For the best experience, open
https://m.punjabitribuneonline.com
on your mobile browser.
Advertisement

ਜਨਤਕ ਮੁੱਦਿਆਂ ’ਤੇ ਗੱਲ ਕਰਨ ਤੋਂ ਭੱਜ ਰਹੇ ਨੇ ਟੰਡਨ: ਤਿਵਾੜੀ

08:52 AM May 13, 2024 IST
ਜਨਤਕ ਮੁੱਦਿਆਂ ’ਤੇ ਗੱਲ ਕਰਨ ਤੋਂ ਭੱਜ ਰਹੇ ਨੇ ਟੰਡਨ  ਤਿਵਾੜੀ
ਚੰਡੀਗੜ੍ਹ ਦੇ ਸੈਕਟਰ-35 ’ਚ ਕਾਂਗਰਸ ਵਿੱਚ ਨਵੇਂ ਆਗੂਆਂ ਨੂੰ ਸ਼ਾਮਲ ਕਰਦੇ ਹੋਏ ਮਨੀਸ਼ ਤਿਵਾੜੀ।
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 12 ਮਈ
ਚੰਡੀਗੜ੍ਹ ਤੋਂ ‘ਇੰਡੀਆ’ ਗੱਠਜੋੜ ਦੇ ਉਮੀਦਵਾਰ ਮਨੀਸ਼ ਤਿਵਾੜੀ ਨੇ ਆਪਣੇ ਵਿਰੋਧੀ ਤੇ ਭਾਜਪਾ ਉਮੀਦਵਾਰ ਸੰਜੈ ਟੰਡਨ ’ਤੇ ਚੁਟਕੀ ਲੈਂਦਿਆਂ ਕਿਹਾ ਕਿ ਉਹ ਬਹੁਤ ਡਰਪੋਕ ਹਨ ਅਤੇ ਜਨਤਕ ਮੁੱਦਿਆਂ ’ਤੇ ਗੱਲ ਕਰਨ ਤੋਂ ਭੱਜ ਰਹੇ ਹਨ। ਉਨ੍ਹਾਂ ਕਿਹਾ ਕਿ ਟੰਡਨ ਨੂੰ ਜਨਤਕ ਬਹਿਸ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਅਤੇ ਭਾਜਪਾ ਦੀ 10 ਸਾਲਾਂ ਦੀ ਕਾਰਗੁਜ਼ਾਰੀ ਬਾਰੇ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ। ਸ੍ਰੀ ਤਿਵਾੜੀ ਨੇ ਅੱਜ ਮਲੋਆ ਕਲੋਨੀ, ਰਾਮ ਦਰਬਾਰ ਵਿੱਚ ਪੈਦਲ ਯਾਤਰਾ ਕੀਤੀ। ਇਸ ਤੋਂ ਇਲਾਵਾ ਪਿੰਡ ਬਡਹੇੜੀ ਵਿੱਚ ਆਲ ਇੰਡੀਆ ਜਾਟ ਮਹਾਸਭਾ ਚੰਡੀਗੜ੍ਹ ਦੇ ਪ੍ਰਧਾਨ ਰਾਜਿੰਦਰ ਸਿੰਘ ਬਡਹੇੜੀ ਤੇ ਅਜੀਤ ਸਿੰਘ ਗਰੇਵਾਲ ਦੀ ਅਗਵਾਈ ਹੇਠ ਕਰਵਾਈ ਜਨ ਸਭਾ ਨੂੰ ਸੰਬੋਧਨ ਕੀਤਾ। ਸ੍ਰੀ ਤਿਵਾੜੀ ਨੇ ਅੱਜ ਵੱਖ-ਵੱਖ ਥਾਵਾਂ ’ਤੇ ਸੰਬੋਧਨ ਕਰਦਿਆਂ ਕਿਹਾ ਕਿ ‘ਇੰਡੀਆ’ ਗੱਠਜੋੜ ਦੀ ਸਰਕਾਰ ਦੇਸ਼ ਭਰ ਦੇ ਹਰੇਕ ਗਰੀਬ ਪਰਿਵਾਰ ਨੂੰ ਹਰ ਸਾਲ 1 ਲੱਖ ਰੁਪਏ ਦੇਵੇਗੀ। ਇਸ ਨਾਲ ਆਰਥਿਕਤਾ ਨੂੰ ਹੁਲਾਰਾ ਮਿਲੇਗਾ ਕਿਉਂਕਿ ਇਸ ਨਾਲ ਲੋਕਾਂ ਦੀ ਖਰੀਦ ਸ਼ਕਤੀ ਵਿੱਚ ਸੁਧਾਰ ਹੋਵੇਗਾ ਅਤੇ ਵਸਤੂਆਂ ਦੀ ਮੰਗ ਵਧੇਗੀ। ਉਨ੍ਹਾਂ ਕਿਹਾ ਕਿ ਇਹ ਇੱਕ ਸੰਪੂਰਨ ਆਰਥਿਕ ਚੱਕਰ ਹੋਵੇਗਾ, ਜਿਸ ਦਾ ਲਾਭ ਸਾਰਿਆਂ ਨੂੰ ਮਿਲੇਗਾ।
ਇਸੇ ਦੌਰਾਨ ਚੰਡੀਗੜ੍ਹ ਵਿੱਚ ਕਾਂਗਰਸ ਨੇ ਭਾਜਪਾ ਨੂੰ ਵੱਡਾ ਝਟਕਾ ਦਿੱਤਾ ਹੈ। ਅੱਜ ਭਾਜਪਾ ਵੱਲੋਂ ਵਾਰਡ ਨੰਬਰ-16 ਤੋਂ ਚੋਣ ਲੜ ਚੁੱਕੀ ਉਸ਼ਾ ਤੇ ਉਸ ਦੇ ਪਤੀ ਰਾਜਿੰਦਰ ਨੀਟੂ ਆਪਣੇ ਸਾਥੀਆਂ ਸਣੇ ਕਾਂਗਰਸ ਵਿੱਚ ਸ਼ਾਮਲ ਹੋ ਗਏ, ਜਿਨ੍ਹਾਂ ਨੂੰ ਸੈਕਟਰ-35 ਵਿੱਚ ਸਥਿਤ ਕਾਂਗਰਸ ਭਵਨ ਵਿੱਚ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚਐੱਸ ਲੱਕੀ ਤੇ ਮਨੀਸ਼ ਤਿਵਾੜੀ ਨੇ ਸਿਰੋਪਾਓ ਪਾ ਕੇ ਪਾਰਟੀ ਵਿੱਚ ਸ਼ਾਮਲ ਕਰਵਾਇਆ। ਇਸ ਮੌਕੇ ਚੌਧਰੀ ਗੀਤਾ ਰਾਮ, ਵਿਜੈ ਕੇਸ਼ਾਲਾ, ਭੰਵਰ ਸਿੰਘ, ਘੀਸ਼ੂ ਰਾਮ, ਵਿਰਾਮ ਪਾਲ, ਮੇਹਰ ਕਲਿਆਣ, ਪਿੰਕੂ, ਵਿਕਰਮ, ਭਾਗਮਲ, ਰਮੇਸ਼, ਰਿਸ਼ੀਪਾਲ, ਆਜ਼ਾਦ ਬਿਰਲਾ ਆਦਿ ਨੇ ਵੀ ਕਾਂਗਰਸ ਦਾ ਪੱਲਾ ਫੜਿਆ।

Advertisement

ਚੰਡੀਗੜ੍ਹ ’ਚ ‘ਆਪ-ਕਾਂਗਰਸ’ ਵਿਚਾਲੇ ਸੁਆਰਥੀ ਪਿਆਰ: ਟੰਡਨ

ਚੰਡੀਗੜ੍ਹ ਵਿੱਚ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਉਮੀਦਵਾਰ ਸੰਜੈ ਟੰਡਨ ਤੇ ‘ਇੰਡੀਆ’ ਗਠਜੋੜ ਦੇ ਉਮੀਦਵੀਰ ਮਨੀਸ਼ ਤਿਵਾੜੀ ਨੇ ਆਪੋ-ਆਪਣੀ ਚੋਣ ਮੁਹਿੰਮ ਭਖਾ ਦਿੱਤੀ ਹੈ। ਅੱਜ ਸ਼ਹਿਰ ਦੇ ਵੋਟਰਾਂ ਤੱਕ ਪਹੁੰਚ ਕਰਨ ਲਈ ਭਾਜਪਾ ਵੱਲੋਂ ਸਵੇਰੇ ਦੀ ਪੈਦਲ ਯਾਤਰਾ ਸ਼ੁਰੂ ਕੀਤੀ ਗਈ। ਇਸ ਦੌਰਾਨ ਭਾਜਪਾ ਦੇ ਬੂਥ ਪੱਧਰ ਦੇ ਆਗੂਆਂ ਨੇ ਸ਼ਹਿਰ ਦੇ ਹਰੇਕ ਘਰ ਤੱਕ ਪਹੁੰਚ ਕਰ ਕੇ ‘ਭਾਜਪਾ’ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਇਸ ਤੋਂ ਬਾਅਦ ਸੰਜੈ ਟੰਡਨ ਨੇ ਸੈਕਟਰ-33 ਵਿੱਚ ਰਾਜਸਥਾਨ ਪਰਿਸ਼ਦ, ਮੌਲੀ ਜੱਗਰਾਂ, ਮਲੋਆ, ਸੈਕਟਰ-56, ਧਨਾਸ ਅਤੇ ਸੈਕਟਰ-25 ਵਿੱਚ ਜਨ ਸਭਾਵਾਂ ਨੂੰ ਸੰਬੋਧਨ ਕੀਤਾ। ਸ੍ਰੀ ਟੰਡਨ ਨੇ ਅੱਜ ਵੱਖ-ਵੱਖ ਥਾਵਾਂ ’ਤੇ ‘ਆਪ’-ਕਾਂਗਰਸ ਗੱਠਜੋੜ ’ਤੇ ਨਿਸ਼ਾਨਾ ਸੇਧਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਅਤੇ ‘ਆਪ’ ਦੋਵੇਂ ਇੱਕ ਦੂਜੇ ਦੇ ਵਿਰੁਧ ਚੋਣ ਲੜ ਰਹੀਆਂ ਹਨ ਤੇ ਆਪਸ ਵਿੱਚ ਮਿਹਣੋ-ਮਿਹਣੀ ਹੋ ਰਹੀਆਂ ਹਨ ਪਰ ਚੰਡੀਗੜ੍ਹ ਵਿੱਚ ਸੁਆਰਥੀ ਪਿਆਰ ਦਿਖਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੇ ਲੋਕ ‘ਆਪ’ ਤੇ ਕਾਂਗਰਸ ਦੀਆਂ ਚਾਲਾਂ ਨੂੰ ਸਮਝ ਰਹੇ ਹਨ, ਉਹ ਇਨ੍ਹਾਂ ਦੀਆਂ ਗੱਲਾਂ ਵਿੱਚ ਆਉਣ ਵਾਲੇ ਨਹੀਂ ਹਨ। ਇਸ ਦੇ ਨਾਲ ਹੀ ਸ੍ਰੀ ਟੰਡਨ ਨੇ ਮਾਂ ਦਿਵਸ ਮੌਕੇ ਮਹਿਲਾ ਸ਼ਕਤੀਕਰਨ ਬਾਰੇ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਚਾਨਣਾ ਪਾਇਆ। ਭਾਜਪਾ ਉਮੀਦਵਾਰ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਕਿਹਾ ਕਰਦੇ ਸਨ ਕਿ ਇੱਕ ਰੁਪਿਆ ਕੇਂਦਰ ਵਿੱਚੋਂ ਚੱਲਦਾ ਹੈ ਅਤੇ ਉਸ ਵਿਚੋਂ ਸਿਰਫ 15 ਪੈਸੇ ਹੀ ਲਾਭਪਾਤਰੀ ਤੱਕ ਪਹੁੰਚਦੇ ਹਨ। ਦੂਜੇ ਪਾਸੇ ਮੋਦੀ ਸਰਕਾਰ ਨੇ ਵਿਚੋਲਿਆਂ ਨੂੰ ਖ਼ਤਮ ਕਰ ਦਿੱਤਾ ਹੈ ਅਤੇ ਹੁਣ ਸਾਰਾ ਲਾਭ ਲਾਭਪਾਤਰੀਆਂ ਦੇ ਹੱਥਾਂ ਵਿਚ ਚਲਾ ਗਿਆ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਪਿਛਲੀ ਕਤਾਰ ਵਿੱਚ ਬੈਠੇ ਗਰੀਬਾਂ ਅਤੇ ਦੱਬੇ-ਕੁਚਲੇ ਲੋਕਾਂ ਦੀ ਮਦਦ ਕੀਤੀ ਹੈ।

Advertisement
Author Image

sukhwinder singh

View all posts

Advertisement
Advertisement
×