For the best experience, open
https://m.punjabitribuneonline.com
on your mobile browser.
Advertisement

ਤਰਨ ਤਾਰਨ: ਮੱਕੀ ਉਤਪਾਦਕਾਂ ਦੀ ਫ਼ਸਲ ਦੀ ਐੱਮਐੱਸਪੀ ’ਤੇ ਨਹੀਂ ਹੋ ਰਹੀ ਖ਼ਰੀਦ

07:17 AM Jun 11, 2024 IST
ਤਰਨ ਤਾਰਨ  ਮੱਕੀ ਉਤਪਾਦਕਾਂ ਦੀ ਫ਼ਸਲ ਦੀ ਐੱਮਐੱਸਪੀ ’ਤੇ ਨਹੀਂ ਹੋ ਰਹੀ ਖ਼ਰੀਦ
ਆਪਣੀ ਜਿਣਸ ਕੋਲ ਖੜ੍ਹਾ ਕਿਸਾਨ ਮਨਜਿੰਦਰ ਸਿੰਘ ਬਾਠ ਜਾਣਕਾਰੀ ਦਿੰਦਾ ਹੋਇਆ|
Advertisement

ਗੁਰਬਖਸ਼ਪੁਰੀ
ਤਰਨ ਤਾਰਨ, 10 ਜੂਨ
ਜ਼ਿਲ੍ਹਾ ਤਰਨ ਤਾਰਨ ਦੀ ਜ਼ਿਲ੍ਹਾ ਮੰਡੀ ਵਿੱਚ ਮੱਕੀ ਉਤਪਾਦਕ ਨੂੰ ਘੱਟੋ-ਘੱਟ ਸਮਰਥਨ ਮੁੱਲ ਨਾ ਦੇ ਕਿਸਾਨਾਂ ਦੀ ਲੁੱਟ ਕੀਤੀ ਜਾ ਰਹੀ ਹੈ| ਮੰਡੀ ਸੁਪਰਵਾਈਜ਼ਰ ਅਮਰਿੰਦਰ ਸਿੰਘ ਨੇ ਦੱਸਿਆ ਕਿ ਮੰਡੀ ਵਿੱਚ ਮੱਕੀ ਦੀ ਆਮਦ ਅਜੇ ਬੀਤੇ ਦੋ-ਤਿੰਨ ਦਿਨ ਤੋਂ ਹੀ ਸ਼ੁਰੂ ਹੋਈ ਹੈ| ਉਨ੍ਹਾਂ ਕਿਹਾ ਕਿ ਮੰਡੀ ਵਿੱਚ 1000 ਕੁਇੰਟਲ ਦੇ ਕਰੀਬ ਮੱਕੀ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ ਜੋ ਪ੍ਰਾਈਵੇਟ ਕੰਪਨੀਆਂ ਵੱਲੋਂ ਕੀਤੀ ਗਈ ਹੈ| ਇਸ ਮੰਡੀ ਵਿੱਚ ਤਰਨ ਤਾਰਨ ਜ਼ਿਲ੍ਹੇ ਦੇ ਵੱਖ ਵੱਖ ਭਾਗਾਂ ਤੋਂ ਇਲਾਵਾ ਕਪੂਰਥਲਾ ਤੇ ਅੰਮ੍ਰਿਤਸਰ ਆਦਿ ਜ਼ਿਲ੍ਹਿਆਂ ਤੋਂ ਵੀ ਕਿਸਾਨ ਮੱਕੀ ਵੇਚਣ ਲਈ ਆ ਰਹੇ ਹਨ| ਤਰਨ ਤਾਰਨ ਦੀ ਹੀ ਦਾਣਾ ਮੰਡੀ ਵਿੱਚ ਪ੍ਰਾਈਵੇਟ ਵਪਾਰੀ ਮੱਕੀ ਦੀ ਖਰੀਦ ਲਈ ਆ ਰਹੇ ਹਨ| ਪਿੰਡ ਬਾਠ ਦੇ ਕਿਸਾਨ ਮਨਜਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਅੱਜ ਖਰੀਦੀ ਗਈ ਮੱਕੀ ਦਾ ਰੇਟ 1952 ਰੁਪਏ ਮਿਲਿਆ ਹੈ| ਉਨ੍ਹਾਂ ਕਿਹਾ ਕਿ ਉਹ ਮੰਡੀ ਵਿੱਚ ਅੱਜ 75 ਕੁਇੰਟਲ ਦੇ ਕਰੀਬ ਮੱਕੀ ਲੈ ਕੇ ਆਇਆ ਹੈ| ਉਸ ਨੇ ਕਿਹਾ ਕਿ ਉਸ ਨੂੰ ਪਿਛਲੇ ਸਾਲ ਮੱਕੀ ਦਾ ਮੁੱਲ 1800 ਰੁਪਏ ਮਿਲਿਆ ਸੀ| ਇਸ ਵਾਰ ਸਰਕਾਰ ਨੇ ਮੱਕੀ ਦਾ ਐੱਮਐੱਸਪੀ (ਘੱਟੋ-ਘੱਟ ਸਮਰਥਨ ਮੁੱਲ) 2090 ਰੁਪਏ ਪ੍ਰਤੀ ਕੁਇੰਟਲ ਮਿੱਥਿਆ ਹੈ| ਤਰਨ ਤਾਰਨ ਦੀ ਮਾਰਕੀਟ ਕਮੇਟੀ ਦੇ ਸੈਕਟਰੀ ਸੁਖਜੀਤ ਸਿੰਘ ਨੇ ਮੰਨਿਆ ਕਿ ਮੰਡੀ ਵਿੱਚ ਮੱਕੀ 1500 ਰੁਪਏ ਤੋਂ ਲੈ ਕੇ 2000 ਰੁਪਏ ਪ੍ਰਤੀ ਕੁਇੰਟਲ ਵਿੱਚ ਵਿਕ ਰਹੀ ਹੈ| ਉਨ੍ਹਾਂ ਵਧੇਰੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ| ਕਿਸਾਨ ਆਗੂ ਤਜਿੰਦਰਪਾਲ ਸਿੰਘ ਰਸੂਲਪੁਰ ਨੇ ਕਿਹਾ ਕਿ ਸਰਕਾਰ ਨੇ ਕਿਸਾਨ ਦੀ ਮੱਕੀ ’ਤੇ ਘੱਟੋ-ਘੱਟ ਸਮਰਥਨ ਮੁੱਲ ਤਾਂ ਕੀ ਦੇਣਾ ਸੀ, ਸਰਕਾਰ ਨੇ ਇਸ ਦੀ ਖ਼ਰੀਦ ਕਰਵਾਉਣ ਲਈ ਕਿਸੇ ਵਿਭਾਗ ਨੂੰ ਨੋਡਲ ਵਿਭਾਗ ਦੇ ਤੌਰ ’ਤੇ ਵੀ ਨਾਮਜ਼ਦ ਨਹੀਂ ਕੀਤਾ|

Advertisement

Advertisement
Author Image

Advertisement
Advertisement
×