ਏਟੀਐੱਮ ਕਾਰਡ ਬਦਲ ਕੇ ਧੋਖਾਧੜੀ ਕਰਨ ਵਾਲੇ ਗਰੋਹ ਦਾ ਟੈਕਸੀ ਚਾਲਕ ਗ੍ਰਿਫਤਾਰ
ਸਰਬਜੀਤ ਸਿੰਘ ਭੱਟੀ
ਲਾਲੜੂ, 28 ਜੁਲਾਈ
ਲਾਲੜੂ ਪੁਲੀਸ ਨੇ ਏਟੀਐੱਮ ਕਾਰਡ ਬਦਲ ਕੇ ਧੋਖਾਧੜੀ ਕਰਕੇ ਲੋਕਾਂ ਦੇ ਪੈਸੇ ਕਢਾਉਣ ਵਾਲੇ ਗਿਰੋਹ ਦੇ ਇਕ ਟੈਕਸੀ ਚਾਲਕ ਨੂੰ ਕਾਬੂ ਕਰ ਲਿਆ ਹੈ। ਏਐੱਸਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਅੱਜ ਦੁਪਹਿਰ ਤੋਂ ਪਹਿਲਾਂ ਸੁਰਿੰਦਰ ਸਿੰਘ ਪੁੱਤਰ ਪਿਆਰਾ ਲਾਲ ਨਿਵਾਸੀ ਸਿਤਾਰਪੁਰ ਥਾਣਾ ਲਾਲੜੂ ਨੇ ਸਥਾਨਕ ਪੁਲੀਸ ਨੂੰ ਸੂਚਨਾ ਦਿੱਤੀ ਕਿ ਇਕ ਵਿਅਕਤੀ ਲਾਲੜੂ ਅੰਡਰਬਰਿਜ ਨੇੜੇ ਖੜ੍ਹਾ ਹੈ, ਜਿਸ ਨੇ ਪਿਛਲੇ ਮਹੀਨੇ ਪੀਐੱਨਬੀ ਬਰਾਂਚ ਲਾਲੜੂ ਦੇ ਏਟੀਐੱਮ ਤੋਂ ਧੋਖੇ ਨਾਲ ਕਾਰਡ ਬਦਲ ਕੇ ਖਾਤੇ ’ਚੋਂ ਇਕ ਲੱਖ ਰੁਪਏ ਕਢਵਾ ਲਏ ਸਨ। ਉਕਤ ਵਿਅਕਤੀ ਅੱਜ ਫਿਰ ਹੋਰ ਵਾਰਦਾਤ ਨੂੰ ਅੰਜਾਮ ਦੇਣ ਲਈ ਆਇਆ ਸੀ, ਜਿਸ ਨੂੰ ਪਛਾਣ ਕੇ ਤੁਰੰਤ ਪੁਲੀਸ ਨੇ ਕਾਬੂ ਕਰ ਲਿਆ। ਮੁਲਜ਼ਮ ਦੀ ਪਛਾਣ ਪੰਕਜ ਨਿਵਾਸੀ ਜੈਪੁਰ ਥਾਣਾ ਲਾਲ ਕੁਆ, ਨੈਨੀਤਾਲ, ਉਤਰਾਂਚਲ ਵਜੋਂ ਹੋਈ ਹੈ। ਉਹ ਇਸ ਸਮੇਂ ਨਵਾਂ ਗਾਓ, ਮੁਹਾਲੀ ਦੇ ਦਸਮੇਸ਼ ਨਗਰ ਵਿੱਚ ਰਹਿ ਰਿਹਾ ਸੀ। ਉਕਤ ਮਾਮਲੇ ’ਚ ਫੜ੍ਹੇ ਗਏ ਟੈਕਸੀ ਚਾਲਕ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤਾਂ ਜੋ ਗਰੋਹ ਦੇ ਹੋਰ ਮੈਂਬਰਾਂ ਦਾ ਵੀ ਪਤਾ ਲਗਾਇਆ ਜਾ ਸਕੇ।