ਟੰਡਨ ਸਕੂਲ ਦੇ ਬੱਚਿਆਂ ਨੇ ਚਾਈਨਾ ਡੋਰ ਨਾ ਵਰਤਣ ਦੀ ਸਹੁੰ ਚੁੱਕੀ
ਨਿੱਜੀ ਪੱਤਰ ਪ੍ਰੇਰਕ
ਬਰਨਾਲਾ, 1 ਫਰਵਰੀ
ਟੰਡਨ ਇੰਟਰਨੈਸ਼ਨਲ ਸਕੂਲ ਵਿੱਚ ਅੱਜ ਵਿਦਿਆਰਥੀਆਂ ਨੂੰ ਬਸੰਤ ਮੌਕੇ ਚਾਈਨਾ ਡੋਰ ਨਾਲ ਪਤੰਗ ਨਾ ਉਡਾਉਣ ਦੀ ਸਹੁੰ ਚੁਕਾਈ ਗਈ। ਵਿਦਿਆਰਥੀਆਂ ਨੇ ਚਾਈਨਾ ਡੋਰ ਖ਼ਤਰਨਾਕ ਹੈ, ਦੇ ਸਲੋਗਨ ਵਾਲੇ ਪੋਸਟਰ ਬਣਾਏ। ਅਧਿਆਪਕਾਂ ਨੇ ਬੱਚਿਆਂ ਨੂੰ ਜਾਗਰੂਕ ਕਰਨ ਲਈ ਹਰ ਉਹ ਤਰੀਕਾ ਦੱਸਿਆ ਗਿਆ ਜਿਸ ਨਾਲ ਬੱਚਿਆਂ ਵਿੱਚ ਇਸ ਡੋਰ ਪ੍ਰਤੀ ਡਰ ਪੈਦਾ ਹੋਵੇ ਅਤੇ ਇਸ ਡੋਰ ਨੂੰ ਖਰੀਦਣ ਤੋਂ ਪ੍ਰਹੇਜ਼ ਕਰਨ। ਪ੍ਰਿੰਸੀਪਲ ਵੀਕੇ ਸ਼ਰਮਾ ਅਤੇ ਵਾਈਸ ਪ੍ਰਿੰਸੀਪਲ ਸ਼ਾਲਿਨੀ ਕੌਂਸਲ ਨੇ ਕਿਹਾ ਕਿ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਕਿਸੇ ਦੇ ਨੁਕਸਾਨ ਦੇ ਕਰਨ ਨਾ ਬਣੀਏ। ਸਕੂਲ ਦੇ ਐੱਮਡੀ ਸ਼ਿਵ ਸਿੰਗਲਾ ਨੇ ਕਿਹਾ ਕਿ ਚੀਨੀ ਧਾਗਾ ਆਮ ਧਾਗੇ ਨਾਲੋਂ ਬਹੁਤ ਤਿੱਖਾ ਹੁੰਦਾ ਹੈ, ਜਿਸ ਕਾਰਨ ਇਸ ਨੂੰ ਖਤਰਨਾਕ ਮੰਨਿਆ ਜਾਂਦਾ ਹੈ। ਇਹ ਡੋਰ ਆਸਾਨੀ ਨਾਲ ਨਹੀਂ ਟੁੱਟਦੀ। ਇਸ ਡੋਰ ਨਾਲ ਦੋਪਹੀਆ ਵਾਹਨ ਚਾਲਕ ਦੀ ਗਰਦਨ ਵਿੱਚ ਫਸਣ ਕਾਰਨ ਮੌਤ ਹੋ ਜਾਂਦੀ ਹੈ। ਕਈ ਪੰਛੀ ਵੀ ਇਸ ਨਾਲ ਜ਼ਖ਼ਮੀ ਹੋ ਚੁੱਕੇ ਹਨ। ਕਈ ਹਾਦਸਿਆਂ ਵਿਚ ਬੱਚਿਆਂ ਨੂੰ ਇਸ ਡੋਰ ਨਾਲ ਕਰੰਟ ਲਗਣ ਦੇ ਵੀ ਨਤੀਜੇ ਦੇਖੇ ਗਏ ਹਨ ਅਤੇ ਬੱਚਿਆਂ ਦੀ ਮੌਤ ਦਾ ਕਰਨ ਵੀ ਬਣੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਚਾਈਨਾ ਡੋਰ ਆਪਣੇ ਬੱਚਿਆਂ ਨੂੰ ਖਰੀਦ ਕੇ ਨਾ ਦੇਣ ਅਤੇ ਜੋ ਇਸ ਡੋਰ ਨੂੰ ਵੇਚ ਰਿਹਾ ਹੈ, ਉਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਜਾਵੇ।