ਅਨਾਜ ਮੰਡੀ ਘਨੌਲੀ ਦਾ ਫੜ੍ਹ ਬਣਿਆ ਟੈਂਕਰ ਯਾਰਡ
ਜਗਮੋਹਨ ਸਿੰਘ
ਘਨੌਲੀ, 20 ਅਗਸਤ
ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਤੋਂ ਹਿਮਾਚਲ ਪ੍ਰਦੇਸ਼ ਦੀ ਏਸ਼ੀਅਨ ਕੰਕਰੀਟਸ ਫੈਕਟਰੀ ਲਈ ਸੁਆਹ ਲੈ ਕੇ ਜਾਂਦੇ ਡਰਾਈਵਰਾਂ ਨੇ ਸੁਆਹ ਦੇ ਭਰੇ ਟੈਂਕਰ ਅਨਾਜ ਮੰਡੀ ਘਨੌਲੀ ਵਿਚ ਖੜ੍ਹਾਉਣੇ ਸ਼ੁਰੂ ਕਰ ਦਿੱਤੇ ਹਨ। ਇਸ ਸਬੰਧੀ ਅਨਾਜ ਮੰਡੀ ਘਨੌਲੀ ਦੇ ਪ੍ਰਧਾਨ ਨਰਿੰਦਰਪਾਲ ਸਿੰਘ ਨੇ ਦੱਸਿਆ ਕਿ ਪੰਜ ਪ੍ਰਾਈਵੇਟ ਟਰਾਂਸਪੋਰਟਰਾਂ ਦੇ ਟੈਂਕਰ ਹਿਮਾਚਲ ਪ੍ਰਦੇਸ਼ ਦੀ ਏਸ਼ੀਅਨ ਕੰਕਰੀਟਸ ਫੈਕਟਰੀ ਨੂੰ ਸੁਆਹ ਲੈ ਕੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਟੈਂਕਰ ਚਾਲਕ ਪਹਿਲਾਂ ਆਪਣੇ ਟਿੱਪਰਾਂ ਨੂੰ ਪਿੰਡ ਬਿੱਕੋਂ ਨੇੜੇ ਸੜਕ ਦੇ ਦੋਵੇਂ ਕਿਨਾਰਿਆਂ ’ਤੇ ਖੜ੍ਹਾ ਕਰ ਦਿੰਦੇ ਸਨ, ਜਿਸ ਕਰ ਕੇ ਆਵਾਜਾਈ ਵਿੱਚ ਵਿਘਨ ਪੈਣ ਲੱਗ ਪਿਆ ਸੀ। ਜਦੋਂ ਦੁਖੀ ਹੋਏ ਇਲਾਕਾ ਵਾਸੀਆਂ ਨੇ ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੂੰ ਸੱਦ ਕੇ ਮੌਕਾ ਵਿਖਾਇਆ ਤਾਂ ਉਨ੍ਹਾਂ ਪੁਲੀਸ ਅਧਿਕਾਰੀਆਂ ਨੂੰ ਕਾਰਵਾਈ ਕਰਨ ਦੀ ਹਦਾਇਤ ਕੀਤੀ ਸੀ, ਜਿਸ ਤੋਂ ਬਾਅਦ ਇਨ੍ਹਾਂ ਟੈਂਕਰ ਚਾਲਕਾਂ ਨੇ ਆਪਣੇ ਟੈਂਕਰ ਅਨਾਜ ਮੰਡੀ ਘਨੌਲੀ ਵਿਚ ਖੜ੍ਹਾਉਣੇ ਸ਼ੁਰੂ ਕਰ ਦਿੱਤੇ, ਜਿਸ ਸਬੰਧੀ ਟਰਾਂਸਪੋਰਟਰਾਂ ਵੱਲੋਂ ਨਾ ਤਾਂ ਕਿਸੇ ਆੜ੍ਹਤੀ ਨੂੰ ਪੁੱਛਿਆ ਗਿਆ ਹੈ ਅਤੇ ਨਾ ਹੀ ਕਿਸੇ ਮਹਿਕਮੇ ਤੋਂ ਕੋਈ ਪ੍ਰਵਾਨਗੀ ਪ੍ਰਾਪਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਭਾਰੀ ਟੈਂਕਰਾਂ ਦੇ ਖੜ੍ਹਨ ਨਾਲ ਮੰਡੀ ਦੇ ਫੜ੍ਹ ਵਿੱਚ ਟੋਏ ਪੈਣੇ ਸ਼ੁਰੂ ਹੋ ਚੁੱਕੇ ਹਨ, ਜਿਸ ਨਾਲ ਆਉਣ ਵਾਲੇ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਤੇ ਆੜ੍ਹਤੀਆਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੇ ਸਬੰਧਤ ਮਹਿਕਮੇ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਮੰਡੀ ਵਿੱਚ ਬਿਨਾਂ ਪ੍ਰਵਾਨਗੀ ਟੈਂਕਰ ਖੜ੍ਹੇ ਕਰਨ ਵਾਲੇ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।
ਮਾਮਲਾ ਅੱਜ ਹੀ ਧਿਆਨ ਵਿੱਚ ਆਇਆ: ਮੰਡੀ ਸੁਪਰਵਾਈਜ਼ਰ
ਇਸ ਸਬੰਧੀ ਮੰਡੀ ਸੁਪਰਵਾਈਜ਼ਰ ਗੁਲਜ਼ਾਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਆੜ੍ਹਤੀਆਂ ਵੱਲੋਂ ਅੱਜ ਹੀ ਇਹ ਮਸਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਅਤੇ ਉਹ ਸਵੇਰੇ ਮੌਕਾ ਵੇਖਣ ਉਪਰੰਤ ਬਣਦੀ ਕਾਰਵਾਈ ਕਰਨਗੇ।