ਚਾਹ ਵਾਲਾ ਰਾਜਾ ਅਤੇ ਗ਼ਦਰੀ ਮਿਊਜ਼ੀਅਮ
ਅਮੋਲਕ ਸਿੰਘ
ਆਪਣੀ ਬੁੱਕਲ ’ਚ ਭੁੱਲਿਆ ਵਿਸਰਿਆ ਇਤਿਹਾਸ ਸੰਭਾਲ ਰਹੀ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੀ ਇਤਿਹਾਸਕ ਇਮਾਰਤ ’ਤੇ ਸਰਘੀ ਵੇਲੇ ਨੂੰ ਪਾਰ ਕਰਦੇ ਸੂਰਜ ਦੀ ਪਹਿਲੀ ਕਿਰਨ ਪੈਂਦੀ ਹੈ।
ਅੱਜ ਪਹਿਲੀ ਕਿਰਨ ਦੀ ਆਮਦ ਨਾਲ਼ ਦਾਰਸ਼ਨਿਕ ਅਤੇ ਚਿੰਤਨਸ਼ੀਲ ਸਿਰਜਕ ਦਾ ਡੁੱਲ੍ਹ-ਡੁੱਲ੍ਹ ਪੈਂਦਾ ਪ੍ਰਭਾਵ ਸਿਰਜਦਾ ਇੱਕ ਸੱਜਣ ਪਿਆਰਾ ਮਜ਼ਦੂਰ ਹੱਥ ਵਿੱਚ ਬਰੱਸ਼ ਲੈ ਕੇ ਤੇਜ਼ ਕਦਮੀਂ ਹਾਲ ਅੰਦਰ ਆਇਆ।
ਉਹ ਇਕੱਲਾ ਹੈ, ਕੰਮ ਵਿੱਚ ਕਿਸੇ ਸਹਿਯੋਗੀ ਦੀ ਉਡੀਕ ਕਰਨ ਜੋਗਾ ਉਸ ਕੋਲ ਜ਼ਿੰਦਗੀ ਨੇ ਵਕਤ ਨਹੀਂ ਛੱਡਿਆ।
ਉਹ ਭਾਰੀ ਘੋੜੀ ਖਿੱਚਦਾ ਹੈ। ਉਸ ਉੱਪਰ ਕੁਰਸੀ ਟਿਕਾਉਂਦਾ ਹੈ। ਪਲਾਂ ਛਿਣਾਂ ਵਿੱਚ ਆਪਣੀ ਜੇਬ ਵਿੱਚੋਂ ਰੰਗ ਦੀ ਡੱਬੀ ਅਤੇ ਕੱਪੜਾ ਕੱਢਦਾ ਹੈ। ਉਹ ‘ਬਾਬਾ ਸੋਹਣ ਸਿੰਘ ਭਕਨਾ ਗ਼ਦਰੀ ਮਿਊਜ਼ੀਅਮ’ ਲਿਖਣ ਲੱਗਦਾ ਹੈ।
ਚਾਹ ਪਾਣੀ ਪੁੱਛਣ ’ਤੇ ਕਹਿੰਦਾ ਹੈ, ‘ਜੇ ਸਮਾਂ ਬਚਿਆ ਜ਼ਰੂਰ ਪੀਵਾਂਗੇ ਪਹਿਲਾਂ ਕੰਮ ਜ਼ਰੂਰੀ ਹੈ।’’ ਗੱਲਬਾਤ ਕਰਨ ’ਤੇ ਪਤਾ ਲੱਗਾ ਕਿ ਉਹ ਪੀਰ ਮੁਹੱਲਾ ਤੋਂ ਪੈਦਲ ਹੀ ਦੇਸ਼ ਭਗਤ ਯਾਦਗਾਰ ਹਾਲ ਇਹ ਅੱਖ਼ਰ ਲਿਖਣ ਆਇਆ ਹੈ। ਕਾਹਲੀ ਇਸ ਕਰ ਕੇ ਵੀ ਕਰਦਾ ਹੈ ਕਿ ਉਸ ਨੇ ਦੁਕਾਨਾਂ ਖੁੱਲ੍ਹਣ ਤੋਂ ਪਹਿਲਾਂ ਪਹਿਲਾਂ ਹੀ ਇਹ ਲਿਖਾਈ ਦਾ ਕੰਮ ਪੂਰਾ ਕਰਕੇ ਵਾਪਸ ਪੈਦਲ ਹੀ ਜਾਣਾ ਹੈ। ਦੁਕਾਨਾਂ ਖੁੱਲ੍ਹਣ ’ਤੇ ਉਹ ਸਾਰਾ ਦਿਨ ਚਾਹ ਬਣਾਉਣ ਅਤੇ ਦੁਕਾਨਾਂ ’ਤੇ ਜਾ ਕੇ ਦੇਣ ਦਾ ਕੰਮ ਕਰਦਾ ਹੈ। ਚਾਹ ਬਣਾਉਣ ਵਾਲੇ ਇਸ ਸੱਜਣ ਨੇ ਮੁਲਕ ਦੇ ਚੋਟੀ ਦੇ ਸਿੰਘਾਸਨ ਬਾਰੇ ਤਾਂ ਕੀ ਕਦੇ ਦੋ ਘੜੀ ਆਰਾਮ ਕਰਨ ਲਈ ਚੱਜ ਦੇ ਮੰਜੇ ਦੀ ਵੀ ਆਸ ਨਹੀਂ ਰੱਖੀ। ਇਸ ਵੇਲੇ 70 ਵਰ੍ਹਿਆਂ ਦੇ ਹੋਏ ਇਸ ਕਾਮੇ ਨੇ ਚਾਹ ਵੇਚ ਕੇ ਹੀ ਸਾਦ-ਮੁਰਾਦੇ ਅੰਦਾਜ਼ ਵਿੱਚ ਆਪਣੀ ਧੀ ਅਤੇ ਪੁੱਤਰ ਨੂੰ ਪਾਲਿਆ ਅਤੇ ਵਿਆਹਿਆ ਹੈ। ਉਸਦੀ ਜੀਵਨ ਸਾਥਣ ਦਾ ਇਲਾਜ ਚੱਲਦਾ ਹੈ। ਸਵੇਰ ਤੋਂ ਸ਼ਾਮ ਤੱਕ ਹੱਟੀ ਹੱਟੀ ਚਾਹ ਦੇ ਕੇ ਦੋ ਢਾਈ ਸੌ ਰੁਪਿਆ ਕਮਾਉਣ ਵਾਲਾ ਇਹ ਆਹਲਾ ਦਰਜੇ ਦਾ ਕਲਾਕਾਰ ਬਹੁਤ ਹੀ ਲਾਜਵਾਬ ਅੰਦਾਜ਼ ਵਿੱਚ ਮੈਨੂੰ ਸਵਾਲ ਕਰਦਾ ਹੈ, ‘ਤੁਸੀਂ ਹੀ ਦੱਸੋ ਦੋ ਸੌ ਰੁਪਏ ਨਾਲ਼ ਘਰ ਦਾ ਗੁਜ਼ਾਰਾ ਅਤੇ ਦਵਾ ਬੂਟੀ, ਦੁਖਦੇ ਸੁਖਦੇ ਕਬੀਲਦਾਰੀ ਦਾ ਬੋਝਾ ਕਿਵੇਂ ਉਠਾਇਆ ਜਾ ਸਕਦਾ ਹੈ?’
ਉਹਦਾ ਘਰ ਭਗਤ ਸਿੰਘ ਚੌਕ ਦੇ ਲਾਗੇ ਹੈ। ਕੰਮ ਕਰਨ ਉਹ ਦੇਸ਼ ਭਗਤ ਯਾਦਗਾਰ ਹਾਲ ਆਉਂਦਾ ਹੈ।
ਉਹ ਦੋਵੇਂ ਥਾਵਾਂ ਦੇ ਨਾਲ਼ ਗੱਲਾਂ ਕਰਦਾ ਮਹਿਸੂਸ ਕਰਦਾ ਹੈ, ‘ਜੇ ਸਾਡੇ ਵਰਗਿਆਂ ਨੇ 70 ਸਾਲ ਦੇ ਹੋ ਕੇ ਵੀ ਇਹੋ ਧੰਦ ਪਿੱਟਣਾ ਸੀ ਤਾਂ ਐਨੀਆਂ ਕੁਰਬਾਨੀਆਂ ਦਾ ਕੀ ਬਣਿਆਂ ?’ ਆਜ਼ਾਦੀ, ਬਰਾਬਰੀ, ਜਮਹੂਰੀਅਤ, ਸਵੈ-ਮਾਣ ਭਰੀ ਜ਼ਿੰਦਗੀ, ਸਭ ਲਈ ਹੱਕ ਅਤੇ ਕਾਨੂੰਨ ਇੱਕ ਬਰਾਬਰ ਦੇ ਦਾਅਵੇ ਇਸ ਕਲਾਕਾਰ ਦੇ ਮਨ ਮਸਤਕ ਉੱਪਰ ਸੁਆਲੀਆ ਚਿੰਨ੍ਹ ਬਣੇ ਸੁਆਲਾਂ ਦਾ ਕੀ ਜਵਾਬ ਦੇਣਗੇ ?
ਇਸ ਕਲਾਕਾਰ ਦਾ ਨਾਮ ਰਾਜ ਕੁਮਾਰ ਹੈ। ਇਸਨੂੰ ਦੇਸ਼ ਭਗਤ ਯਾਦਗਾਰ ਹਾਲ ਦੀ ਰਸੋਈ ਵਿੱਚ ਲਿਜਾ ਕੇ ਇਦੂ ਅਤੇ ਤਾਲਿਬ ਸਤਿਕਾਰ ਨਾਲ ਨਾਸ਼ਤਾ ਕਰਾਉਂਦੇ ਨੇ।
ਮੇਰੇ ਨਾਲ਼ ਗੱਲਾਂ ਕਰਦਾ ਰਾਜ ਕੁਮਾਰ ਕਹਿੰਦਾ ਹੈ, ‘ਤੁਸੀਂ ਦੋ ਗੱਲਾਂ ਕਰੀਆਂ, ਕਲੇਜੇ ਠੰਢ ਪਈ। ਇਸ ਦੁਨੀਆਂ ’ਤੇ ਆ ਕੇ ਅਸੀਂ ਕੀ ਖੱਟਿਆ ਹੁਣ ਤਾਂ ਅਜਿਹੇ ਵੇਲੇ ਆ ਗਏ ਕਿ ਕਿਸੇ ਕੋਲ ਕਿਸੇ ਦਾ ਦਰਦ ਸੁਣਨ ਦਾ ਵੀ ਵਿਹਲ ਨਹੀਂ।’
ਜਾਣ ਲੱਗੇ ਕਲਾਕਾਰ ਨੂੰ ਮੈਂ ਕਿਹਾ, ‘ਐਨੇ ਸੁਵੱਖਤੇ ਦਫ਼ਤਰ ਵੀ ਬੰਦ ਹੈ ਤੁਹਾਡੀ ਮਿਹਨਤ?’
‘ਮਿਹਨਤ ਦੀ ਕੋਈ ਗੱਲ ਨਹੀਂ ਦੇਸ਼ ਭਗਤ ਹਾਲ ਵਾਲਾ ਰਣਜੀਤ ਸਿੰਘ ਔਲਖ ਅਜੇਹਾ ਆਦਮੀ ਹੈ ਕਿ ਉਹ ਮੇਰੀ ਚਾਹ ਦੀ ਦੁਕਾਨ ’ਤੇ ਹੀ ਦੇ ਆਏਗਾ ਨਾਲੇ ਬੋਚਰ ਤੇ ਦਸਤਖ਼ਤ ਕਰਵਾ ਲਿਆਏਗਾ। ਉਹ ਬਹੁਤ ਵਧੀਆ ਇਨਸਾਨ ਹੈ। ਹਾਲ ’ਚ ਕੀਤੀ ਮਿਹਨਤ ਤਾਂ ਘਰ ਪਹੁੰਚ ਜਾਂਦੀ ਹੈ।’ ‘ਚੰਗਾ ਜੀ ਮੈਂ ਜਾ ਰਿਹਾਂ। ਕਦੇ ਆਇਓ ਚਾਹ ਦੀ ਦੁਕਾਨ ’ਤੇ। ਮੇਰਾ ਨਾਮ ਰਾਜ ਕੁਮਾਰ ਹੈ। ਵੈਸੇ ਮੈਨੂੰ ਸਾਰੇ ਰਾਜਾ ਰਾਜਾ ਹੀ ਕਹਿੰਦੇ ਨੇ।’
ਸੰਪਰਕ: 98778-68710