ਤਰਨ ਤਾਰਨ: ਅਬਜ਼ਰਵਰ ਵੱਲੋਂ ਚੋਣ ਪ੍ਰਬੰਧਾਂ ਦਾ ਜਾਇਜ਼ਾ
ਗੁਰਬਖਸ਼ਪੁਰੀ
ਤਰਨ ਤਾਰਨ, 19 ਦਸੰਬਰ
ਜ਼ਿਲ੍ਹੇ ’ਚ ਮਿਉਂਸਿਪਲ ਸੰਸਥਾਵਾਂ ਦੀ 21 ਦਸੰਬਰ ਨੂੰ ਹੋਣ ਵਾਲੀ ਚੋਣ ਲਈ ਰਾਜ ਚੋਣ ਕਮਿਸਨ ਵੱਲੋਂ ਨਿਯੁਕਤ ਜ਼ਿਲ੍ਹਾ ਚੋਣ ਅਬਜ਼ਰਵਰ ਸੰਦੀਪ ਕੁਮਾਰ ਨੇ ਜ਼ਿਲ੍ਹਾ ਅਧਿਕਾਰੀਆਂ ਨਾਲ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਡਿਪਟੀ ਕਮਿਸ਼ਨਰ ਦੇ ਦਫਤਰ ਦੇ ਮੀਟਿੰਗ ਹਾਲ ਵਿੱਚ ਮੀਟਿੰਗ ਕਰਕੇ ਚੋਣ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ| ਮੀਟਿੰਗ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਧਿਕਾਰੀ ਰਾਹੁਲ ਅਤੇ ਐੱਸਐੱਸਪੀ ਅਭਿਮੰਨਿਊ ਰਾਣਾ ਨੇ ਕੀਤੀ। ਚੋਣ ਅਬਜ਼ਰਵਰ ਸੰਦੀਪ ਕੁਮਾਰ ਨੇ ਚੋਣ ਅਮਲ ਨੂੰ ਪੂਰੀ ਸੁਤੰਤਰਤਾ, ਨਿਰਪੱਖਤਾ ਅਤੇ ਨਿਰਵਿਘਨ ਢੰਗ ਨਾਲ ਨੇਪਰੇ ਚਾੜ੍ਹਨ ਲਈ ਹਦਾਇਤਾਂ ਕੀਤੀਆਂ| ਉਨ੍ਹਾਂ ਪੋਲਿੰਗ ਬੂਥਾਂ, ਚੋਣ ਅਮਲੇ ਦੀ ਸਿਖ਼ਲਾਈ, ਡਿਸਪੈਚ ਅਤੇ ਕੁਲੈਕਸ਼ਨ ਸੈਂਟਰ, ਵੋਟਾਂ ਪੈਣ ਤੋਂ ਬਾਅਦ ਈ. ਵੀ. ਐਮਜ਼ ਨੂੰ ਸਟਰਾਂਗ ਰੂਮ ਵਿੱਚ ਰੱਖਣ ਤੇ ਫੋਰਸ ਦੀ ਤਾਇਨਾਤੀ ਸਮੇਤ ਹੋਰ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ ਅਤੇ ਇਸ ਚੋਣ ਅਮਲ ਵਿੱਚ ਸਿਵਲ ਪ੍ਰਸ਼ਾਸਨ ਅਤੇ ਪੁਲੀਸ ਦੇ ਬਿਹਤਰ ਤਾਲਮੇਲ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ|
ਜ਼ਿਲ੍ਹੇ ਅੰਦਰ ਖੇਮਕਰਨ ਨਗਰ ਪੰਚਾਇਤ ਦੇ 13 ਵਾਰਡਾਂ ਦੀ ਆਮ ਚੋਣ ਲਈ ਅੱਠ ਵਾਰਡਾਂ ਤੋਂ ਉਮੀਦਵਾਰਾਂ ਦੀ ਚੋਣ ਨਿਰਵਿਰੋਧ ਕੀਤੀ ਜਾ ਚੁੱਕੀ ਹੈ ਅਤੇ ਬਾਕੀ ਦੇ ਪੰਜ ਵਾਰਡਾਂ ਤੋਂ 20 ਉਮੀਦਵਾਰ ਚੋਣ ਮੈਦਾਨ ਵਿੱਚ ਹਨ| ਇਸ ਦੇ ਨਾਲ ਹੀ ਨਗਰ ਪੰਚਾਇਤ ਭਿੱਖੀਵਿੰਡ ਤੋਂ ਔਰਤਾਂ ਲਈ ਰਾਖਵੇਂ ਵਾਰਡ ਨੰਬਰ 13 ਦੀ ਹੋ ਰਹੀ ਉਪ-ਚੋਣ ਲਈ ਚਾਰ ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ| ਇਸ ਲਈ 21 ਦਸੰਬਰ ਨੂੰ ਸਵੇਰ ਦੇ 7 ਵਜੇ ਤੋਂ ਸ਼ਾਮ ਦੇ 4 ਵਜੇ ਤੱਕ ਲਈ ਵੋਟਾਂ ਪਾਈਆਂ ਜਾਣਗੀਆਂ|