕਾਰਲ ਮਾਰਕਸ ਅਨੁਸਾਰ ਇਹੀ ਮਤਭੇਦ ਵਿਕਾਸ ਦਾ ਕਾਰਨ ਬਣਦੇ ਹਨ। ਉਸ ਨੇ ਇਸ ਨੂੰ ਵਿਰੋਧ ਵਿਕਾਸ ਦਾ ਸਿਧਾਂਤ ਕਿਹਾ ਹੈ। ਇਨ੍ਹਾਂ ਸਬੰਧਾਂ ਵਿੱਚ ਪਿਆਰ-ਨਫ਼ਰਤ, ਨੇੜਤਾ-ਦੂਰੀ ਅਤੇ ਮੋਹ-ਈਰਖਾ ਦਾ ਹੋਣਾ ਵੀ ਜ਼ਰੂਰੀ ਮੰਨਿਆ ਜਾਂਦਾ ਹੈ। ਪਰ ਜੇ ਇਹ ਆਪਸੀ ਰਿਸ਼ਤਾ ਇੱਕਪਾਸੜ ਤੇ ਕੱਟੜ ਹੋ ਜਾਵੇ ਤਾਂ ਖ਼ਤਰਨਾਕ ਹੁੰਦਾ ਹੈ, ਭਾਵ ਮੋਹ ਤੇ ਨਫ਼ਰਤ ਦੋਨਾਂ ਦਾ ਸਿਖਰ ਬੁਰਾ ਹੈ। ਸਾਡਾ ਸਮਾਜ ਅੱਜ ਤੱਕ ਮੋਹ ਦੀ ਸਿਖਰ ਤੱਕ ਤਾਂ ਵਧਣ ਵਿੱਚ ਸਫਲ ਨਹੀਂ ਹੋਇਆ ਪਰ ਨਫ਼ਰਤ ਦੀ ਹਮਸਾਈ ਹਿੰਸਾ ਦੀ ਸਿਖਰ ਵੱਲ ਵਧ ਗਿਆ ਹੈ ਜਿਸ ਦੇ ਨਤੀਜੇ ਵਜੋਂ ਵਿਚਾਰਕ ਵਾਦ-ਵਿਵਾਦ ਮਨਫ਼ੀ ਹੁੰਦਾ ਜਾ ਰਿਹਾ ਹੈ। ਹਿੰਸਾ ਆਪਣੇ ਪੈਰ ਪਾਸਾਰ ਰਹੀ ਹੈ। ਇਕ ਸਧਾਰਨ ਮਨੁੱਖ ਤੇ ਸਮਾਜਿਕ ਕਾਰਕੁੰਨ ਦਾ ਸਮਾਜ ਵਿੱਚ ਵਿਚਰਨਾ ਬੇਹੱਦ ਔਖਾ ਹੋ ਗਿਆ ਹੈ।
ਮਨੁੱਖ ਨੂੰ ਸਮਾਜਿਕ ਪ੍ਰਾਣੀ ਬਣਾਉਣ ਵਿੱਚ ਪਰਿਵਾਰ ਤੇ ਹੋਰ ਸਮਾਜਿਕ ਸੰਸਥਾਵਾਂ ਤੋਂ ਬਾਅਦ ਸਿੱਖਿਆ ਸੰਸਥਾਵਾਂ ਦਾ ਵੱਡਾ ਯੋਗਦਾਨ ਹੁੰਦਾ ਹੈ। ਇਹ ਵਿਅਕਤੀ ਨੂੰ ਵਿਹਾਰਕ-ਬੌਧਿਕ ਵਿਕਾਸ ਦੇ ਗੁਰ ਸਿਖਾਉਂਦੀਆਂ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਜਿਵੇਂ-ਜਿਵੇਂ ਮਨੁੱਖ ਤਕਨੀਕੀ ਵਿਕਾਸ ਕਰ ਰਿਹਾ ਹੈ ਉਵੇਂ-ਉਵੇਂ ਹੀ ਉਹ ਅਸਹਿਜ ਅਤੇ ਹੰਕਾਰੀ ਬਣਦਾ ਜਾ ਰਿਹਾ ਹੈ। ਸੋਚਣ ਦੇ ਬਾਵਜੂਦ ਇਸ ਦਾ ਕੋਈ ਹੱਲ ਨਹੀਂ ਲੱਭ ਰਿਹਾ। ਪਰਿਵਾਰ ਤੋਂ ਲੈ ਕੇ ਸਿੱਖਿਆ ਸੰਸਥਾਵਾਂ ਤੱਕ ਇਸ ਅਲਾਮਤ ਦੀਆਂ ਸ਼ਿਕਾਰ ਹੁੰਦੀਆਂ ਜਾ ਰਹੀਆਂ ਹਨ। ਮਨੁੱਖ ਦੀਆਂ ਮੌਕਾਪ੍ਰਸਤ ਰੁਚੀਆਂ ਨੇ ਉਸ ਦੇ ਕਿਰਦਾਰ ਨੂੰ ਬਦਲ ਦਿੱਤਾ ਹੈ। ਪਹਿਲਾਂ ਪੰਜਾਬੀਆਂ ਨੂੰ ਹਮਲਾਵਰਾਂ ਤੋਂ ਸਵੈ-ਰੱਖਿਆ ਲਈ ਲੜਨਾ ਪੈਂਦਾ ਸੀ, ਹੁਣ ਦੂਜਿਆਂ ਨੂੰ ਪਛਾੜਨ ਲਈ ਆਪਣਿਆਂ ਨਾਲ ਲੜਦੇ ਹਨ ਅਤੇ ਆਪਣੇ ਸਭਿਆਚਾਰ ਦਾ ਨੁਕਸਾਨ ਕਰਦੇ ਹਨ। ਸਮਾਜ ਵਿੱਚ ਫੈਲੀ ਇਸ ਬਿਮਾਰੀ ਨੇ ਅਧਿਆਪਕ ਅਤੇ ਵਿਦਿਆਰਥੀ ਦੇ ਰਿਸ਼ਤੇ ਨੂੰ ਵੀ ਤਾਰ-ਤਾਰ ਕਰ ਦਿੱਤਾ ਹੈ। ਇਸ ਰਿਸ਼ਤੇ ਨੂੰ ਸਭ ਰਿਸ਼ਤਿਆਂ ਨਾਲੋਂ ਵੱਡਾ ਮੰਨਿਆ ਜਾਂਦਾ ਸੀ। ਅਧਿਆਪਕ ਦੀ ਘੂਰ ਵਿਦਿਆਰਥੀ ਲਈ ਸਫਲਤਾ ਵੱਲ ਕਦਮ ਹੁੰਦਾ ਸੀ ਪਰ ਹੁਣ ਇਸ ਘੂਰ ਨੂੰ ਵਿਦਿਆਰਥੀ ਆਪਣੇ ਆਤਮ-ਸਨਮਾਨ ਉੱਤੇ ਸੱਟ ਸਮਝਣ ਲੱਗੇ ਹਨ ਅਤੇ ਇਨ੍ਹਾਂ ਨੇ ਬਦਲਾਖੋਰੀ ਵੱਲ ਰੁਖ ਕਰ ਲਿਆ ਹੈ। ਬਹੁਤ ਸਾਰੀਆਂ ਅਜਿਹੀਆਂ ਉਦਾਹਰਨਾਂ ਹਨ ਜਿਨ੍ਹਾਂ ਵਿੱਚ ਅਧਿਆਪਕ ਨੂੰ ਹਮਲਿਆਂ ਕਾਰਨ ਜਾਨੋਂ ਹੱਥ ਧੋਣੇ ਪਏ ਹਨ ਜਾਂ ਗਹਿਰੀਆਂ ਸੱਟਾਂ ਲੱਗਣ ਕਾਰਨ ਅਪੰਗ ਜ਼ਿੰਦਗੀ ਜਿਉਣੀ ਪੈਂਦੀ ਹੈ। ਉਹ ਸੱਟਾਂ ਤੇ ਆਤਮ-ਸਨਮਾਨ ਗੁਆਚ ਜਾਣ ਕਾਰਨ ਗਹਿਰੇ ਸਦਮੇ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਆਪਣੀ ਜ਼ਿੰਦਗੀ ਨੂੰ ਕਦੇ ਵੀ ਪਹਿਲਾਂ ਵਾਲੇ ਸਥਾਨ ᾽ਤੇ ਲਿਆਉਣ ਵਿੱਚ ਕਾਮਯਾਬ ਨਹੀਂ ਹੁੰਦੇ।
ਸਿੱਖਿਆ ਸੰਸਥਾਵਾਂ ਵਿੱਚ ਦਿਨ-ਬ-ਦਿਨ ਹੋ ਰਹੀਆਂ ਹਿੰਸਕ ਘਟਨਾਵਾਂ ਕਾਰਨ ਅਧਿਆਪਕ ਵਰਗ ਬਚ-ਬਚ ਕੇ ਰਹਿਣ ਲੱਗਾ ਹੈ। ਉਹ ਕਲਾਸ ਵਿੱਚ ਵੀ ਉਸ ਤਰੀਕੇ ਦੀਆਂ ਸਿਰਜਣਾਤਮਕ ਗੱਲਾਂ ਨਹੀਂ ਕਰਦਾ/ਕਰ ਸਕਦਾ ਜਿਹੜੀਆਂ ਵਿਦਿਆਰਥੀਆਂ ਲਈ ਲਾਹੇਵੰਦ ਹੁੰਦੀਆਂ ਹਨ। ਉਹ ਅਧਿਆਪਕ ਜਿਨ੍ਹਾਂ ਨੇ ਨੌਜਵਾਨਾਂ ਦਾ ਰਾਹ ਦਸੇਰਾ ਬਣ ਕੇ ਸਮਾਜਿਕ ਤਬਦੀਲੀ ਵਿੱਚ ਹਿੱਸਾ ਪਾਉਣਾ ਸੀ, ਕੋਈ ਵੀ ਕਾਰਜ ਕਰਨ ਲੱਗਿਆਂ ਆਪਣੇ-ਆਪ ਨੂੰ ਬੇਵੱਸ ਮਹਿਸੂਸ ਕਰਦੇ ਹਨ। ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਸਿਰਜਣਾਤਮਕ ਕੰਮਾਂ ਵਿੱਚ ਲਾਉਣ ਤੋਂ ਡਰਨਾ ਸਮਾਜ ਲਈ ਵੱਡਾ ਘਾਟਾ ਹੈ। ਬਹੁਤ ਸਾਰੇ ਅਧਿਆਪਕ ਬੜੀ ਹੀ ਲਾਚਾਰੀ ਅਤੇ ਦੁਖੀ ਹਿਰਦੇ ਨਾਲ ਬੋਲਦੇ ਸੁਣੇ ਹਨ ਕਿ, ‘ਵਿੱਦਿਆਕ ਅਦਾਰਿਆਂ ਵਿੱਚ ਕੰਮ ਕਰਨਾ ਹੁਣ ਸਭ ਤੋਂ ਔਖਾ ਲੱਗਣ ਲੱਗ ਪਿਆ ਹੈ।’ ਇੱਕ ਅਧਿਆਪਕ ਜਿਹੜਾ ਵਿਦਿਆਰਥੀ ਨੂੰ ਜ਼ਿੰਦਗੀ ਵਿੱਚ ਆਈ ਕਿਸੇ ਵੀ ਤਰ੍ਹਾਂ ਦੀ ਮੁਸ਼ਿਕਲ ਦਾ ਟਾਕਰਾ ਕਰਨਾ ਸਿਖਾਉਂਦਾ ਸੀ ਹੁਣ ਉਹ ਖ਼ੁਦ ਹੀ ਟੁੱਟਿਆ ਨਜ਼ਰ ਆਉਂਦਾ ਹੈ। ਇਸ ਲਈ ਅਜੋਕੀ ਪੀੜ੍ਹੀ ਦੇ ਨੌਜਵਾਨਾਂ ਵਿੱਚ ਪਲਿਆ ‘ਸਰਵ ਗੁਣ ਸੰਪੰਨਤਾ’ ਦਾ ਵਹਿਮ ਉਨ੍ਹਾਂ ਨੂੰ ਇਕ ਵਧੀਆ ਵਿਦਿਆਰਥੀ/ਸਮਾਜਿਕ ਪ੍ਰਾਣੀ ਬਣਨ ਤੋਂ ਵਾਂਝਾ ਕਰਦਾ ਜਾ ਰਿਹਾ ਹੈ। ਇਹ ਸਾਡੇ ਸਮਾਜ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ।
ਖੋਜਾਰਥੀ, ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ।
ਸੰਪਰਕ: jaswinderghanaur96@gmail.com