ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਭੰਗੜਾ ਸਿਖਾਇਆ
ਕੁਲਦੀਪ ਸਿੰਘ
ਨਵੀਂ ਦਿੱਲੀ, 6 ਅਕਤੂਬਰ
ਸੱਭਿਆਚਾਰਕ ਮੰਤਰਾਲਾ ਭਾਰਤ ਸਰਕਾਰ ਦੇ ਅਦਾਰੇ ਸੀਸੀਆਰਟੀ ਵਲੋਂ ਨੈਸ਼ਨਲ ਐਜੂਕੇਸ਼ਨ ਪ੍ਰੋਗਰਾਮ 2020 ਦੇ ਅਧੀਨ ਸਮੇਂ ਸਮੇਂ ’ਤੇ ਸਿੱਖਿਆ ਸਿਖਲਾਈ ਪ੍ਰੋਗਰਾਮ ਕਰਵਾਏ ਜਾਂਦੇ ਹਨ। ਇਸੇ ਲੜੀ ਤਹਿਤ ਇਸ ਵਾਰੀ ਸੀਸੀਆਰਟੀ ਵਲੋਂ ਦਿੱਲੀ ਸਥਿਤ ਦਵਾਰਕਾ ਵਿਚਲੇ ਆਪਣੇ ਹੈਡਕੁਆਟਰ ਵਿੱਚ ਇਹ ਪ੍ਰੋਗਰਾਮ ਕਰਵਾਇਆ ਗਿਆ। ਜਿਸ ਦਾ ਉਦੇਸ਼ ਭਾਰਤ ਦੇ ਵੱਖ ਵੱਖ ਰਾਜਾਂ ਦੇ ਰਵਾਇਤੀ ਸਭਿਆਚਾਰ ਨੂੰ ਸਿੱਖਿਆ ਪ੍ਰਣਾਲੀ ਦੇ ਨਾਲ ਜੋੜਿਆ ਜਾਵੇ ਸੀ ਤਾਂ ਕਿ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਭਾਰਤ ਦੇ ਵੱਖ ਵੱਖ ਰਾਜਾਂ ਦੇ ਲੋਕ ਵਿਰਸੇ ਬਾਰੇ ਦੱਸ ਸਕਣ। ਇਸ ਕਾਰਜ ਲਈ ਸੀ.ਸੀ.ਆਰ.ਟੀ. ਨੇ ਪੰਜਾਬ ਦੇ ਲੋਕ ਨਾਚ ਭੰਗੜੇ ਨੂੰ ਚੁਣਿਆ ਅਤੇ ਪੰਜਾਬ ਦੇ ਲੋਕ ਨਾਚਾਂ ਦੇ ਕੌਮਾਂਤਰੀ ਪੱਧਰ ਦੇ ਮਾਹਿਰ ਕੋਚ ਰਾਜਿੰਦਰ ਟਾਂਕ ਨੂੰ ਸੱਦਾ ਪੱਤਰ ਦਿੱਤਾ। ਰਾਜਿੰਦਰ ਟਾਂਕ ਨੇ ਭੰਗੜੇ ਦੇ ਵਿਸ਼ੇ ਬਾਰੇ ਵਿਸਥਾਰ ਸਹਿਤ ਜਾਣਕਾਰੀ ਦੇਣ ਦੇ ਨਾਲ ਨਾਲ ਪੰਜਾਬ ਦੇ ਦੂਜੇ ਲੋਕ ਨਾਚਾਂ ਜਿਵੇਂ ਝੂਮਰ, ਲੁੱਡੀ, ਮਲਵਈ ਗਿੱਧਾ, ਸੰਮੀ, ਢੋਲਾ ਆਦਿ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਭੰਗੜੇ ਦੀ ਰਵਾਇਤੀ ਚਾਲਾਂ ਨੂੰ ਢੋਲ ਦੀ ਥਾਪ ’ਤੇ ਰਵਾਇਤੀ ਤਾਲਾਂ ਨਾਲ ਕਰਕੇ ਵੀ ਵਿਖਾਇਆ। ਲੋਕ ਸਾਜ਼ਾਂ-ਢੋਲ, ਅਲਗੋਜ਼ੇ, ਤੂੰਬੀ, ਬੁਗਦੂ ਤੇ ਢੱਡ ਆਦਿ ਦੀ ਵੀ ਪੇਸ਼ਕਾਰੀ ਦਿੱਤੀ। ਭੰਗੜੇ ਦੀ ਰਵਾਇਤੀ ਚਾਲਾਂ ਨੂੰ ਦੀਪਕ ਟਾਂਕ ਨੇ ਕਰਕੇ ਵਿਖਾਇਆ। ਢੋਲ ਅਮਿਤ ਵੈਦ ਨੇ ਵਜਾਇਆ। ਲੋਕ ਗੀਤ ਅਤੇ ਲੋਕ ਬੋਲੀਆਂ ਦੀਪਕ ਟਾਂਕ ਨੇ ਪੇਸ਼ ਕੀਤੀਆਂ ਅਤੇ ਅਧਿਆਪਕਾਂ ਨੂੰ ਝੂੰਮਣ ਲਾ ਦਿੱਤਾ ਅਤੇ ਸਭ ਨੇ ਇਸ ਪ੍ਰੋਗਰਾਮ ਦਾ ਬਹੁਤ ਆਨੰਦ ਮਾਣਿਆ। ਭਾਰਤ ਦੇ ਵੱਖ ਵੱਖ ਰਾਜਾਂ ਤੋਂ ਆਏ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਰਾਜਿੰਦਰ ਟਾਂਕ ਨੇ ਭੰਗੜੇ ਦੇ ਗੁਰ ਸਿਖਾਏ ਅਰਥਾਤ ਭੰਗੜੇ ਦੀ ਰਵਾਇਤੀ ਚਾਲਾਂ ਬਾਰੇ ਜਾਣਕਾਰੀ ਦਿੱਤੀ ਅਤੇ ਭੰਗੜਾ ਸਿਖਾਇਆ। ਅਖੀਰ ਵਿੱਚ ਸੀਸੀਆਰਟੀ ਦੇ ਡਿਪਟੀ ਡਾਇਰੈਕਟਰ ਸੰਦੀਪ ਸ਼ਰਮਾ ਅਤੇ ਫੀਲਡ ਅਫਸਰ ਸੀਐੱਮ ਤ੍ਰਿਪਾਠੀ ਨੇ ਰਾਜਿੰਦਰ ਟਾਂਕ ਅਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕੀਤਾ।