Tariff War: ਟਰੰਪ ਨੇ ਟਰੂਡੋ ਤੇ ਸ਼ੀਨਬੌਮ ਨਾਲ ਗੱਲਬਾਤ ਦੀ ਇੱਛਾ ਪ੍ਰਗਟਾਈ
ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 3 ਫਰਵਰੀ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੈਨੇਡਾ, ਮੈਕਸਿਕੋ ਤੇ ਚੀਨ ਤੋਂ ਦਰਾਮਦ ਵਸਤਾਂ ’ਤੇ ਟੈਕਸ ਲਾਉਣ ਤੋਂ ਇਕ ਦਿਨ ਮਗਰੋਂ ਵਪਾਰਕ ਜੰਗ ਛਿੜਨ ਦੇ ਖ਼ਦਸ਼ਿਆਂ ਦਰਮਿਆਨ ਮਸਲੇ ਨੂੰ ਠੰਡਾ ਕਰਨ ਲਈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਮੈਕਸਿਕੋ ਦੀ ਰਾਸ਼ਟਰਪਤੀ ਕਲੌਡੀਆ ਸ਼ੀਨਬੌਮ ਨਾਲ ਗੱਲਬਾਤ ਦੀ ਇੱਛਾ ਪ੍ਰਗਟਾਈ ਹੈ। ਮੰਨਿਆ ਜਾ ਰਿਹਾ ਹੈ ਕਿ ਉਹ ਟੈਕਸ ਦੀ ਥਾਂ ਦੋਵਾਂ ਮੁਲਕਾਂ ਤੋਂ ਅਮਰੀਕਾ ਨਾਲ ਲੱਗਦੀ ਸਰਹੱਦ ਦੀ ਸੁਰੱਖਿਆ ਦਾ ਵਾਅਦਾ ਲੈ ਕੇ ਟੈਰਿਫ ਜੰਗ ਕਰਕੇ ਤਿੰਨਾਂ ਦੇਸ਼ਾਂ ਸਮੇਤ ਆਲਮੀ ਪੱਧਰ ’ਤੇ ਵਧੀ ਵਪਾਰਕ ਬੇਚੈਨੀ ਨੂੰ ਘਟਾਉਣ ਦਾ ਯਤਨ ਕਰਨਗੇ।
ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਨੇ ਨਿਰਾਸ਼ਾ ਦੇ ਆਲਮ ਵਿੱਚ ਬੈਠੇ ਉਦਯੋਗਪਤੀਆਂ ਨੂੰ ਦਿਲਾਸਾ ਦੇਣ ਲਈ ਸੋਸ਼ਲ ਮੀਡੀਆ ’ਤੇ ਕੁਝ ਸੁਨੇਹੇ ਭੇਜੇ ਹਨ। ਉਨ੍ਹਾਂ ਇਕ ਸੁਨੇਹੇ ਵਿਚ ਲਿਖਿਆ ਕਿ ਟੈਰਿਫ ਦੀ ਸ਼ੁਰੂਆਤ ਦਰਦਨਾਕ ਹੋ ਸਕਦੀ ਹੈ, ਪਰ ਇਸ ਦਰਦ ਨੂੰ ਅਮਰੀਕਾ ਨੂੰ ਫਿਰ ਤੋਂ ਮਹਾਨ ਬਣਾਉਣ ਦੇ ਯਤਨ ਵਜੋਂ ਵੇਖਿਆ ਤੇ ਮਹਿਸੂਸ ਕੀਤਾ ਜਾਣਾ ਚਾਹੀਦਾ ਹੈ। ਹਾਲਾਂਕਿ ਉਦਯੋਗਪਤੀਆਂ ਉੱਤੇ ਰਾਸ਼ਟਰਪਤੀ ਦੇ ਇਸ ਦਿਲਾਸੇ ਦਾ ਕੋਈ ਅਸਰ ਨਹੀਂ ਹੋ ਰਿਹਾ ਤੇ ਉਹ ਇਸ ਨੂੰ ਰਾਸ਼ਟਰਪਤੀ ਦੇ ਅੜੀਅਲ ਸੁਭਾਅ ਵਜੋਂ ਵੇਖ ਰਹੇ ਹਨ।
ਕੈਨੇਡਾ ਦੇ ਸ਼ਰਾਬ ਠੇਕਿਆਂ ਤੋਂ ਅਮਰੀਕਨ ਬਰਾਂਡ ਗਾਇਬ
ਟੈਰਿਫ ਜੰਗ ਦੇ ਵਿਰੋਧ ਵਜੋਂ ਕੈਨੇਡਾ ਦੇ ਸਾਰ ਸੂਬਿਆਂ ਦੀਆਂ ਸ਼ਰਾਬ ਠੇਕੇਦਾਰ ਕੰਪਨੀਆਂ ਨੇ ਆਪਣੇ ਠੇਕਿਆਂ ’ਚੋਂ ਅਮਰੀਕਨ ਬਰਾਂਡ ਗਾਇਬ ਕਰ ਦਿੱਤੇ ਹਨ ਤੇ ਟੈਰਿਫ ਵਾਪਸੀ ਤੱਕ ਅਮਰੀਕਾ ਤੋਂ ਕਿਸੇ ਵੀ ਤਰ੍ਹਾਂ ਦੀ ਸ਼ਰਾਬ ਮੰਗਵਾਉਣਾ ਬੰਦ ਕਰ ਦਿੱਤੀ ਹੈ। ਅਮਰੀਕਨ ਡਿਸਟਿਲਰੀ ਸਪਿਰਟ ਕੌਂਸਲ ਦੇ ਪ੍ਰਧਾਨ ਤੇ ਮੁੱਖ ਕਾਰਜਕਾਰੀ ਅਫਸਰ ਕ੍ਰਿਸ ਸਵਿੰਗਰ ਨੇ ਕੈਨੇਡਾ ਦੇ ਇਸ ਪ੍ਰਤੀਕਰਮ ਨੂੰ ਅਮਰੀਕਨ ਸ਼ਰਾਬ ਉਦਯੋਗ ਲਈ ਘਾਤਕ ਮੰਨਿਆ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਇਸ ਨਾਲ ਸਮੁੱਚੇ ਮੰਡੀਕਰਨ ’ਤੇ ਵੱਡਾ ਅਸਰ ਨਾ ਪਵੇ, ਪਰ ਉਦਯੋਗ ਲਈ ਨਾ ਸਹਿਣਯੋਗ ਘਾਟੇ ਨੂੰ ਨਕਾਰਿਆ ਨਹੀਂ ਜਾ ਸਕਦਾ। ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਉਦਯੋਗ ਦੇ ਦੁਵੱਲੇ ਸਰਕਾਰੀ ਹਿੱਸੇਦਾਰਾਂ ਨੂੰ ਸਾਂਝਾ ਹੱਲ ਤਲਾਸ਼ਣਾ ਹੀ ਉਦਯੋਗਿਕ ਵਿਕਾਸ ਲਈ ਜ਼ਰੂਰੀ ਹੈ।
ਅਮੈਰੀਕਨ ਟੈਰਿਫ ਦਾ ਸੇਕ ਨੂੰ ਪਨਾਮਾ ਤੱਕ ਪੁੱਜਾ

ਅਮਰੀਕਨ ਰਾਸ਼ਟਰਪਰੀ ਡੋਨਲਡ ਟਰੰਪ ਵਲੋਂ ਗੱਦੀ ਸੰਭਾਲਦੇ ਹੀ ਗੁਆਂਢੀ ਮੁਲਕਾਂ ਨਾਲ ਲਏ ਟੈਰਿਫ ਪੰਗੇ ਦਾ ਸੇਕ ਕੇਂਦਰੀ ਅਮਰੀਕਾ ਦੇ ਮੁਲਕ ਪਨਾਮਾ ਤੱਕ ਜਾ ਪਹੁੰਚਿਆ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਵੱਲੋਂ ਪਨਾਮਾ ਦੇ ਰਾਸ਼ਟਰਪਤੀ ਜੋਇ ਰੌਇ ਮੋਲੀਨੋ ਨੂੰ ਪਨਾਮਾ ਨਹਿਰ ਤੋਂ ਚੀਨ ਦੇ ਦਖਲ ਅਤੇ ਪ੍ਰਭਾਵ ਨੂੰ ਘਟਾਉਣ ਲਈ ਕਹਿਣਾ ਉੱਥੋਂ ਦੇ ਲੋਕਾਂ ਨੂੰ ਬੁਰਾ ਲੱਗਾ ਹੈ। ਰੂਬੀਓ ਨੇ ਕਿਹਾ ਸੀ ਕਿ ਅਮਰੀਕਾ ਵਲੋਂ ਬਣਾਈ ਨਹਿਰ ਉੱਤੇ ਕਿਸੇ ਹੋਰ ਦੇਸ਼ ਦੇ ਗਲਬੇ ਨੂੰ ਸਹਿਣ ਨਹੀਂ ਕੀਤਾ ਜਾ ਸਕਦਾ। ਮੋਲੀਨੋ ਨੇ ਹਾਲਾਂਕਿ ਇਸ ਦੇ ਜਵਾਬ ਵਿਚ ਸਪਸ਼ਟ ਕਹਿ ਦਿੱਤਾ ਹੈ ਕਿ ਉਹ 1999 ਦੇ ਸਮਝੌਤੇ ਦੀ ਪਾਲਣਾ ਦੇ ਪਾਬੰਦ ਹਨ ਤੇ ਉਸ ਨੂੰ ਹੀ ਨਵਿਆਇਆ ਜਾਏਗਾ। ਅਮਰੀਕਨ ਧਮਕੀ ਤੋਂ ਬਾਅਦ ਸੈਂਕੜੇ ਲੋਕਾਂ ਨੇ ਪਨਾਮਾ ਦੀਆਂ ਸੜਕਾਂ ’ਤੇ ਆ ਕੇ ਅਮਰੀਕਨ ਝੰਡੇ ਸਾੜੇ।