For the best experience, open
https://m.punjabitribuneonline.com
on your mobile browser.
Advertisement

‘ਤਨਹਾ ਚਾਂਦ’ ਮੀਨਾ ਕੁਮਾਰੀ

08:57 AM Oct 05, 2024 IST
‘ਤਨਹਾ ਚਾਂਦ’ ਮੀਨਾ ਕੁਮਾਰੀ
Advertisement

ਪਰਮਜੀਤ ਸਿੰਘ ਨਿੱਕੇ ਘੁੰਮਣ

Advertisement

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜ਼ਿਆਦਾਤਰ ਸਿਨੇਮਾ ਪ੍ਰੇਮੀ ਮੀਨਾ ਕੁਮਾਰੀ ਨੂੰ ਬਾਕਮਾਲ ਅਦਾਕਾਰਾ ਵਜੋਂ ਜਾਣਦੇ ਤੇ ਪਛਾਣਦੇ ਹਨ ਅਤੇ ਉਸ ਦੀ ਦਿਲ ਨੂੰ ਧੂਹ ਪਾਉਣ ਵਾਲੀ ਅਦਾਕਾਰੀ ਦੇ ਮੁਰੀਦ ਹਨ। ਬਹੁਤ ਘੱਟ ਲੋਕ ਜਾਣਦੇ ਹਨ ਕਿ ਮੀਨਾ ਕੁਮਾਰੀ ਇੱਕ ਪਾਏਦਾਰ ਸ਼ਾਇਰਾ ਵੀ ਸੀ ਤੇ ਉਸ ਦੇ ਸ਼ਿਅਰ ਉਸ ਦੇ ਦਿਲ ਦੇ ਜ਼ਖ਼ਮਾਂ ’ਚੋਂ ਰਿਸਦੇ ਜਜ਼ਬਾਤਾਂ ਦੇ ਲਹੂ ਦੀ ਗਵਾਹੀ ਭਰਦੇ ਹਨ। 31 ਮਾਰਚ 1971 ਨੂੰ ਇਸ ਫ਼ਾਨੀ ਜਹਾਨ ਨੂੰ ਅਲਵਿਦਾ ਆਖ ਕੇ ਟੁਰ ਜਾਣ ਵਾਲੀ ਮਹਿਜ਼ਬੀਂ ਉਰਫ਼ ਮੀਨਾ ਕੁਮਾਰੀ ਨੇ ਆਪਣੀ ਮੌਤ ਤੋਂ ਠੀਕ ਇੱਕ ਸਾਲ ਪਹਿਲਾਂ ਸ਼ਾਇਰ ਗੁਲਜ਼ਾਰ ਦੀ ਮਦਦ ਨਾਲ ਆਪਣੀ ਸ਼ਾਇਰੀ ਦਾ ਸੰਗ੍ਰਹਿ ‘ਤਨਹਾ ਚਾਂਦ’ ਸਿਰਲੇਖ ਹੇਠ ਛਪਵਾਇਆ ਸੀ ਜੋ ਕਿ ਉਸ ਦੀ ਬੌਲੀਵੁੱਡ ਦੀ ਚਮਕ-ਦਮਕ ਅਤੇ ਸ਼ੁਹਰਤ ਭਰੀ ਜ਼ਿੰਦਗੀ ਦੇ ਪਿੱਛੇ ਲੁਕੀ ਉਸ ਦੀ ਤਨਹਾਈ ਨੂੰ ਬਿਆਨ ਕਰ ਗਿਆ।
ਉਸ ਨੂੰ ਨਾ ਕੇਵਲ ਉਸ ਦੇ ਸ਼ੌਹਰ ਜਨਾਬ ਕਮਾਲ ਅਮਰੋਹੀ ਨੇ ਹੀ ਤਿਆਗ ਦਿੱਤਾ ਸੀ ਸਗੋਂ ਅਦਾਕਾਰ ਧਰਮਿੰਦਰ, ਨਿਰਦੇਸ਼ਕ ਸਾਵਨ ਕੁਮਾਰ ਅਤੇ ਸ਼ਾਇਰ, ਲੇਖਕ ਤੇ ਨਿਰਦੇਸ਼ਕ ਗੁਲਜ਼ਾਰ ਨੇ ਵੀ ਉਸ ਨੂੰ ਚੰਦ ਦਿਨਾਂ ਦੀ ਮੁਹੱਬਤ ਦੇ ਸੁਫ਼ਨੇ ਵਿਖਾ ਕੇ ਫਿਰ ਇਕੱਲੀ ਛੱਡ ਦਿੱਤਾ ਸੀ। ਉਸ ਦੀ ਜ਼ਿੰਦਗੀ ਦੇ ਆਖ਼ਰੀ ਪਲ ਤਨਹਾਈ ਦੀ ਆਗ਼ੋਸ਼ ਵਿੱਚ ਹੀ ਗੁਜ਼ਰੇ ਸਨ। ਉਸ ਨੇ ਆਪਣੀ ਤਨਹਾਈ ਬਿਆਨਦਿਆਂ ਲਿਖਿਆ ਸੀ;
ਜ਼ਿੰਦਗੀ ਕਿਆ ਇਸੀ ਕੋ ਕਹਿਤੇ ਹੈਂ
ਜਿਸਮ ਤਨਹਾ ਔਰ ਜਾਨ ਤਨਹਾ।
ਹਮਸਫ਼ਰ ‘ਗਰ ਮਿਲਾ ਭੀ ਕੋਈ ਕਹੀਂ
ਤੋ ਦੋਨੋ ਚਲਤੇ ਰਹੇ ਤਨਹਾ-ਤਨਹਾ।
ਰਾਹ ਦੇਖਾ ਕਰੋਗੇ ਸਦੀਓਂ ਤਲਕ
ਛੋੜ ਜਾਏਂਗੇ ਯੇ ਜਹਾਂ ਤਨਹਾ।
ਮੀਨਾ ਕੁਮਾਰੀ ਸਿਰਫ਼ 36 ਸਾਲ ਦੀ ਜਿਊਂਦੀ ਰਹੀ। ਬਚਪਨ ਗ਼ੁਰਬਤ ਦੀਆਂ ਠੋਕਰਾਂ ਵਿੱਚ ਬੀਤਿਆ ਸੀ ਤੇ ਗੁੱਡੀਆਂ-ਪਟੋਲਿਆਂ ਨਾਲ ਖੇਡਣ ਦੀ ਉਮਰੇ ਉਸ ਨੂੰ ਘਰ ਦਾ ਗੁਜ਼ਾਰਾ ਤੋਰਨ ਲਈ ਫਿਲਮਾਂ ਵਿੱਚ ਬਤੌਰ ਬਾਲ ਕਲਾਕਾਰ ਕੰਮ ਕਰਨਾ ਪਿਆ ਸੀ। ਬਤੌਰ ਸਹਿ-ਨਾਇਕਾ-‘ਸਨਮ’, ‘ਮਗਰੂਰ’, ‘ਪੀਆ ਘਰ ਆ ਜਾ’ ਆਦਿ ਫਿਲਮਾਂ ਕਰਨ ਪਿੱਛੋਂ ਮੀਨਾ ਨੇ ਬਤੌਰ ਨਾਇਕਾ ਫਿਲਮ ‘ਬੈਜੂ ਬਾਵਰਾ’ ਕੀਤੀ ਤੇ ਆਪਣੀ ਬਿਹਤਰੀਨ ਕਲਾਕਾਰੀ ਸਦਕਾ ‘ਬਿਹਤਰੀਨ ਅਦਾਕਾਰਾ’ ਦਾ ਫਿਲਮ ਫੇਅਰ ਐਵਾਰਡ ਹਾਸਲ ਕਰਨ ਵਿੱਚ ਕਾਮਯਾਬ ਰਹੀ। ਉਸ ਨੇ ‘ਬੇਨਜ਼ੀਰ’, ‘ਦਾਇਰਾ’, ‘ਪਰਿਣੀਤਾ’, ‘ਸ਼ਾਰਦਾ’, ‘ਏਕ ਹੀ ਰਾਸਤਾ’, ‘ਸਾਹਿਬ ਬੀਵੀ ਔਰ ਗੁਲਾਮ’, ‘ਦਿਲ ਅਪਨਾ ਔਰ ਪ੍ਰੀਤ ਪਰਾਈ’, ‘ਕਾਜਲ’, ‘ਆਰਤੀ’, ‘ਮੈਂ ਚੁੱਪ ਰਹੂੰਗੀ’, ‘ਪਾਕੀਜ਼ਾ’ ਆਦਿ ਜਿਹੀਆਂ ਸ਼ਾਹਕਾਰ ਫਿਲਮਾਂ ਕਰਕੇ ਕਈ ਐਵਾਰਡ ਵੀ ਜਿੱਤੇ ਸਨ ਤੇ ਲੱਖਾਂ ਦਰਸ਼ਕਾਂ ਦੇ ਦਿਲ ਜਿੱਤਣ ਵਿੱਚ ਵੀ ਕਾਮਯਾਬ ਰਹੀ ਸੀ।
ਆਪਣੇ 33 ਸਾਲ ਦੇ ਫਿਲਮੀਂ ਕਰੀਅਰ ਵਿੱਚ ਉਸ ਨੇ ਕੁਲ 92 ਕੁ ਫਿਲਮਾਂ ਵਿੱਚ ਕੰਮ ਕੀਤਾ ਸੀ। ਮੀਨਾ ਮੰਨਦੀ ਸੀ ਕਿ ਉਸ ਦੀ ਜ਼ਿੰਦਗੀ ਵੀਰਾਨਗੀ ਤੇ ਫਿੱਕੇਪਣ ਨਾਲ ਭਰੀ ਹੋਈ ਸੀ। ਉਸ ਨੇ ਲਿਖਿਆ ਸੀ;
ਤੁਮ ਕਿਆ ਕਰੋਗੇ ਸੁਨ ਕਰ ਮੁਝ ਸੇ ਮੇਰੀ ਕਹਾਨੀ।
ਬੇਲੁਤਫ਼ ਜ਼ਿੰਦਗੀ ਕੇ ਕਿੱਸੇ ਹੈਂ ਫੀਕੇ-ਫੀਕੇ।
***
ਕਹਾਂ ਸ਼ੁਰੂ ਹੂਏ ਯੇ ਸਿਲਸਿਲੇ ਕਹਾਂ ਟੂਟੇ
ਨਾ ਇਸ ਸਿਰੇ ਕਾ ਪਤਾ ਨਾ ਵੋ ਸਿਰਾ ਮਾਲੂਮ।
ਉਹ ਆਪਣੇ ਦਿਲ ਦੇ ਵੀਰਾਨ ਵਿੱਚ ਬਹਾਰ ਦੀ ਉਡੀਕ ਕਰਿਆ ਕਰਦੀ ਸੀ। ਉਸ ਨੂੰ ਸ਼ਾਇਦ ਆਸ ਸੀ ਜਾਂ ਉਸ ਦੀ ਖ਼ਾਹਿਸ਼ ਸੀ ਕਿ ਉਸ ਦੇ ਬੇਕਰਾਰ ਦਿਲ ਨੂੰ ਤੇ ਬੇਚੈਨ ਰੂਹ ਨੂੰ ਕਰਾਰ ਦੇਣ ਸ਼ਾਇਦ ਕੋਈ ਆਏਗਾ, ਪਰ ਬਦਕਿਸਮਤੀ ਇਹ ਰਹੀ ਕਿ ਉਸ ਦੀ ਬੇਕਰਾਰ ਰੂਹ ਇਸ ਜਹਾਨ ਤੋਂ ਟੁਰ ਗਈ, ਪਰ ਕਰਾਰ ਦੇਣ ਵਾਲਾ ਕੋਈ ਵੀ ਨਾ ਬਹੁੜਿਆ ਤੇ ਸਾਰੇ ਰਿਸ਼ਤੇ ਮਤਲਬੀ ਨਿਕਲੇ। ਮੀਨਾ ਨੇ ਲਿਖਿਆ ਸੀ;
ਯੂੰ ਤੇਰੀ ਰਹਿਗੁਜ਼ਰ ਸੇ ਦੀਵਾਨਾ-ਵਾਰ ਗੁਜ਼ਰੇ
ਕੰਧੇ ਪੇ ਅਪਨੇ ਰਖ ਕੇ ਅਪਨਾ ਮਜ਼ਾਰ ਗੁਜ਼ਰੇ।
ਬੈਠੇ ਹੈਂ ਰਸਤੇ ਮੇਂ ਦਿਲ ਕਾ ਖਾਨਦਾਰ ਸਜਾ ਕਰ
ਸ਼ਾਇਦ ਇਸੀ ਤਰਫ਼ ਸੇ ਏਕ ਦਿਨ ਬਹਾਰ ਗੁਜ਼ਰੇ।
***
ਤੇਰੇ ਕਦਮੋਂ ਕੀ ਆਹਟ ਕੋ ਯੇ ਦਿਲ ਢੂੰਢਤਾ ਹੈ ਹਰ ਦਮ
ਹਰ ਏਕ ਆਵਾਜ਼ ਪਰ ਏਕ ਥਰਥਰਾਹਟ ਹੋਤੀ ਜਾਤੀ ਹੈ।
ਬੇਵਫ਼ਾਈ ਤੇ ਬੇਰੁਖੀ ਦੇ ਦਰਦ ਨੂੰ ਮਹਿਸੂਸ ਕਰਦਿਆਂ ਮੀਨਾ ਨੇ ਲਿਖਿਆ ਸੀ;
ਖ਼ੁਦਾ ਕੇ ਵਾਸਤੇ ਗ਼ਮ ਕੋ ਭੀ ਤੁਮ ਨਾ ਬਹਿਲਾਓ
ਇਸੇ ਤੋ ਰਹਿਨੇ ਦੋ ਮੇਰਾ, ਯਹੀ ਤੋ ਮੇਰਾ ਹੈ।
***
ਉਦਾਸੀਓਂ ਨੇ ਮੇਰੀ ਆਤਮਾ ਕੋ ਘੇਰਾ ਹੈ
ਰੂਪਹਿਲੀ ਚਾਂਦਨੀ ਹੈ ਔਰ ਘਨਾ ਅੰਧੇਰਾ ਹੈ।
ਪੰਜਾਬੀ ਦੇ ਪ੍ਰਸਿੱਧ ਸ਼ਾਇਰ ਤੇ ਨਿੱਕੀ ਉਮਰੇ ਹੀ ਵੱਡੇ ਦਰਦ ਹੰਢਾਉਣ ਵਾਲੇ ਤੇ ‘ਬਿਰਹਾ ਦਾ ਸੁਲਤਾਨ’ ਦਾ ਲਕਬ ਹਾਸਲ ਕਰ ਕੇ ਇਸ ਜਹਾਨ ਤੋਂ ਰੁਖ਼ਸਤ ਹੋ ਜਾਣ ਵਾਲੇ ਸ਼ਿਵ ਕੁਮਾਰ ਬਟਾਲਵੀ ਵਾਂਗ ਹੀ ਅਧੂਰੀ ਮੁਹੱਬਤ ਦੇ ਅਹਿਸਾਸ ਵਿੱਚ ਡੁੱਬੀ ਮੀਨਾ ਕੁਮਾਰੀ ਵੀ ਸ਼ਿਵ ਵਾਂਗ ਮੁਹੱਬਤ ਨੂੰ ਮੌਤ ਨਾਲ ਜੋੜ ਕੇ ਵੇਖਦੀ ਸੀ। ਮੌਤ ਦੀ ਆਗ਼ੋਸ਼ ਵਿੱਚ ਸਮਾਉਣ ਦੀ ਚਾਹਤ ਪ੍ਰਗਟਾਉਂਦਿਆਂ ਮੀਨਾ ਨੇ ਕਿਹਾ ਸੀ;
ਮੌਤ ਕਹਿ ਲੋ, ਜੋ ਮੁਹੱਬਤ ਨਹੀਂ ਕਹਿਨੇ ਪਾਓ
ਉਸੀ ਕਾ ਨਾਮ ਮੁਹੱਬਤ ਹੈ, ਜਿਸਕਾ ਨਾਮ ਮੌਤ ਹੈ।
ਸੋ ਮੀਨਾ ਦੀ ਅਦਾਕਾਰੀ ਅਤੇ ਸ਼ਾਇਰੀ ਤਾਂ ਪੂਰੀ ਸੀ, ਪਰ ਉਸ ਦੀ ਮੁਹੱਬਤ ਅਧੂਰੀ ਸੀ। ਆਪਣੀ ਮੁਹੱਬਤ ਦੇ ਅਧੂਰੇਪਣ ਨੂੰ ਬਿਆਨ ਕਰਦਿਆਂ ਉਹ ਯਾਦ ਕਰਨ ਦੀ ਕੋਸ਼ਿਸ਼ ਕਰਦੀ ਸੀ ਕਿ ਮੁਹੱਬਤ ਵਿੱਚ ਆਖ਼ਿਰ ਕਮੀ ਕਿੱਥੇ ਰਹਿ ਗਈ ਸੀ? ਉਸ ਦੇ ਬੋਲ ਸਨ;
ਆਹ! ਰੂਹ ਬੋਝਲ ਬੋਝਲ
ਕਹਾਂ ਪੇ ਹਾਥ ਸੇ ਕੁਛ ਛੂਟ ਗਿਆ, ਯਾਦ ਨਹੀਂ।
ਸੰਪਰਕ: 97816-46008

Advertisement

Advertisement
Author Image

joginder kumar

View all posts

Advertisement