ਤਾਇਆ ਸੂਰਮਾ
ਬਲਵਿੰਦਰ ਸਿੰਘ ਭੁੱਲਰ
ਤਾਇਆ ਸੂਰਮਾ ਅਜੀਬ ਕਿਸਮ ਦਾ ਸ਼ਖ਼ਸ ਸੀ। ਪਿਤਾ ਜੀ ਦੀਆਂ ਦੋ ਭੂਆ ਲੌਢਾ ਘਰ ਕਲਿਆਣ ਵਿਆਹੀਆਂ ਹੋਈਆਂ ਸਨ। ਉਹਨਾਂ ਵਿਚੋਂ ਵੱਡੀ ਚੰਦ ਕੌਰ ਦਾ ਇਹ ਪੁੱਤ ਜਦੋਂ ਪੈਦਾ ਹੋਇਆ ਤਾਂ ਉਸ ਦਾ ਨਾਂ ਗੁਰਬਖ਼ਸ ਸਿੰਘ ਰੱਖਿਆ ਗਿਆ ਸੀ। ਉਹ ਬਚਪਨ ਵਿਚ ਹੀ ਸੀ ਕਿ ਉਸ ਦੇ ਮਾਤਾ ਨਿਕਲ ਆਈ। ਇਹ ਸਮਾਂ ਅੱਜ ਤੋਂ ਕਰੀਬ ਨੌਂ ਦਹਾਕੇ ਪਹਿਲਾਂ ਦਾ ਹੋਵੇਗਾ, ਉਦੋਂ ਮਾਤਾ ਲਾਇਲਾਜ ਬਿਮਾਰੀ ਸੀ। ਮੂੰਹ ਸਰੀਰ ’ਤੇ ਦਾਗ ਪੈ ਜਾਣੇ ਤਾਂ ਆਮ ਗੱਲ ਹੀ ਸੀ ਪਰ ਜੇ ਅੱਖਾਂ ’ਤੇ ਜਿ਼ਆਦਾ ਅਸਰ ਹੋ ਜਾਂਦਾ ਤਾਂ ਮਰੀਜ਼ ਦੀ ਅੱਖਾਂ ਦੀ ਜੋਤ ਵੀ ਚਲੀ ਜਾਂਦੀ ਸੀ। ਬੱਸ ਇਹੋ ਘਟਨਾ ਵਾਪਰੀ ਗੁਰਬਖ਼ਸ ਸਿੰਘ ਨਾਲ। ਉਸ ਦੀਆਂ ਦੋਵੇਂ ਅੱਖਾਂ ਦੀ ਰੌਸ਼ਨੀ ਚਲੀ ਗਈ। ਉਸ ਸਮੇਂ ਕਿਸੇ ਨੂੰ ਵੀ ਅੰਨ੍ਹਾ ਕਹਿਣਾ ਬੁਰਾ ਸਮਝਿਆ ਜਾਂਦਾ ਸੀ, ਇਸ ਲਈ ਲੋਕ ਸੂਰਮਾ ਕਹਿ ਦਿੰਦੇ ਸਨ। ਇਹ ਇੱਕ ਤਰ੍ਹਾਂ ਉਸ ਨਾਲ ਹਮਦਰਦੀ ਤੇ ਉਸ ਦਾ ਸਤਿਕਾਰ ਹੀ ਹੁੰਦਾ ਸੀ। ਤਾਏ ਗੁਰਬਖ਼ਸ ਸਿੰਘ ਨੂੰ ਵੀ ਸਾਰੇ ਲੋਕ ਸੂਰਮਾ ਕਹਿਣ ਲੱਗ ਪਏ ਅਤੇ ਹੌਲੀ ਹੌਲੀ ਲੋਕ ਉਸ ਦਾ ਅਸਲ ਨਾਂ ਭੁੱਲ ਹੀ ਗਏ, ਬੱਸ ਸੂਰਮਾ ਹੀ ਉਸ ਦਾ ਨਾਂ ਬਣ ਗਿਆ ਸੀ। ਅਸੀਂ ਵੀ ਉਸ ਨੂੰ ਤਾਇਆ ਸੂਰਮਾ ਹੀ ਕਹਿੰਦੇ।
ਤਾਏ ਸੂਰਮੇ ਦਾ ਦਿਮਾਗ ਬਹੁਤ ਕੰਮ ਕਰਦਾ ਸੀ। ਦੱਸਦੇ ਨੇ ਕਿ ਹਰ ਅੰਨ੍ਹੇ ਦਾ ਦਿਮਾਗ ਆਮ ਲੋਕਾਂ ਨਾਲੋਂ ਵੱਧ ਹੀ ਕੰਮ ਕਰਦਾ ਹੈ। ਤਾਇਆ ਸੂਰਮਾ ਮਾਲ ਪਸ਼ੂ ਸਾਂਭਣ, ਖੇਤ ਦਾ ਕੰਮ ਧੰਦਾ ਆਦਿ ਦੂਜਿਆਂ ਨਾਲੋਂ ਵੀ ਵੱਧ ਕਰਦਾ ਸੀ। ਘਰ ਵਿਚ ਬਗੈਰ ਸੋਟੀ ਤੋਂ ਉਹ ਇਉਂ ਤੁਰਿਆ ਫਿਰਦਾ ਜਿਵੇਂ ਸਭ ਕੁਝ ਦਿਸਦਾ ਹੋਵੇ। ਉਹ ਬੋਤਾ ਲੈ ਕੇ ਖੇਤ ਜਾਂਦਾ, ਚਰ੍ਹੀ ਦੇ ਵੱਢ ’ਚੋਂ ਆਪ ਹੀ ਦਾਤੀ ਲੱਭ ਕੇ ਪੱਠੇ ਵੱਢ ਕੇ ਊਠ ’ਤੇ ਲੱਦ ਕੇ ਲੈ ਆਉਂਦਾ। ਕੁਤਰਾ ਕਰਦਾ, ਪਸ਼ੂਆਂ ਨੂੰ ਪਾਉਂਦਾ, ਧਾਰਾਂ ਕੱਢਦਾ। ਸਾਨੂੰ ਕਈ ਵਾਰ ਸ਼ੱਕ ਪੈਂਦਾ ਕਿ ਤਾਏ ਨੂੰ ਦਿਸਦੈ ਪਰ ਉਸ ਦੇ ਪਰਿਵਾਰ ਦੇ ਜੀਅ ਦੱਸਦੇ ਕਿ ਨਹੀਂ, ਬੱਸ ‘ਤੱਕ’ ਨਾਲ ਹੀ ਸਭ ਕੰਮ ਕਰਦਾ ਹੈ।
ਇੱਕ ਦਨਿ ਮੈਂ ਕਲਿਆਣ ਗਿਆ, ਤਾਏ ਦਾ ਬੋਤਾ ਬਿਮਾਰ ਸੀ। ਉਹਨੂੰ ਕਿਸੇ ਸਿਆਣੇ ਦੇ ਦੱਸਣ ’ਤੇ ਕਾੜ੍ਹਾ ਬਣਾ ਕੇ ਪਿਲਾਇਆ ਗਿਆ ਸੀ। ਸਾਰਾ ਪਰਿਵਾਰ ਵਿਹੜੇ ਵਿਚ ਨਿੰਮ ਹੇਠ ਬੈਠਾ ਚਾਹ ਪੀ ਰਿਹਾ ਸੀ। ਇੱਕ ਪਾਸੇ ਥੋੜ੍ਹੀ ਦੂਰ ਉਹ ਬੋਤਾ ਬੈਠਾ ਸੀ। ਚਾਹ ਪੀਂਦੇ ਤਾਏ ਸੂਰਮੇ ਨੇ ਚਾਹ ਵਾਲੀ ਬਾਟੀ ਹੇਠਾਂ ਰੱਖਦਿਆਂ ਕਿਹਾ, “ਹੁਣ ਤਾਂ ਫ਼ਰਕ ਐ, ਬੋਤੇ ਨੇ ਉਗਾਲਾ ਤਾਂ ਪੱਟ ਲਿਐ।” ਮੈਂ ਬਹੁਤ ਹੈਰਾਨ ਹੋਇਆ ਤੇ ਉਸ ਨੂੰ ਪੁੱਛਿਆ, “ਤਾਇਆ ਨਾਲੇ ਕਹਿੰਨੈ ਬਈ ਦਿਸਦਾ ਨੀ, ਫੇਰ ਉਗਾਲਾ ਕਰਦਾ ਊਠ ਕਿਵੇਂ ਦਿਸ ਗਿਆ। ਥੋੜ੍ਹਾ ਬਹੁਤ ਤਾਂ ਦਿਸਦਾ ਹੀ ਹੋਊ।” ਉਹਨੇ ਕਿਹਾ, “ਨਹੀਂ ਸ਼ੇਰਾ! ਸੂਰਮਿਆਂ ਦੇ ਕੰਨ ਤੇ ਨੱਕ ਜਿ਼ਆਦਾ ਕੰਮ ਕਰਦੇ ਹੁੰਦੇ ਨੇ। ਇਹਨਾਂ ਦੀ ਸੁਚੱਜੀ ਵਰਤੋਂ ਕਰਨੀ ਉਹਨਾਂ ਦੀ ਮਜਬੂਰੀ ਹੁੰਦੀ ਐ। ਦੇਖਣ ਵਾਲਾ ਕੰਮ ਵੀ ਉਹ ਕੰਨ ਨੱਕ ਤੋਂ ਹੀ ਲੈਂਦੇ ਨੇ। ਮੈਨੂੰ ਬੋਤਾ ਨਹੀਂ ਦਿਸਦਾ ਪਰ ਉਗਾਲਾ ਕਰਨ ਨਾਲ ਉਸ ਦੇ ਮੂੰਹ ਹਿੱਲਣ ਦੀ ਆਵਾਜ਼ ਸੁਣਦੀ। ਐਂ ਪਤਾ ਲੱਗ ਗਿਆ ਕਿ ਬੋਤਾ ਠੀਕ ਹੋ ਗਿਐ।”
ਇੱਥੇ ਹੀ ਬੱਸ ਨਹੀਂ, ਜੇ ਅਸੀਂ ਲੁਕਣਮੀਟੀ ਖੇਡਦੇ ਤਾਂ ਉਹ ਦੱਸ ਦਿੰਦਾ ਸੀ ਕਿ ਕਿਹੜਾ ਕਿੱਥੇ ਲੁਕਿਐ। ਕਈ ਸਾਲਾਂ ਬਾਅਦ ਵੀ ਜੇ ਕੋਈ ਰਿਸ਼ਤੇਦਾਰ ਮਿਲਦਾ ਤਾਂ ਝੱਟ ਆਵਾਜ਼ ਪਛਾਣ ਕੇ ਨਾਂ ਲੈ ਕੇ ਹਾਲ-ਚਾਲ ਪੁੱਛਦਾ। ਅੱਜ ਵੀ ਜਦੋਂ ਉਸ ਦੀ ਯਾਦ ਆਉਂਦੀ ਹੈ ਤਾਂ ਉਸ ਦੇ ਕੰਨ, ਨੱਕ ਤੇ ਦਿਮਾਗ ਦੀ ਸ਼ਕਤੀ ’ਤੇ ਹੈਰਾਨ ਹੋ ਜਾਈਦੈ। ਮੈਂ ਆਸਟਰੇਲੀਆ ਦੀ ਰਾਜਧਾਨੀ ਕੈਨਬਰਾ ਗਿਆ, ਉੱਥੇ ਤਾਏ ਵਰਗਾ ਹੀ ਇੱਕ ਮੁਨਾਖਾ ਲੜਕਾ ਆਪਣੀ ਸੋਟੀ ਨਾਲ ਟੋਹ ਟੋਹ ਕੇ ਈ-ਸਾਈਕਲ ਚਲਾਉਂਦਾ ਦੇਖਿਆ ਤਾਂ ਤਾਏ ਸੂਰਮੇ ਦੀ ਯਾਦ ਤਾਜ਼ਾ ਹੋ ਗਈ। ਅੱਖਾਂ ਬਗੈਰ ਭਾਵੇਂ ਜਿ਼ੰਦਗੀ ਅਧੂਰੀ ਜਾਂ ਦੁੱਖਾਂ ਭਰੀ ਮੰਨੀ ਜਾਂਦੀ ਹੈ ਪਰ ਉਹਨਾਂ ਦੀ ਦਲੇਰੀ, ਹੌਸਲੇ ਤੇ ਸੂਝ ਸਦਕਾ ਉਹ ਜਿ਼ੰਦਗੀ ਜਿਊਣ ਦਾ ਬਲ ਜ਼ਰੂਰ ਸਿੱਖ ਜਾਂਦੇ ਹਨ।
ਸੰਪਰਕ: 98882-75913