For the best experience, open
https://m.punjabitribuneonline.com
on your mobile browser.
Advertisement

ਝੋਨੇ ਦੇ ਸੀਜ਼ਨ ’ਚ ਬਿਜਲੀ ਦੀ ਮੰਗ ਲਿਆਏਗੀ ਤਰੇਲੀਆਂ..!

07:57 AM May 10, 2024 IST
ਝੋਨੇ ਦੇ ਸੀਜ਼ਨ ’ਚ ਬਿਜਲੀ ਦੀ ਮੰਗ ਲਿਆਏਗੀ ਤਰੇਲੀਆਂ
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 9 ਮਈ
ਪੰਜਾਬ ਵਿੱਚ ਐਤਕੀਂ ਝੋਨੇ ਦੇ ਸੀਜ਼ਨ ’ਚ ਬਿਜਲੀ ਦੀ ਮੰਗ 16 ਹਜ਼ਾਰ ਮੈਗਾਵਾਟ ਨੂੰ ਪਾਰ ਹੋਣ ਦਾ ਅਨੁਮਾਨ ਹੈ। ਮਈ ਦੇ ਪਹਿਲੇ ਹਫ਼ਤੇ ’ਚ ਜਿਸ ਲਿਹਾਜ਼ ਨਾਲ ਬਿਜਲੀ ਦੀ ਖਪਤ ਅਤੇ ਮੰਗ ਵਧੀ ਹੈ ਉਸ ਤੋਂ ਜਾਪਦਾ ਹੈ ਕਿ ਗਰਮੀ ਦੇ ਸਿਖਰ ’ਤੇ ਬਿਜਲੀ ਦੀ ਖਪਤ ਸਿਖ਼ਰਾਂ ਛੂਹੇਗੀ। ਤਾਪਮਾਨ ਵਧਣ ਦੇ ਨਾਲ ਹੀ ਬਿਜਲੀ ਦੀ ਖਪਤ ਵੀ ਵਧਣ ਲੱਗੀ ਹੈ। ਇਸ ਸਬੰਧੀ ਪਾਵਰਕੌਮ ਨੇ ਅਗਾਊਂ ਇੰਤਜ਼ਾਮ ਕਰਨੇ ਸ਼ੁਰੂ ਕਰ ਦਿੱਤੇ ਹਨ ਅਤੇ ਕੋਈ ਬਿਜਲੀ ਕੱਟ ਨਾ ਲਾਉਣ ਦਾ ਫ਼ੈਸਲਾ ਕੀਤਾ ਹੈ। ਪਹਿਲੀ ਤੋਂ ਅੱਠ ਮਈ ਤੱਕ ਬਿਜਲੀ ਦੀ ਮੰਗ 10,062 ਮੈਗਾਵਾਟ ਨੂੰ ਛੂਹ ਗਈ ਹੈ ਜੋ ਪਿਛਲੇ ਵਰ੍ਹੇ ਦੇ ਮੁਕਾਬਲੇ 35 ਫ਼ੀਸਦੀ ਵੱਧ ਹੈ। ਪਾਵਰਕੌਮ ਲਈ ਝੋਨੇ ਦਾ ਸੀਜ਼ਨ ਪ੍ਰੀਖਿਆ ਤੇ ਚੁਣੌਤੀ ਬਣੇਗਾ। ਐਤਕੀਂ ਪਹਿਲੀ ਦਫ਼ਾ ਪੰਜਾਬ ਸਰਕਾਰ ਵੱਲੋਂ ਖ਼ਰੀਦਿਆ ਗੋਇੰਦਵਾਲ ਥਰਮਲ ਪਲਾਂਟ ਵੀ ਆਪਣੀ ਕਾਰਗੁਜ਼ਾਰੀ ਦਿਖਾਏਗਾ। ਵੇਰਵਿਆਂ ਅਨੁਸਾਰ 6 ਮਈ ਤੋਂ ਬਿਜਲੀ ਦੀ ਮੰਗ ਇਕਦਮ ਵਧੀ ਹੈ। ਪੰਜ ਮਈ ਨੂੰ ਬਿਜਲੀ ਦੀ ਮੰਗ 9038 ਮੈਗਾਵਾਟ ਸੀ ਜੋ ਅੱਠ ਮਈ ਨੂੰ ਵਧ ਕੇ 10,062 ਮੈਗਾਵਾਟ ਹੋ ਗਈ ਹੈ।
ਪਹਿਲੀ ਅਪਰੈਲ ਤੋਂ 8 ਮਈ 2024 ਤੱਕ ਦੇ ਕਰੀਬ ਸਵਾ ਮਹੀਨੇ ’ਤੇ ਨਜ਼ਰ ਮਾਰੀਏ ਤਾਂ ਬਿਜਲੀ ਦੀ ਮੰਗ ਵਿਚ 24 ਫ਼ੀਸਦੀ ਵਾਧਾ ਹੋਇਆ ਹੈ ਅਤੇ ਬਿਜਲੀ ਦੀ ਖਪਤ 13 ਫ਼ੀਸਦੀ ਵਧੀ ਹੈ। ਵਿੱਤੀ ਵਰ੍ਹਾ 2023-24 ਦੌਰਾਨ ਬਿਜਲੀ ਦੀ ਮੰਗ ਵਿਚ 7 ਫ਼ੀਸਦੀ ਵਾਧਾ ਹੋਇਆ ਹੈ। ਮੌਜੂਦਾ ਰੁਝਾਨ ਦੇਖੀਏ ਤਾਂ ਚਾਲੂ ਵਿੱਤੀ ਵਰ੍ਹੇ ਦੌਰਾਨ ਬਿਜਲੀ ਦੀ ਮੰਗ ਦੇ ਰਿਕਾਰਡ ਟੁੱਟ ਸਕਦੇ ਹਨ। ਪਿਛਲੇ ਵਰ੍ਹੇ ਵਿਚ ਬਿਜਲੀ ਦੀ ਮੰਗ 15,300 ਮੈਗਾਵਾਟ ਰਹੀ ਜਦੋਂ ਕਿ ਐਤਕੀਂ 16 ਹਜ਼ਾਰ ਮੈਗਾਵਾਟ ਨੂੰ ਪਾਰ ਕਰ ਸਕਦੀ ਹੈ। ਪਾਵਰਕੌਮ ਨੇ ਐਤਕੀਂ ਬੈਂਕਿੰਗ ਜ਼ਰੀਏ ਤਿੰਨ ਹਜ਼ਾਰ ਮੈਗਾਵਾਟ ਬਿਜਲੀ ਖ਼ਰੀਦਣ ਦੇ ਪ੍ਰਬੰਧ ਕੀਤੇ ਹਨ ਜਦੋਂਕਿ ਦਿਨ ਵਕਤ ਖੇਤੀ ਸੈਕਟਰ ਲਈ ਸੋਲਰ ਊਰਜਾ ਦੀ ਵਰਤੋਂ ਵਧਾਉਣ ਦੀ ਯੋਜਨਾ ਬਣਾਈ ਹੈ। ਇਸ ਵੇਲੇ ਤਾਪ ਬਿਜਲੀ ਘਰਾਂ ਵਾਸਤੇ ਕਰੀਬ 16 ਲੱਖ ਟਨ ਕੋਲਾ ਭੰਡਾਰ ਪਿਆ ਹੈ। ਪਾਵਰਕੌਮ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਵਾਰ ਝੋਨੇ ਦੇ ਸੀਜ਼ਨ ਵਾਸਤੇ 16,500 ਮੈਗਾਵਾਟ ਬਿਜਲੀ ਦੇ ਪ੍ਰਬੰਧ ਕੀਤੇ ਗਏ ਹਨ। ਟਰਾਂਸਮਿਸ਼ਨ ਸਮਰੱਥਾ ਵੀ 10 ਹਜ਼ਾਰ ਮੈਗਾਵਾਟ ਕਰ ਲਈ ਗਈ ਹੈ।
ਪਾਵਰਕੌਮ ਨੇ ਜੋ ਨਵਾਂ ਗੋਇੰਦਵਾਲ ਤਾਪ ਬਿਜਲੀ ਘਰ ਖ਼ਰੀਦਿਆ ਹੈ, ਉਸ ਤੋਂ ਅਪਰੈਲ ਮਹੀਨੇ ਵਿਚ ਪੈਦਾਵਾਰ ਪਿਛਲੇ ਸਾਲ ਦੇ ਮੁਕਾਬਲੇ 33 ਫ਼ੀਸਦੀ ਜ਼ਿਆਦਾ ਰਹੀ ਹੈ। ਲਹਿਰਾ ਮੁਹੱਬਤ ਅਤੇ ਰੋਪੜ ਤਾਪ ਬਿਜਲੀ ਘਰ ਤੋਂ ਪੈਦਾਵਾਰ ਵਿਚ 28 ਫ਼ੀਸਦੀ ਦਾ ਵਾਧਾ ਹੋਇਆ ਹੈ ਜਦੋਂ ਕਿ ਪ੍ਰਾਈਵੇਟ ਤਾਪ ਬਿਜਲੀ ਘਰਾਂ ਤੋਂ ਪੈਦਾਵਾਰ ਕਰੀਬ 6 ਫ਼ੀਸਦੀ ਤੱਕ ਘਟੀ ਹੈ। ਲਹਿਰਾ ਮੁਹੱਬਤ ਤਾਪ ਬਿਜਲੀ ਘਰ ਵਿਚ ਇਸ ਵੇਲੇ 24 ਦਿਨਾਂ ਦਾ ਕੋਲਾ ਪਿਆ ਹੈ ਜਦੋਂ ਕਿ ਰੋਪੜ ਥਰਮਲ ਅਤੇ ਗੋਇੰਦਵਾਲ ਥਰਮਲ ਵਿਚ 27-27 ਦਿਨ ਦਾ ਕੋਲਾ ਭੰਡਾਰ ਪਿਆ ਹੈ।

Advertisement

269 ਕਰੋੜ ਦੀ ਬਿਜਲੀ ਵੇਚੀ

ਪਾਵਰਕੌਮ ਨੇ ਅਪਰੈਲ ਤੋਂ 8 ਮਈ ਤੱਕ ਦੇ ਸਵਾ ਮਹੀਨੇ ਦੌਰਾਨ 269 ਕਰੋੜ ਰੁਪਏ ਦੀ ਬਿਜਲੀ ਨੂੰ ਐਕਸਚੇਂਜ ਵਿਚ ਵੇਚਿਆ ਹੈ। ਅਪਰੈਲ ਮਹੀਨੇ ਵਿਚ ਪਾਵਰਕੌਮ ਨੇ 8.55 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਵੇਚੀ ਹੈ ਜਦੋਂ ਕਿ ਮਈ ਦੇ ਪਹਿਲੇ ਹਫ਼ਤੇ ਵਿਚ 9.24 ਰੁਪਏ ਪ੍ਰਤੀ ਯੂਨਿਟ ਦੇ ਲਿਹਾਜ਼ ਨਾਲ ਬਿਜਲੀ ਵੇਚੀ ਹੈ। ਚੋਣਾਂ ਵਾਲੇ ਦਿਨ ਹੋਣ ਕਰਕੇ ਐਕਸਚੇਂਜ ਵਿਚ ਬਿਜਲੀ ਦੇ ਚੰਗੇ ਭਾਅ ਮਿਲੇ ਹਨ।

Advertisement
Author Image

joginder kumar

View all posts

Advertisement
Advertisement
×