ਦੁਕਾਨਦਾਰਾਂ ਵੱਲੋਂ ਟੀਡੀਆਈ ਦਫ਼ਤਰ ਦੀ ਘੇਰਾਬੰਦੀ
ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 26 ਸਤੰਬਰ
ਲਾਂਡਰਾ-ਬਨੂੜ ਮੁੱਖ ਸੜਕ ਦੇ ਦੋਵੇਂ ਪਾਸੇ ਗੰਦੇ ਪਾਣੀ ਦੀ ਨਿਕਾਸੀ ਨਾਲੇ ਉੱਤੇ ਰੱਖੀਆਂ ਸੀਮਿੰਟ ਦੀਆਂ ਸਲੈਬਾਂ ਦੀ ਹਾਲਤ ਖ਼ਸਤਾ ਹੋਣ ਕਾਰਨ ਟੀਡੀਆਈ ਸੈਕਟਰ-110 ਦੀ ਕਿੰਗ ਸਟਰੀਟ ਮਾਰਕੀਟ ਵੈੱਲਫੇਅਰ ਐਸੋਸੀਏਸ਼ਨ ਦੇ ਮੈਂਬਰ ਦੁਕਾਨਦਾਰਾਂ ਨੇ ਅੱਜ ਟੀਡੀਆਈ ਦਫ਼ਤਰ ਦੀ ਘੇਰਾਬੰਦੀ ਕਰਕੇ ਰੋਸ ਮੁਜ਼ਾਹਰਾ ਕੀਤਾ। ਬੀਤੇ ਦਿਨ ਪੀੜਤ ਦੁਕਾਨਦਾਰਾਂ ਨੇ ਮਾਰਕੀਟ ਦੇ ਮੁੱਖ ਐਂਟਰੀ ਗੇਟ ਨੂੰ ਤਾਲ ਜੜ੍ਹ ਕੇ ਰੋਸ ਪ੍ਰਦਰਸ਼ਨ ਕੀਤਾ ਸੀ। ਐਸੋਸੀਏਸ਼ਨ ਦੇ ਪ੍ਰਧਾਨ ਸਿਕੰਦਰ ਸਿੰਘ ਬਾਜਵਾ, ਚੇਅਰਮੈਨ ਪ੍ਰੇਮ ਸਿੰਘ, ਮੀਤ ਪ੍ਰਧਾਨ ਸੁਰਿੰਦਰ ਸਿੰਘ ਰੋਜ਼ੀ, ਜਨਰਲ ਸਕੱਤਰ ਐੱਸਕੇ ਸ਼ਰਮਾ ਅਤੇ ਸਾਬਕਾ ਲੇਬਰ ਕਮਿਸ਼ਨਰ ਸੁਨੀਲ ਪੁਰੇਵਾਲ ਨੇ ਦੱਸਿਆ ਕਿ ਸੈਕਟਰ ਵਾਸੀ ਅਤੇ ਪੀੜਤ ਦੁਕਾਨਦਾਰ ਪਿਛਲੇ ਕਰੀਬ ਡੇਢ ਸਾਲ ਤੋਂ ਟੀਡੀਆਈ ਮੈਨੇਜਮੈਂਟ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਨੂੰ ਗੁਹਾਰ ਲਗਾ ਕੇ ਥੱਕ ਚੁੱਕੇ ਹਨ ਕਿ ਨਵੀਆਂ ਅਤੇ ਮਜ਼ਬੂਤ ਸਲੈਬਾਂ ਰੱਖੀਆਂ ਜਾਣ ਪ੍ਰੰਤੂ ਜਦੋਂ ਕਿਸੇ ਨੇ ਗੱਲ ਨਹੀਂ ਸੁਣੀ ਤਾਂ ਉਨ੍ਹਾਂ ਨੂੰ ਮੁੱਖ ਗੇਟ ਨੂੰ ਤਾਲਾ ਲਗਾਉਣ ਅਤੇ ਰੀਅਲ ਅਸਟੇਟ ਕੰਪਨੀ ਦੇ ਦਫ਼ਤਰ ਦੀ ਘੇਰਾਬੰਦੀ ਰੋਸ ਵਿਖਾਵਾ ਕਰਨ ਲਈ ਮਜਬੂਰ ਹੋਣਾ ਪਿਆ ਹੈ।
ਉਧਰ, ਦੁਕਾਨਦਾਰਾਂ ਦੇ ਰੋਸ ਪ੍ਰਦਰਸ਼ਨ ਤੋਂ ਬਾਅਦ ਕੰਪਨੀ ਨੇ ਖਸਤਾ ਹਾਲਤ ਸਲੈਬਾਂ ਨੂੰ ਚੁੱਕ ਕੇ ਉਨ੍ਹਾਂ ਦੀ ਥਾਂ ਨਵੀਆਂ ਸਲੈਬਾਂ ਰੱਖਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਜਿਸ ਕਾਰਨ ਪੀੜਤ ਦੁਕਾਨਦਾਰਾਂ ਨੇ ਰੋਸ ਮੁਜ਼ਾਹਰਾ ਖ਼ਤਮ ਕਰਨ ਦਾ ਐਲਾਨ ਕਰਕੇ ਮਾਰਕੀਟ ਦੇ ਮੁੱਖ ਐਂਟਰੀ ਗੇਟ ਨੂੰ ਲਾਇਆ ਤਾਲਾ ਵੀ ਖੋਲ੍ਹ ਦਿੱਤਾ। ਮੀਤ ਪ੍ਰਧਾਨ ਸੁਰਿੰਦਰ ਸਿੰਘ ਰੋਜ਼ੀ ਨੇ ਦੱਸਿਆ ਕਿ ਕੰਪਨੀ ਨੇ ਅੱਜ ਜੇਸੀਬੀ ਮਸ਼ੀਨ ਲਗਾ ਕੇ ਨਿਕਾਸੀ ਨਾਲੇ ਅਤੇ ਪੁਲੀ ਉੱਤੇ ਟੁੱਟੀਆਂ ਸਲੈਬਾਂ ਨੂੰ ਬਦਲਣ ਦਾ ਕੰਮ ਸ਼ੁਰੂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁੱਖ ਸੜਕ ਤੋਂ ਟੀਡੀਆਈ ਐਂਟਰੀ ’ਤੇ ਸੜਕ ਕਿਨਾਰੇ ਪਾਣੀ ਦੀ ਨਿਕਾਸੀ ਲਈ ਨਾਲੇ ਉੱਤੇ ਲੱਗੀਆਂ ਸਲੈਬਾਂ ਬੁਰੀ ਤਰ੍ਹਾਂ ਟੁੱਟ ਚੁੱਕੀਆਂ ਹਨ। ਅਨੇਕਾਂ ਵਾਰ ਅਪੀਲ ਕਰਨ ਦੇ ਬਾਵਜੂਦ ਸਲੈਬਾਂ ਠੀਕ ਨਹੀਂ ਕਰਵਾਈਆਂ ਗਈਆਂ। ਜਿਸ ਕਾਰਨ ਹਰ ਸਮੇਂ ਹਾਦਸਾ ਵਾਪਰਨ ਦਾ ਖ਼ਤਰਾ ਬਣਿਆ ਰਹਿੰਦਾ ਸੀ ਅਤੇ ਹੁਣ ਤੱਕ ਕਈ ਦੋ ਪਹੀਆ ਵਾਹਨ ਚਾਲਕ ਡਿੱਗ ਕੇ ਜ਼ਖ਼ਮੀ ਹੋ ਚੁੱਕੇ ਹਨ।