ਪੰਜਾਬੀ ’ਵਰਸਿਟੀ ’ਚ ਤਾਰਾ ਸਿੰਘ ਸੰਗੀਤ ਸੰਮੇਲਨ ਕਰਵਾਇਆ
ਸਰਬਜੀਤ ਸਿੰਘ ਭੰਗੂ
ਪਟਿਆਲਾ, 14 ਨਵੰਬਰ
ਪੰਜਾਬੀ ਯੂਨੀਵਰਸਿਟੀ ਵੱਲੋਂ ਸ਼ਾਸਤਰੀ ਸੰਗੀਤ ਦਾ 10ਵਾਂ ਦੋ ਰੋਜ਼ਾ ਪ੍ਰੋ. ਤਾਰਾ ਸਿੰਘ ਪਟਿਆਲਾ ਸੰਗੀਤ ਸੰਮੇਲਨ ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਸੰਮੇਲਨ ਵਿਚ ਕੌਮੀ ਅਤੇ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਕਲਾਕਾਰਾਂ ਨੇ ਆਪਣੇ ਗਾਇਨ ਅਤੇ ਵਾਦਨ ਦੀ ਪੇਸ਼ਕਾਰੀ ਦਿੱਤੀ। ਸੰਮੇਲਨ ਦਾ ਆਗ਼ਾਜ਼ ਵਿਭਾਗ ਦੇ ਵਿਦਿਆਰਥੀਆਂ ਵਲੋਂ ਉੱਘੇ ਸੰਗੀਤ ਵਿਦਵਾਨ ਅਤੇ ਰਚਨਾਕਾਰ ਪ੍ਰੋ. ਤਾਰਾ ਸਿੰਘ ਦੀਆਂ ਬੰਦਿਸ਼ਾਂ ਦੇ ਗਾਇਨ ਦੁਆਰਾ ਕੀਤਾ ਗਿਆ ਜਿਸ ਦੀ ਪੇਸ਼ਕਾਰੀ ਪ੍ਰੋ. ਨਿਵੇਦਿਤਾ ਉੱਪਲ ਦੀ ਨਿਗਰਾਨੀ ’ਚ ਸੰਪਨ ਹੋਈ। ਤਬਲਾ ਸੰਗਤੀ ਨਰਿੰਦਰਪਾਲ ਸਿੰਘ ਨੇ ਕੀਤੀ। ਮੁੱਖ ਮਹਿਮਾਨ ਵਜੋਂ ਸ਼ਿਰਕਤ ਅੰਬਾਲਾ ਕੈਂਟ ਦੀ ਪ੍ਰਸਿੱਧ ਸੰਗੀਤ ਸੰਸਥਾ ਸੰਗੀਤਾਲੋਕ ਦੇ ਪ੍ਰਧਾਨ ਸੋਮਦੇਵ ਗੁਪਤਾ ਅਤੇ ਸੇਵਾਮੁਕਤ ਪ੍ਰਿੰਸੀਪਲ ਡਾ. ਮਧੂ ਭਟਨਾਗਰ ਨੇ ਕੀਤੀ। ਮੁੰਬਈ ਤੋਂ ਪੁੱਜੇ ਡਾ. ਪ੍ਰਭਾ ਅਤਰੇ ਦੀ ਅਤਿਅੰਤ ਪ੍ਰਤਿਭਾਸ਼ਾਲੀ ਸ਼ਾਗਿਰਦ ਡਾ. ਚੇਤਨਾ ਪਾਠਕ ਨੇ ਆਪਣੇ ਸੁਲਝੇ ਹੋਏ ਮਧੁਰ ਗਾਇਨ ਦਾ ਆਰੰਭ ਰਾਗ ਮਧੁਵੰਤੀ ਨਾਲ ਕੀਤਾ ਅਤੇ ਇਸ ਵਿਚ ਤਿੰਨ ਰਚਨਾਵਾਂ ਦਾ ਗਾਇਨ ਕੀਤਾ। ਉਪਰੰਤ ਰਾਗ ਪੂਰੀਆ ਧਨਾਸਰੀ ਵਿਚ ਦੋ ਬੰਦਿਸ਼ਾਂ ਦੇ ਗਾਇਨ ਤੋਂ ਬਾਅਦ ਅੰਤ ਵਿਚ ‘ਜਮੁਨਾ ਕਿਨਾਰੇ ਮੋਰਾ ਗਾਂਵ’ ਮਨਮੋਹਕ ਦਾਦਰਾ ਸ਼ੈਲੀ ਦੀ ਪੇਸ਼ਕਾਰੀ ਦਿੱਤੀ। ਹਾਰਮੋਨੀਅਮ ’ਤੇ ਸੁਚੱਜੀ ਸੰਗਤੀ ਡਾ. ਤਰੁਨ ਜੋਸ਼ੀ ਨੇ ਅਤੇ ਤਬਲਾ ਸੰਗਤੀ ਜੈਦੇਵ ਨੇ ਪ੍ਰਦਾਨ ਕੀਤੀ। ਪ੍ਰੋ. ਤਾਰਾ ਸਿੰਘ ਦੀ ਧੀ ਕਮਲ ਨੈਨ ਸੋਹਲ ਨੇ ਵਿਸ਼ੇਸ਼ ਰੂਪ ਵਿਚ ਸ਼ਿਰਕਤ ਕੀਤੀ। ਲੁਧਿਆਣਾ ਤੋਂ ਪੁੱਜੇ ਪੰਜਾਬ ਦੇ ਵਿਖਿਆਤ ਸੰਗੀਤਕਾਰ ਪ੍ਰੋ. ਚਮਨ ਲਾਲ ਭੱਲਾ ਨੇ ਗਾਇਨ ਪੇਸ਼ਕਾਰੀ ਦਿੱਤੀ। ਸੰਗੀਤ ਦੇ ਪ੍ਰਚਾਰ ਨੂੰ ਸਮਰਪਿਤ ਪ੍ਰੋ. ਭੱਲਾ ਨੇ ਰਾਗ ਪੂਰੀਆ ਧਨਾਸਰੀ ਵਿਚ ਰਚਨਾਵਾਂ ਦਾ ਮਧੁਰ ਗਾਇਨ ਕੀਤਾ। ਤਬਲੇ ’ਤੇ ਸੰਗਤੀ ਨਰਿੰਦਰ ਪਾਲ ਸਿੰਘ ਅਤੇ ਹਾਰਮੋਨੀਅਮ ’ਤੇ ਜਨਾਬ ਅਲੀ ਅਕਬਰ ਰਹੇ।
ਸੰਮੇਲਨ ਦਾ ਮੁੱਖ ਆਕਰਸ਼ਣ ਪੁਨੇ ਤੋਂ ਪੁੱਜੇ ਸਿਤਾਰ ਵਾਦਕ ਉਸਤਾਦ ਸ਼ਾਕਿਰ ਖ਼ਾਨ ਨੇ ਅਤਿਅੰਤ ਪ੍ਰਭਾਵਸਾਲੀ ਸਿਤਾਰ ਵਾਦਨ ਪੇਸ਼ ਕੀਤਾ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦੇ ਹੋਏ ਅਸਿਸਟੈਂਟ ਕਮਿਸ਼ਨਰ ਜਨਰਲ ਪਟਿਆਲਾ ਕਿਰਪਾਲਵੀਰ ਸਿੰਘ ਨੇ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ। ਮੁਖੀ ਡਾ. ਅਲੰਕਾਰ ਸਿੰਘ ਨੇ ਦੱਸਿਆ ਕਿ ਇਹ ਸੰਮੇਲਨ ਪ੍ਰੋ. ਤਾਰਾ ਸਿੰਘ ਦੇ ਪਰਿਵਾਰ ਦੇ ਸਹਿਯੋਗ ਨਾਲ ਕਰਵਾਇਆ ਜਾਂਦਾ ਹੈ। ਇਸ ਮੌਕੇ ਪ੍ਰੋ. ਨਿਵੇਦਿਤਾ ਉੱਪਲ, ਪ੍ਰੋ. ਰਜਿੰਦਰ ਗਿੱਲ, ਪ੍ਰੋ. ਸੁਰਜੀਤ ਸਿੰਘ ਭੱਟੀ ਤੇ ਮਨਮੋਹਨ ਸ਼ਰਮਾ ਆਦਿ ਹਾਜ਼ਰ ਸਨ।