For the best experience, open
https://m.punjabitribuneonline.com
on your mobile browser.
Advertisement

ਤਰਨ ਤਾਰਨ: ਕਣਕ ਦੀ ਼ਫ਼ਸਲ ’ਤੇ ਸੁੰਡੀ ਦਾ ਹਮਲਾ

05:39 AM Nov 26, 2024 IST
ਤਰਨ ਤਾਰਨ  ਕਣਕ ਦੀ ਼ਫ਼ਸਲ ’ਤੇ ਸੁੰਡੀ ਦਾ ਹਮਲਾ
ਖੇਤੀ ਮਾਹਿਰ ਕਣਕ ਦੇ ਇਕ ਖੇਤ ਦਾ ਨਿਰੀਖਣ ਕਰਦੇ ਹੋਏ।
Advertisement

ਗੁਰਬਖਸ਼ਪੁਰੀ
ਤਰਨ ਤਾਰਨ, 25 ਨਵੰਬਰ
ਜ਼ਿਲ੍ਹੇ ਅੰਦਰ ਕਣਕ ਦੀ ਫਸਲ ’ਤੇ ਸੁੰਡੀ ਦਾ ਹਮਲਾ ਵੇਖਣ ਵਿੱਚ ਆਇਆ ਹੈ| ਇਸ ਸਬੰਧੀ ਮੁੱਖ ਖੇਤੀਬਾੜੀ ਅਧਿਕਾਰੀ ਹਰਪਾਲ ਸਿੰਘ ਪੰਨੂ ਨੇ ਅੱਜ ਇੱਥੇ ਦੱਸਿਆ ਕਿ ਖੇਤੀ ਨਾਲ ਸਬੰਧਿਤ ਅਦਾਰਿਆਂ ਦੇ ਅਧਿਕਾਰੀਆਂ ਦੀ ਟੀਮ ਨੇ ਅੱਜ ਪੱਟੀ ਬਲਾਕ ਦੇ ਪਿੰਡ ਸਭਰਾ, ਕਿਰਤੋਵਾਲ, ਬੂਹ, ਸੈਦਪੁਰ, ਪ੍ਰਿੰਗਰੀ ਆਦਿ ਪਿੰਡਾਂ ਵਿੱਚ ਕਣਕ ਦੀ ਫਸਲ ਦਾ ਸਾਂਝੇ ਤੌਰ ’ਤੇ ਸਰਵੇਖਣ ਕੀਤਾ ਜਿਸ ਦੌਰਾਨ ਕੁਝ ਖੇਤਾਂ ’ਤੇ ਸੈਨਿਕ ਸੁੰਡੀ ਦਾ ਹਮਲਾ ਦੇਖਣ ਨੂੰ ਮਿਲਿਆ ਹੈ। ਅਧਿਕਾਰੀ ਨੇ ਦੱਸਿਆ ਕਿ ਇਹ ਬਿਮਾਰੀ ਆਮ ਤੌਰ ’ਤੇ ਦਸੰਬਰ ਦੇ ਮਹੀਨੇ ਹੁੰਦੀ ਹੈ ਪਰ ਤਾਪਮਾਨ ਅਤੇ ਜ਼ਮੀਨ ਵਿੱਚ ਸਿਲ ਹੋਣ ਕਰਕੇ ਇਸ ਹਮਲੇ ਦੀ ਸ਼ਿਕਾਇਤ ਆ ਰਹੀ ਹੈ। ਖੇਤੀ ਮਾਹਰਾਂ ਨੇ ਕਿਸਾਨਾਂ ਨੂੰ ਸੈਨਿਕ ਸੁੰਡੀ ਦੀ ਰੋਕਥਾਮ ਲਈ 40 ਮਿਲੀਲਿਟਰ ਕਲੋਰਐਂਟਰਾਨਿਲੀਪਰੋਲ 18.5 ਐਸ. ਸੀ. ਜਾਂ 400 ਮਿਲੀਲਿਟਰ ਕੁਇਨਲਫਾਸ 25 ਈ.ਸੀ. ਨੂੰ 80-100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਨੈਪਸੈਕ ਪੰਪ ਨਾਲ ਛਿੜਕਾਅ ਕਰਨ ਦੀ ਅਪੀਲ ਕੀਤੀ ਹੈ।
ਮਾਹਰਾਂ ਨੇ ਮੋਟਰ ਵਾਲੇ ਪੰਪ ਲਈ 30 ਲਿਟਰ ਪਾਣੀ ਹੀ ਕਾਫੀ ਹੋਣਾ ਕਿਹਾ ਹੈ ਅਤੇ ਚੰਗੇ ਨਤੀਜੇ ਲੈਣ ਲਈ ਛਿੜਕਆ ਸ਼ਾਮ ਵੇਲੇ ਕਰਨ ਦੀ ਅਪੀਲ ਕੀਤੀ ਹੈ। ਇਸ ਦੇ ਬਦਲ ਵਿੱਚ 7 ਕਿਲੋ ਫਿਪਰੋਨਿਲ 0.3 ਜੀ ਜਾਂ ਇੱਕ ਲਿਟਰ ਕਲੋਰਪਾਈਰੀਫ਼ਾਸ 20 ਈ ਸੀ ਨੂੰ 20 ਕਿਲੋ ਸਲਾਬੀ ਮਿੱਟੀ ਨਾਲ ਰਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਪਹਿਲਾ ਪਾਣੀ ਲਗਾਉਣ ਤੋ ਪਹਿਲਾਂ ਛੱਟਾ ਦੇਣ ਲਈ ਕਿਹਾ ਹੈ।
ਸਰਵੇਖਣ ਕਰਨ ਲਈ ਫਾਰਮ ਸਲਾਹਕਾਰ ਸੇਵਾ ਕੇਂਦਰ, ਤਰਨ ਤਾਰਨ ਦੇ ਇੰਚਾਰਜ ਪਰਮਜੀਤ ਕੌਰ, ਕੇ.ਵੀ.ਕੇ ਬੂਹ ਦੇ ਡਿਪਟੀ ਡਾਇਰੈਕਟਰ ਪ੍ਰਭਜੀਤ ਸਿੰਘ, ਬਲਾਕ ਖੇਤੀਬਾੜੀ ਅਧਿਕਾਰੀ ਪੱਟੀ, ਭੁਪਿੰਦਰ ਸਿੰਘ, ਖੇਤੀਬਾੜੀ ਵਿਕਾਸ ਅਧਿਕਾਰੀ ਗੁਰਬਰਿੰਦਰ ਸਿੰਘ ਅਤੇ ਖੇਤੀਬਾੜੀ ਵਿਕਾਸ ਅਧਿਕਾਰੀ ਪ੍ਰਭਸਿਮਰਨ ਸਿੰਘ ਸ਼ਾਮਲ ਹੋਏ| ਅਧਿਕਾਰੀਆਂ ਨੇ ਕਿਸੇ ਤਰ੍ਹਾਂ ਦੀ ਮੁਸ਼ਕਿਲ ਆਉਣ ’ਤੇ ਖੇਤੀ ਮਾਹਰਾਂ ਦੀ ਸਲਾਹ ਲੈਣ ਦੀ ਅਪੀਲ ਕੀਤੀ ਹੈ।

Advertisement

Advertisement
Advertisement
Author Image

sukhwinder singh

View all posts

Advertisement