ਤਰਨ ਤਾਰਨ: ਪੁਲੀਸ ਵੱਲੋਂ ਤਿੰਨ ਜਣੇ ਹਥਿਆਰਾਂ ਸਮੇਤ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਤਰਨ ਤਾਰਨ, 29 ਅਗਸਤ
ਪੁਲੀਸ ਨੇ ਪਿੰਡ ਪਿੱਦੀ ਨੇੜਿਓਂ ਹਥਿਆਰ ਦਿਖਾ ਕੇ ਲੋਕਾਂ ਤੋਂ ਫਿਰੌਤੀਆਂ ਦੀ ਮੰਗ ਕਰਦੇ ਅਤੇ ਹੋਰ ਅਪਰਾਧਿਕ ਵਾਰਦਾਤਾਂ ਕਰਨ ਵਾਲੇ ਤਿੰਨ ਮੁਲਜ਼ਮਾਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ| ਐੱਸਐੱਸਪੀ ਗੌਰਵ ਤੂਰਾ ਨੇ ਇਸ ਸਬੰਧੀ ਅੱਜ ਇੱਥੇ ਦੱਸਿਆ ਕਿ ਮੁਲਜ਼ਮਾਂ ਦੀ ਸ਼ਨਾਖਤ ਜੌਹਲ ਢਾਏਵਾਲਾ ਪਿੰਡ ਦੇ ਬਲਜਿੰਦਰ ਸਿੰਘ ਅਭੀ, ਪ੍ਰਿੰਸਪਾਲ ਸਿੰਘ ਅਤੇ ਮਨਪ੍ਰੀਤ ਸਿੰਘ ਸਾਜਨ ਦੇ ਤੌਰ ’ਤੇ ਕੀਤੀ ਗਈ ਹੈ| ਐੱਸਐੱਸਪੀ ਨੇ ਦੱਸਿਆ ਕਿ ਇੱਕ ਮੋਟਰਸਾਈਕਲ ’ਤੇ ਸਵਾਰ ਇਨ੍ਹਾਂ ਮੁਲਜ਼ਮਾਂ ਤੋਂ ਦੋ ਦੇਸੀ ਪਿਸਤੌਲ, ਤਿੰਨ ਮੈਗਜੀਨ ਅਤੇ 7 ਰੌਂਦ ਬਰਾਮਦ ਕੀਤੇ ਗਏ ਹਨ| ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਇਹ ਹਥਿਆਰ ਮੱਧ ਪ੍ਰਦੇਸ਼ ਤੋਂ ਲੈ ਕੇ ਆਏ ਸਨ ਅਤੇ ਇਨ੍ਹਾਂ ਹਥਿਆਰਾਂ ਨਾਲ ਉਨ੍ਹਾਂ ਨੇ ਮਿੱਥ ਕੇ (ਟਾਰਗੈੱਟ ਕਿਲਿੰਗ) ਕਤਲ ਕਰਨੇ ਸਨ| ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਦੇ ਤਾਰ ਵਿਦੇਸ਼ਾਂ ਵਿੱਚ ਬੈਠੇ ਜ਼ਿਲ੍ਹੇ ਨਾਲ ਸਬੰਧਤ ਗੈਂਗਸਟਰਾਂ ਨਾਲ ਵੀ ਜੁੜੇ ਹਨ ਜਿਹੜੇ ਇਲਾਕੇ ਅੰਦਰ ਲੋਕਾਂ ਤੋਂ ਫਿਰੌਤੀਆਂ ਲਈ ਗੋਲੀਆਂ ਚਲਾਉਂਦੇ ਆ ਰਹੇ ਹਨ| ਇਸ ਸਬੰਧੀ ਥਾਣਾ ਸਦਰ ਦੀ ਪੁਲੀਸ ਨੇ ਬੀਐੱਨਐੱਸ ਦੀ ਦਫ਼ਾ 303 (2) ਅਤੇ 317 (2) ਅਤੇ ਅਸਲਾ ਐਕਟ ਦੀ ਦਫ਼ਾ 25, 27, 54 ਤੇ 59 ਅਧੀਨ ਕੇਸ ਦਰਜ ਕੀਤਾ ਗਿਆ ਹੈ|