ਟੈਂਕੀ ਮੋਰਚਾ: ਆਜ਼ਾਦੀ ਘੁਲਾਟੀਏ ਦੇ ਪੋਤਰੇ ਵੱਲੋਂ ਭੁੱਖ ਹੜਤਾਲ ਸ਼ੁਰੂ
ਬੀਰਬਲ ਰਿਸ਼ੀ
ਸ਼ੇਰਪੁਰ, 19 ਫਰਵਰੀ
ਆਜ਼ਾਦੀ ਘੁਲਾਟੀਏ ਪੰਡਿਤ ਬਚਨ ਸਿੰਘ ਘਨੌਰ ਦੇ ਟੈਂਕੀ ’ਤੇ ਡਟੇ ਦੋਵੇਂ ਪੋਤਰਿਆਂ ਵੱਲੋਂ ਸ਼ੁਰੂ ਕੀਤੀ ਲੜੀਵਾਰ ਭੁੱਖ ਹੜਤਾਲ ਦੇ ਪਹਿਲੇ ਦਿਨ ਅੱਜ ਪਰਮਜੀਤ ਸਿੰਘ ਭੁੱਖ ਹੜਤਾਲ ’ਤੇ ਬੈਠਿਆ ਜਦੋਂ ਕਿ ਛੋਟੇ ਭਰਾ ਕਰਮਜੀਤ ਸਿੰਘ ਨੇ 20 ਫਰਵਰੀ ਨੂੰ ਭੁੱਖ ਹੜਤਾਲ ਕੀਤੇ ਜਾਣ ਦਾ ਦਾਅਵਾ ਕੀਤਾ ਹੈ। ਦੋਵੇਂ ਭਰਾਵਾਂ ਦਾ ਸਰਕਾਰ ਨਾਲ ਸ਼ਿਕਵਾ ਹੈ ਕਿ ਅੱਤ ਠੰਢ, ਮੀਂਹ, ਹਨੇਰੀ, ਗੜਿਆਂ ਦਾ ਸੰਤਾਪ ਹੱਡੀ ਹੰਢਾਉਂਦਿਆ ਇੱਕ ਮਹੀਨੇ ਤੋਂ ਵੱਧ ਸਮਾਂ ਹੋ ਜਾਣ ਦੇ ਬਾਵਜੂਦ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਉਂਜ ਉਨ੍ਹਾਂ ਹੱਕੀ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਜਾਰੀ ਰੱਖਣ ਦਾ ਕੀਤਾ ਦਾਅਵਾ ਮੁੜ ਦੁਹਰਾਇਆ।
ਟੈਂਕੀ ਮੋਰਚੇ ’ਤੇ ਡਟੇ ਕਰਮਜੀਤ ਸਿੰਘ ਨੇ ਦੱਸਿਆ ਕਿ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀਆਂ ਮੰਗਾਂ ਸਬੰਧੀ ਧਾਰੀ ਚੁੱਪ ਵਿਰੁੱਧ ਉਨ੍ਹਾਂ ਸੰਘਰਸ਼ ਨੂੰ ਹੋਰ ਤੇਜ਼ ਕਰਦਿਆਂ ਅੱਜ ਪਹਿਲੇ ਦਿਨ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਉਨ੍ਹਾਂ ਦੇ ਦਾਦਾ ਪੰਡਿਤ ਬਚਨ ਸਿੰਘ ਘਨੌਰ ਦੇ ਨਾਮ ’ਤੇ ਸਰਕਾਰੀ ਹਸਪਤਾਲ ਘਨੌਰ ਦਾ ਨਾਮ ਰੱਖਣ ਸਬੰਧੀ ਜਾਰੀ ਹੋਇਆ ਪੱਤਰ ਇਸ ਪ੍ਰਤੀਨਿਧ ਨੂੰ ਦਿਖਾਉਂਦਿਆਂ ਕਿਹਾ ਕਿ ਸਿਹਤ ਵਿਭਾਗ ਨੂੰ ਇਸ ਪੱਤਰ ਸਬੰਧੀ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ। ਸੁਤੰਤਰਤਾ ਸੈਨਾਨੀ ਉੱਤਰਾਧਿਕਾਰੀ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਿੰਦਰਪਾਲ ਸਿੰਘ ਖਾਲਸਾ ਨੇ ਦੱਸਿਆ ਕਿ ਘਨੌਰ ਮਾਮਲੇ ਦੇ ਹੱਲ ਲਈ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨਾਲ ਬਕਾਇਦਾ ਦੋ ਮੀਟਿੰਗਾਂ ਹੋ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਪੰਡਿਤ ਬਚਨ ਸਿੰਘ ਘਨੌਰ ਦੇ ਨਾਮ ’ਤੇ ਸਰਕਾਰੀ ਹਸਪਤਾਲ ਧੂਰੀ ਦਾ ਨਾਮ ਰੱਖੇ ਜਾਣ ਸਬੰਧੀ ਮੰਤਰੀ ਸ੍ਰੀ ਜੌੜਾਮਾਜਰਾ ਵੱਲੋਂ ਸਿਹਤ ਵਿਭਾਗ ਦੇ ਮਹਿਲਾ ਉੱਚ ਅਧਿਕਾਰੀ ਨੂੰ ਮਾਮਲੇ ਦੀ ਨਿਪਟਾਰੇ ਦੀ ਹਦਾਇਤ ਕੀਤੀ ਗਈ ਸੀ ਜਿਸ ਦੇ ਮੱਦੇਨਜ਼ਰ ਵਿਭਾਗ ਦੀ ਪੰਜ ਮੈਂਬਰੀ ਗਠਿਤ ਕਮੇਟੀ ਮਾਮਲੇ ਨੂੰ ਵਾਚ ਕਰੇਗੀ ਅਤੇ ਇਸੇ ਹਫ਼ਤੇ ਇਸ ਮਾਮਲੇ ਦੇ ਹੱਲ ਹੋਣ ਦੀ ਸੰਭਾਵਨਾ ਬਲਵਾਨ ਹੈ।