For the best experience, open
https://m.punjabitribuneonline.com
on your mobile browser.
Advertisement

ਟੈਕਸ ਵਸੂਲੀ: ਪਹਿਲੀ ਤਿਮਾਹੀ ਵਿੱਚ 25 ਫ਼ੀਸਦ ਵਾਧਾ

11:07 AM Jul 03, 2023 IST
ਟੈਕਸ ਵਸੂਲੀ  ਪਹਿਲੀ ਤਿਮਾਹੀ ਵਿੱਚ 25 ਫ਼ੀਸਦ ਵਾਧਾ
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 2 ਜੁਲਾਈ
ਪੰਜਾਬ ਸਰਕਾਰ ਲਈ ਇਹ ਖੁਸ਼ਖ਼ਬਰ ਹੈ ਕਿ ਮਾਲੀ ਵਰ੍ਹਾ 2023-24 ਦੀ ਪਹਿਲੀ ਤਿਮਾਹੀ ਦੀ ਟੈਕਸ ਵਸੂਲੀ ਵਿੱਚ 25 ਫ਼ੀਸਦ ਦਾ ਵਾਧਾ ਦਰਜ ਹੋਇਆ ਹੈ। ਵਿੱਤੀ ਸੰਕਟ ਨਾਲ ਜੂਝ ਰਹੇ ਪੰਜਾਬ ਦੀ ਜੀਐੱਸਟੀ ਵਸੂਲੀ ਪਹਿਲੀ ਤਿਮਾਹੀ ਵਿੱਚ ਕਰੀਬ 20 ਫ਼ੀਸਦ ਵਧੀ ਹੈ। ਕੇਂਦਰ ਸਰਕਾਰ ਨੇ ਪੰਜਾਬ ਦੇ ਕਾਫ਼ੀ ਫ਼ੰਡ ਰੋਕੇ ਹੋਏ ਹਨ ਤੇ ਕਰਜ਼ਾ ਲੈਣ ਦੀ ਸੀਮਾ ’ਤੇ ਵੀ 18 ਹਜ਼ਾਰ ਦੀ ਕਟੌਤੀ ਲਾ ਦਿੱਤੀ ਹੈ। ਇਨ੍ਹਾਂ ਹਾਲਾਤ ਵਿੱਚ ਟੈਕਸਾਂ ਦੀ ਵਸੂਲੀ ਵਿਚ ਹੋਇਆ ਵਾਧਾ ਪੰਜਾਬ ਸਰਕਾਰ ਨੂੰ ਠੁੰਮ੍ਹਣਾ ਦੇਣ ਵਾਲੀ ਹੈ।
ਵੇਰਵਿਆਂ ਅਨੁਸਾਰ ਚਲੰਤ ਵਿੱਤੀ ਵਰ੍ਹੇ ਦੇ ਅਪਰੈਲ ਤੋਂ ਜੂਨ ਮਹੀਨੇ ਤੱਕ ਸਾਰੇ ਟੈਕਸਾਂ ਤੋਂ 9243.99 ਕਰੋੜ ਰੁਪਏ ਦੀ ਵਸੂਲੀ ਹੋਈ ਹੈ, ਜਦਕਿ 2022-23 ਦੀ ਪਹਿਲੀ ਤਿਮਾਹੀ ਵਿੱਚ ਇਨ੍ਹਾਂ ਟੈਕਸਾਂ ਦੀ 7395.33 ਕਰੋੜ ਦੀ ਵਸੂਲੀ ਹੋਈ ਸੀ। ਇਸ ਤਰ੍ਹਾਂ ਪਿਛਲੇ ਵਰ੍ਹੇ ਦੀ ਤਿਮਾਹੀ ਦੇ ਮੁਕਾਬਲੇ ਪੰਜ ਤਰ੍ਹਾਂ ਦੇ ਇਨ੍ਹਾਂ ਟੈਕਸਾਂ ਰਾਹੀਂ ਇਸ ਸਾਲ 1848.66 ਕਰੋੜ ਰੁਪਏ ਵੱਧ ਵਸੂਲੇ ਗਏ ਹਨ। ਇਹ ਵਾਧਾ ਕਰੀਬ 25 ਫ਼ੀਸਦ ਬਣਦਾ ਹੈ। ਇਸ ਦੇ ਨਾਲ ਹੀ ਜੀਐੱਸਟੀ ਦੀ ਵਸੂਲੀ ਵਿੱਚ 19.85 ਫ਼ੀਸਦ ਦਾ ਵਾਧਾ ਦਰਜ ਹੋਇਆ ਹੈ।
ਜੀਐੱਸਟੀ ਤੋਂ ਚਲੰਤ ਮਾਲੀ ਵਰ੍ਹੇ ਦੀ ਪਹਿਲੀ ਤਿਮਾਹੀ ਵਿੱਚ 5053.62 ਕਰੋੜ ਰੁਪਏ ਵਸੂਲ ਹੋਏ ਹਨ, ਜਦਕਿ ਪਿਛਲੇ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ ’ਚ 4050.62 ਕਰੋੜ ਰੁਪਏ ਦੀ ਵਸੂਲੀ ਹੋਈ ਸੀ। ਸਭ ਤੋਂ ਵੱਡੀ ਵਸੂਲੀ ਆਬਕਾਰੀ ਦੀ ਰਹੀ ਹੈ। ਚਾਲੂ ਪਹਿਲੀ ਤਿਮਾਹੀ ਵਿੱਚ ਐਕਸਾਈਜ਼ ਤੋਂ 2362.53 ਕਰੋੜ ਦੀ ਵਸੂਲੀ ਹੋਈ ਹੈ ਜੋ ਪਿਛਲੇ ਵਰ੍ਹੇ 1517.85 ਕਰੋੜ ਸੀ। ਇਹ ਵਾਧਾ ਕਰੀਬ 55.65 ਫ਼ੀਸਦ ਦਾ ਬਣਦਾ ਹੈ।
ਵੈਟ ਪ੍ਰਾਪਤੀ ਵੱਲ ਦੇਖੀਏ ਤਾਂ ਇਹ ਵਾਧਾ ਸਿਰਫ਼ 0.34 ਫ਼ੀਸਦ ਦਾ ਹੀ ਹੈ ਤੇ ਇਸੇ ਤਰ੍ਹਾਂ ਪੰਜਾਬ ਸਟੇਟ ਡਿਵੈਲਪਮੈਂਟ ਟੈਕਸ ਤੋਂ ਵਸੂਲੀ ਵਿੱਚ ਸਿਰਫ਼ 0.89 ਫ਼ੀਸਦ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਤਰ੍ਹਾਂ ਸਿਰਫ਼ ਜੂਨ ਮਹੀਨੇ ਦੀ ਵਸੂਲੀ ਦਾ ਮੁਲਾਂਕਣ ਕਰੀਏ ਤਾਂ ਪਿਛਲੇ ਵਰ੍ਹੇ ਦੇ ਜੂਨ ਮਹੀਨੇ ਦੇ ਮੁਕਾਬਲੇ ਜੀਐੱਸਟੀ ਵਿੱਚ 21.80 ਫ਼ੀਸਦ ਦਾ ਵਾਧਾ ਹੋਇਆ ਹੈ। ਪਿਛਲੇ ਵਰ੍ਹੇ 2022-23 ਦੌਰਾਨ ਜੀਐੱਸਟੀ ਨੇ ਪੰਜਾਬ ਦੇ ਟੈਕਸ ਮਾਲੀਏ ਵਿੱਚ 19 ਹਜ਼ਾਰ ਕਰੋੜ ਦਾ ਯੋਗਦਾਨ ਪਾਇਆ ਹੈ, ਜਦਕਿ ਟੀਚਾ 20550 ਕਰੋੜ ਰੁਪਏ ਦਾ ਸੀ।

Advertisement

ਵਿਕਾਸ ਕੰਮਾਂ ਨੂੰ ਰਫ਼ਤਾਰ ਮਿਲੇਗੀ: ਚੀਮਾ
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਟੈਕਸਾਂ ਵਿੱਚ ਹਰ ਤਰ੍ਹਾਂ ਦੀ ਲੀਕੇਜ ਨੂੰ ਠੱਲ੍ਹ ਪਾਈ ਹੈ ਅਤੇ ਟੈਕਸਾਂ ਦੀ ਚੋਰੀ ਰੁਕਣ ਮਗਰੋਂ ਹੀ ਟੈਕਸ ਵਸੂਲੀ ਦੀ ਦਰ ਵਧੀ ਹੈ। ਉਨ੍ਹਾਂ ਦੱਸਿਆ ਕਿ ਟੈਕਸ ਵਸੂਲੀ ਵਿੱਚ ਹਰ ਮਹੀਨੇ ਵਾਧਾ ਦਰਜ ਕੀਤਾ ਜਾ ਰਿਹਾ ਹੈ ਤੇ ਪੰਜਾਬ ਕੌਮੀ ਔਸਤ ਦੇ ਬਰਾਬਰ ਆ ਖੜ੍ਹਾ ਹੋਇਆ ਹੈ। ਉਨ੍ਹਾਂ ਕਿਹਾ ਕਿ ਟੈਕਸ ਵਸੂਲੀ ਵਿੱਚ ਵਾਧਾ ਸੂਬੇ ਲਈ ਸ਼ੁੱਭ ਸੰਕੇਤ ਹੈ ਅਤੇ ਇਸ ਨਾਲ ਵਿਕਾਸ ਕਾਰਜਾਂ ਦੀ ਗਤੀ ਵੀ ਹੋਰ ਤੇਜ਼ ਹੋਵੇਗੀ।

Advertisement
Tags :
Author Image

sukhwinder singh

View all posts

Advertisement
Advertisement
×