ਟੀਬੀ ਮੁਕਤ ਮੁਹਿੰਮ: ਮੈਡੀਕਲ ਜਾਂਚ ਤੇ ਸਕਰੀਨਿੰਗ ਕੈਂਪ
ਪੱਤਰ ਪ੍ਰੇਰਕ
ਜਲੰਧਰ, 22 ਜਨਵਰੀ
ਸੌ ਦਿਨਾਂ ਟੀਬੀ ਮੁਕਤ ਮੁਹਿੰਮ ਤਹਿਤ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਅਤੇ ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਵਿੱਚ ਸਥਾਨਕ ਗਾਂਧੀ ਵਨੀਤਾ ਆਸ਼ਰਮ ਵਿੱਚ ਮੈਡੀਕਲ ਚੈੱਕਅਪ ਅਤੇ ਸਕਰੀਨਿੰਗ ਕੈਂਪ ਲਾਇਆ ਗਿਆ, ਜਿਸ ’ਚ ਕਰੀਬ 250 ਲੜਕੀਆਂ ਅਤੇ ਵਿਧਵਾ ਔਰਤਾਂ ਨੇ ਭਾਗ ਲਿਆ। ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮਨਜਿੰਦਰ ਸਿੰਘ, ਜਿਨ੍ਹਾਂ ਕੋਲ ਸਕੱਤਰ ਰੈੱਡ ਕਾਰਸ ਸੁਸਾਇਟੀ ਦਾ ਵੀ ਚਾਰਜ ਹੈ, ਨੇ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਟੀਬੀ ਸਬੰਧੀ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣਾ ਹੈ। ਜ਼ਿਲ੍ਹਾ ਟੀ.ਬੀ. ਅਫ਼ਸਰ ਡਾ. ਰਿਤੂ ਨੇ ਦੱਸਿਆ ਕਿ ਟੀਬੀ ਦਾ ਇਲਾਜ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ ਅਤੇ ਇਲਾਜ ਦੌਰਾਨ ਮਰੀਜ਼ ਨੂੰ ਸਰਕਾਰ ਵੱਲੋਂ ਆਰਥਿਕ ਮਦਦ ਵੀ ਦਿੱਤੀ ਜਾਂਦੀ ਹੈ। ਕੈਂਪ ਵਿੱਚ ਟੀ.ਬੀ. ਦੇ ਸ਼ੱਕੀ ਮਰੀਜ਼ਾਂ ਦੀ ਸਕਰੀਨਿੰਗ, ਐਕਸਰੇ ਤੋਂ ਇਲਾਵਾ ਐਚ.ਆਈ.ਵੀ. ਟੈਸਟ, ਬਲੱਡ ਪ੍ਰੈਸ਼ਰ ਤੇ ਸ਼ੂਗਰ ਦੀ ਜਾਂਚ ਵੀ ਕੀਤੀ ਗਈ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਅਜੇ ਭਾਰਤੀ, ਸਟੇਟ ਕੋ-ਆਰਡੀਨੇਟਰ ਨੀਲਮ ਤੇ ਰੈਭਿਆ, ਰੇਡੀਓਗ੍ਰਾਫ਼ਰ ਡਾ. ਸੰਦੀਪ ਪੌਲ, ਮੈਡੀਕਲ ਅਫ਼ਸਰ ਸੰਗੀਨਾ, ਹਰਵਿੰਦਰ ਕੌਰ ਸੁਪਰਡੈਂਟ ਗਾਂਧੀ ਵਨੀਤਾ ਆਸ਼ਰਮ, ਸੁਪਰਡੈਂਟ ਗਗਨ ਦੀਪ, ਜ਼ਿਲ੍ਹਾ ਕੋ-ਆਰਡੀਨੇਟਰ ਟੀ.ਬੀ. ਪ੍ਰਾਜੈਕਟ ਸ਼ੀਨੂੰ ਵਿਵੇਕ, ਏ.ਐਨ.ਐਮ. ਅਮਨਦੀਪ, ਰਕੇਸ਼ ਕੁਮਾਰ, ਨੇਕ ਰਾਮ, ਮਨਪ੍ਰੀਤ, ਕਲਰਕ ਅੰਬਿਕਾ ਅਤੇ ਰੈੱਡ ਕਰਾਸ ਸੁਸਾਇਟੀ ਦੀ ਟੀਮ ਮੌਜੂਦ ਸੀ।