ਕਾਂਗਰਸ ਆਗੂਆਂ ਨੂੰ ਚਾਹ-ਪਾਣੀ ਛਕਾਇਆ ਪਰ ‘ਆਸ਼ੀਰਵਾਦ’ ਨਹੀਂ ਦਿੱਤਾ: ਵਿੱਜ
ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 11 ਮਈ
ਅੰਬਾਲਾ ਕੈਂਟ ਵਿੱਚ ਚੋਣ ਪ੍ਰਚਾਰ ਦੌਰਾਨ ਕਾਂਗਰਸ ਉਮੀਦਵਾਰ ਵਰੁਣ ਚੌਧਰੀ, ਪਰਵਿੰਦਰ ਸਿੰਘ ਪਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਅਨਿਲ ਵਿੱਜ ਦੀ ਕੱਟੜ ਵਿਰੋਧੀ ਚਿਤਰਾ ਸਰਵਾਰਾ ਨਾਲ ਹੋਈ ਮੁਲਾਕਾਤ ਮਗਰੋਂ ਕਈ ਤਰ੍ਹਾਂ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ। ਸੂਬੇ ਦੇ ਸਾਬਕਾ ਗ੍ਰਹਿ ਮੰਤਰੀ ਸ੍ਰੀ ਵਿੱਜ ਨੇ ਇਸ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਬੁੱਧਵਾਰ ਨੂੰ ਉਹ ਭਾਜਪਾ ਵਰਕਰਾਂ ਨਾਲ ਨਿਕਲਸਨ ਰੋਡ ’ਤੇ ਸਥਿਤ ਭਾਜਪਾ ਦਫ਼ਤਰ ਦੇ ਬਾਹਰ ਬੈਠੇ ਸਨ। ਇਸ ਦੌਰਾਨ ਤਿੰਨ ਗੱਡੀਆਂ ਆ ਕੇ ਰੁਕੀਆਂ ਜਿਨ੍ਹਾਂ ਵਿਚ ਕਾਂਗਰਸੀ ਉਮੀਦਵਾਰ ਵਰੁਣ ਚੌਧਰੀ, ਚਿਤਰਾ ਸਰਵਰ ਕਾਂਗਰਸੀ ਨੇਤਾ ਸਨ। ਸ੍ਰੀ ਵਿੱਜ ਨੇ ਕਿਹਾ ਕਿ ਸਾਰੇ ਕਾਂਗਰਸੀ ਨੇਤਾ ਉਨ੍ਹਾਂ ਕੋਲ ਆ ਕੇ ਬੈਠ ਗਏ ਅਤੇ ਸ਼ਿਸ਼ਟਾਚਾਰ ਦੇ ਨਾਤੇ ਉਨ੍ਹਾਂ ਨੇ ਸਾਰਿਆਂ ਨੂੰ ਚਾਹ-ਪਾਣੀ ਛਕਾਇਆ। ਉਨ੍ਹਾਂ ਕਿਹਾ ਕਿ ਜੇ ਕੋਈ ਇਸ ’ਤੇ ਇਤਰਾਜ਼ ਕਰਦਾ ਹੈ ਤਾਂ ਉਸ ਨੂੰ ਸਿਆਸਤ ਵਿੱਚ ਨਹੀਂ ਰਹਿਣਾ ਚਾਹੀਦਾ ਕਿਉਂਕਿ ਸ਼ਿਸ਼ਟਾਚਾਰ ਸਾਰਿਆਂ ਦੇ ਨਾਲ ਹੈ। ਅਜਿਹਾ ਨਹੀਂ ਹੁੰਦਾ ਕਿ ਕੋਈ ਆਵੇ ਅਤੇ ਉਸ ਨੂੰ ਚਾਹ-ਪਾਣੀ ਵੀ ਨਾ ਪੁੱਛੋਂ। ਸਾਬਕਾ ਮੰਤਰੀ ਨੇ ਕਿਹਾ, ‘‘ਮੈਂ (ਉਨ੍ਹਾਂ ਨੂੰ) ਆਸ਼ੀਰਵਾਦ ਦਿੱਤਾ ਹੈ, ਇਹ ਗ਼ਲਤ ਹੈ, ਹਾਂ ਉਨ੍ਹਾਂ ਨੇ ਮੇਰੇ ਪੈਰ ਵੀ ਛੂਹੇ ਅਤੇ ਦਸ ਵਾਰ ਕਿਹਾ ਕਿ ਆਸ਼ੀਰਵਾਦ ਦੇ ਦਿਓ, ਪਰ ਰਾਜਨੀਤੀ ਆਪਣੀ ਥਾਂ ਹੈ ਅਤੇ ਵਿਅਕਤੀਗਤ ਰਿਸ਼ਤੇ ਆਪਣੀ ਥਾਂ ਹਨ।’’ ਜ਼ਿਕਰਯੋਗ ਹੈ ਕਿ ਵਾਇਰਲ ਵੀਡੀਓ ਵਿੱਚ ਇੱਕ ਕਾਂਗਰਸੀ ਵਾਰ-ਵਾਰ ਕਹਿ ਰਿਹਾ ਹੈ ਕਿ ਆਸ਼ੀਰਵਾਦ ਦੇ ਦਿਓ ਪਰ ਅਨਿਲ ਵਿੱਜ ਚੁੱਪ-ਚਾਪ ਖੜ੍ਹੇ ਨਜ਼ਰ ਆ ਰਹੇ ਹਨ।